ਮੌਤ ਦੇ ਸਾਏ ਹੇਠਾਂ ਘਰ ਦਾ ਖਰਚ ਚਲਾਉਣ ਲਈ ਮਜ਼ਬੂਰ ਹਨ ਫਲ ਵਿਕਰੇਤਾ, ਕਦੇ ਵੀ ਵਾਪਰ ਸਕਦੈ ਵੱਡਾ ਹਾਦਸਾ

07/09/2017 5:53:25 PM

ਟਾਂਡਾ(ਜਸਵਿੰਦਰ)— ਮਹਿੰਗਾਈ ਦੇ ਦੌਰ 'ਚ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਹਰ ਵਿਅਕਤੀ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਂਦਾ ਹੈ ਅਤੇ ਕਈ ਲੋਕ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਵੀ ਰੋਟੀ ਕਮਾਉਂਦੇ ਹਨ। ਸਥਾਨਕ ਸਿਵਲ ਹਸਪਤਾਲ ਦੇ ਬਿਲਕੁਲ ਕੋਨੇ 'ਤੇ ਫਲ-ਫਰੂਟ ਦੀ ਰੇਹੜੀ ਲਗਾ ਕੇ ਬੈਠਾ ਇਕ ਫਲ ਵਿਕਰੇਤਾ ਜੋ ਫਲ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਤਾਂ ਭਾਵੇਂ ਜ਼ਰੂਰ ਚਲਾ ਰਿਹਾ ਹੈ ਪਰ ਉਸ ਦੇ ਸਿਰ 'ਤੇ ਹਰ ਸਮੇਂ ਖਤਰਾ ਮੰਡਰਾਉਂਦਾ ਰਹਿੰਦਾ ਹੈ। 
ਪਾਵਰ ਕਾਮ ਵਿਭਾਗ ਦੇ ਲੱਗੇ ਟਰਾਂਸਫਾਰਮਰ ਦੇ ਬਿਲਕੁਲ ਹੇਠਾਂ ਛਾਂ ਲਈ ਲਗਾਈ ਹੋਈ ਇਕ ਪੱਲੀ ਹੇਠਾਂ ਫਲਾਂ ਦੀ ਰੇਹੜੀ ਲਗਾ ਕੇ ਬੈਠੇ ਇਸ ਵਿਅਕਤੀ 'ਤੇ ਕਿਸੇ ਸਮੇਂ ਵੀ ਕਹਿਰ ਵਾਪਰ ਸਕਦਾ ਹੈ, ਇਸ ਤੋਂ ਇਹ ਵਿਕਰੇਤਾ ਤਾਂ ਭਾਵੇਂ ਅਣਜਾਣ ਹੋਵੇਗਾ ਪਰ ਵਿਭਾਗ ਦੇ ਲਗਾਏ ਇਸ ਟਰਾਂਸਫਾਰਮਰ ਦੇ ਹੇਠਲੇ ਫਿਊਜ਼ ਬਿਲਕੁਲ ਨਜ਼ਦੀਕ ਹੋਣ ਕਰਕੇ ਅਤੇ ਟਰਾਂਸਫਾਰਮਰ ਵਿਚੋਂ ਨਿੱਕਲੇ ਚੰਗਿਆੜਿਆਂ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਵਿਭਾਗ ਵੱਲੋਂ ਇਸ ਟਰਾਂਸਫਾਰਮਰ ਵਾਲੀ ਥਾਂ 'ਤੇ ਕੋਈ ਚੇਤਾਵਨੀ ਬੋਰਡ ਨਾ ਲਗਾਉਣਾ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕੋਈ ਵੀ ਵਿਅਕਤੀ ਇਥੇ ਆ ਕੇ ਖਤਰਾ ਮੁੱਲ ਲੈ ਸਕਦਾ ਹੈ। ਕੀ ਸੰਬੰਧਤ ਵਿਭਾਗ ਇਸ 'ਤੇ ਗੌਰ ਫਰਮਾਏਗਾ?