ਠੰਡ ਹੋਈ ਪ੍ਰਚੰਡ : ਜੰਮਣ ਲੱਗੀ ਡੱਲ ਝੀਲ

12/25/2018 5:43:16 PM

ਸ਼੍ਰੀਨਗਰ 'ਚ ਟੁੱਟਿਆ 11 ਸਾਲ ਦਾ ਰਿਕਾਰਡ, ਪੰਜਾਬ ਤੇ ਹਰਿਆਣਾ 'ਚ ਸੀਤ ਲਹਿਰ ਜਾਰੀ 
ਚੰਡੀਗੜ੍ਹ (ਏਜੰਸੀਆਂ/ਮਜੀਦ) : ਉੱਤਰ ਭਾਰਤ ਦੇ ਵੱਡੇ ਹਿੱਸਿਆਂ 'ਚ ਠੰਡ ਪ੍ਰਚੰਡ ਹੋ ਗਈ ਹੈ ਤੇ ਸੋਮਵਾਰ ਨੂੰ ਵੀ ਰਾਹਤ ਨਹੀਂ ਮਿਲੀ ਹੈ। ਸ਼੍ਰੀਨਗਰ 'ਚ ਐਤਵਾਰ ਦੀ ਰਾਤ ਘੱਟ ਤੋਂ ਘੱਟ ਤਾਪਮਾਨ ਸਿਫਰ ਤੋਂ 6.8 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਜੋਕਿ 11 ਸਾਲ 'ਚ ਸਭ ਤੋਂ ਘੱਟ ਸੀ। ਸੈਲਾਨੀਆਂ 'ਚ ਮਸ਼ਹੂਰ ਡੱਲ ਝੀਲ ਜੰਮਣ ਲੱਗੀ ਹੈ ਅਤੇ ਰਿਹਾਇਸ਼ੀ ਇਲਾਕਿਆਂ 'ਚ ਪਾਣੀ ਦੀ ਸਪਲਾਈ ਦੀਆਂ ਪਾਈਪਾਂ 'ਚ ਪਾਣੀ ਜੰਮ ਗਿਆ ਹੈ। ਉੱਥੇ ਹੀ ਪੰਜਾਬ ਤੇ ਹਰਿਆਣਾ 'ਚ ਸੀਤ ਲਹਿਰ ਦਾ ਕਹਿਰ ਸੋਮਵਾਰ ਨੂੰ ਵੀ ਜਾਰੀ ਰਿਹਾ ਅਤੇ ਅੰਮ੍ਰਿਤਸਰ 'ਚ ਘੱਟ ਤੋਂ ਘੱਟ ਤਾਪਮਾਨ 1.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਤੇ ਹਲਵਾਰਾ ਦਾ ਘੱਟੋ-ਘੱਟ ਤਾਪਮਾਨ ਇਕ ਬਰਾਬਰ ਹੀ ਰਿਹਾ ਅਤੇ ਦੋਵਾਂ ਸ਼ਹਿਰਾਂ 'ਚ ਘੱਟੋ-ਘੱਟ ਤਾਪਮਾਨ ਆਮ ਤੋਂ ਹੇਠਾਂ ਦਰਜ ਕੀਤਾ ਗਿਆ।

ਲੁਧਿਆਣਾ, ਪਟਿਆਲਾ, ਆਦਮਪੁਰ, ਅੰਮ੍ਰਿਤਸਰ, ਹਲਵਾਰਾ, ਸਿਰਸਾ, ਭਿਵਾਨੀ, ਰੋਹਤਕ, ਝੱਜਰ ਅਤੇ ਅੰਬਾਲਾ ਸਮੇਤ ਦੋਵਾਂ ਸੂਬਿਆਂ 'ਚ ਸੰਘਣੀ ਧੁੰਦ ਕਾਰਨ ਕਈ ਥਾਵਾਂ 'ਤੇ ਵਿਜ਼ੀਬਿਲਟੀ ਘੱਟ ਰਹੀ। ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਦਾ ਘੱਟ ਤੋਂ ਘੱਟ ਤਾਪਮਾਨ 5.4 ਡਿਗਰੀ ਸੈਲਸੀਅਸ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਅਤੇ ਪੰਜਾਬ 'ਚ ਅਗਲੇ ਕੁਝ ਦਿਨਾਂ 'ਚ ਸੀਤ ਲਹਿਰ ਦਾ ਅਸਰ ਜਾਰੀ ਰਹੇਗਾ। ਹਿਮਾਚਲ ਪ੍ਰਦੇਸ਼ ਦੇ ਜਨਜਾਤੀ ਇਲਾਕਿਆਂ 'ਚ ਪਾਰਾ ਸਿਫਰ ਤੋਂ 12 ਡਿਗਰੀ ਤੱਕ ਹੇਠਾਂ ਚਲੇ ਜਾਣ ਕਾਰਨ ਉਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਉਚਾਈ ਵਾਲੇ ਇਲਾਕਿਆਂ 'ਚ ਨਦੀਆਂ ਦੀ ਉਪਰੀ ਪਰਤ ਜੰਮਣ ਲੱਗੀ ਹੈ।  

Anuradha

This news is Content Editor Anuradha