ਫੇਸਬੁੱਕ ''ਤੇ ਦੋਸਤੀ ਕਰਕੇ ਲੱਖਾਂ ਰੁਪਏ ਦੀ ਕੀਤੀ ਧੋਖਾਦੇਹੀ

02/25/2018 3:57:01 AM

ਚੰਡੀਗੜ੍ਹ, (ਸੰਦੀਪ)- ਮੁੰਬਈ ਸਥਿਤ ਹਰਬਲ ਸੀਡ ਕੰਪਨੀ ਦਾ ਖੁਦ ਨੂੰ ਸੰਚਾਲਕ ਦੱਸ ਕੇ ਮਨੀਮਾਜਰਾ ਵਾਸੀ ਰਾਮ ਅਵਤਾਰ ਦੇ ਨਾਲ 18 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਮਾਮਲੇ 'ਚ ਪੁਲਸ ਨੇ ਚਾਰਲੋਟ ਮਾਰਿਸ਼, ਸੰਜੇ ਮਾਮਤਾ ਤੇ ਹੋਰਨਾਂ ਲੋਕਾਂ ਖਿਲਾਫ ਧੋਖਾਦੇਹੀ ਤੇ ਹੋਰਨਾਂ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰਾਮ ਅਵਤਾਰ ਨੇ ਦੱਸਿਆ ਕਿ ਉਸਦੀ ਕੁਝ ਮਹੀਨੇ ਪਹਿਲਾਂ ਫੇਸਬੁੱਕ 'ਤੇ ਚਾਰਲੋਟ ਮਾਰਿਸ਼ ਨਾਂ ਦੀ ਇਕ ਲੜਕੀ ਨਾਲ ਦੋਸਤੀ ਹੋ ਗਈ। ਉਸਨੇ ਖੁਦ ਨੂੰ ਮੁੰਬਈ ਸਥਿਤ ਇਕ ਨਿੱਜੀ ਹਰਬਲ ਸੀਡ ਕੰਪਨੀ ਦੀ ਸੰਚਾਲਕ ਦੱਸਦਿਆਂ ਕਿਹਾ ਕਿ ਉਹ ਹਰਬਲ ਸੀਡ ਦਵਾਈ ਦਾ ਕੰਮ ਕਰਦੀ ਹੈ, ਜਿਸ ਨੂੰ ਮਾਰਕੀਟ 'ਚ ਵੇਚ ਕੇ ਚੰਗਾ ਪੈਸਾ ਕਮਾਇਆ ਜਾ ਸਕਦਾ ਹੈ। ਉਹ ਹਰਬਲ ਬੀਜ ਮੁੰਬਈ ਤੋਂ ਮੰਗਵਾ ਕੇ ਇਸਦਾ ਬਿਜ਼ਨੈੱਸ ਕਰਕੇ ਵਾਧੂ ਪੈਸਾ ਕਮਾਉਂਦੀ ਹੈ। 
ਪੀੜਤ ਨੇ ਦੱਸਿਆ ਕਿ ਹਰਬਲ ਬੀਜ ਖਰੀਦਣ ਲਈ ਮੁੰਬਈ ਦੀ ਨਿੱਜੀ ਕੰਪਨੀ ਦੇ ਬੈਂਕ ਖਾਤੇ 'ਚ ਉਸ ਨੇ 18 ਲੱਖ ਰੁਪਏ ਪਵਾ ਦਿੱਤੇ। ਐਕਾਊਂਟ 'ਚ ਪੈਸੇ ਪਵਾਉਣ ਦੇ ਬਾਵਜੂਦ ਵੀ ਜਦੋਂ ਉਸ ਨੂੰ ਕੰਪਨੀ ਵਲੋਂ ਹਰਬਲ ਬੀਜ ਨਹੀਂ ਭੇਜੇ ਗਏ ਤਾਂ ਚਾਰਲੋਟ ਨਾਲ ਸੰਪਰਕ ਕੀਤਾ ਗਿਆ ਪਰ ਉਸਨੇ ਕਈ ਵਾਰ ਗੱਲ ਕਰਨ ਦੇ ਬਾਅਦ ਵੀ ਉਸਨੂੰ ਹਰਬਲ ਬੀਜ ਨਹੀਂ ਭੇਜੇ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸਨੇ ਆਪਣੇ ਨਾਲ ਹੋਈ ਧੋਖਾਦੇਹੀ ਬਾਰੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਸਾਈਬਰ ਸੈੱਲ ਤੋਂ ਜਾਂਚ ਕਰਵਾਉਣ ਤੋਂ ਬਾਅਦ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News