...ਤੇ ਹੁਣ ਚੰਡੀਗੜ੍ਹ ਦੇ ਤਿੰਨ ਬੈਂਕਾਂ ''ਚ ਕਰੋੜਾਂ ਦਾ ਫਰਜ਼ੀਵਾੜਾ
Friday, Mar 09, 2018 - 01:17 PM (IST)

ਚੰਡੀਗੜ੍ਹ : ਪੰਜਾਬ ਨੈਸ਼ਨਲ ਬੈਂਕ 'ਚ ਕਰੋੜਾਂ ਦੇ ਘੋਟਾਲੇ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਤਿੰਨ ਬੈਂਕਾਂ 'ਚ ਵੀ 35.95 ਕਰੋੜ ਰੁਪਏ ਦਾ ਫਰਜ਼ੀਵਾੜਾ ਸਾਹਮਣੇ ਆਇਆ ਹੈ। ਇਸ ਸਬੰਧੀ ਮੋਹਾਲੀ ਵਾਸੀ ਦਵਿੰਦਰ ਕੁਮਾਰ ਨੇ ਜ਼ਿਲਾ ਅਦਾਲਤ 'ਚ ਅਪਰਾਧਿਕ ਸ਼ਿਕਾਇਤ ਦਾਇਰ ਕਰਕੇ ਦੋਸ਼ੀਆਂ ਅਨਮੋਲ ਜਿਊਲਰਜ਼ ਦੇ ਪਾਰਟਨਰ ਵਿਕਾਸ ਵਾਲੀਆ, ਪਤਨੀ ਵਰਣਿਕਾ, ਪਿਤਾ ਰਾਮਸ਼ਰਮ ਵਾਲੀਆ ਵਾਸੀ ਖਰੜ ਤੋਂ ਇਲਾਵਾ ਬਾਕੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ਹੈ। ਦਵਿੰਦਰ ਨੇ ਅਦਾਲਤ 'ਚ ਕਿਹਾ ਕਿ ਉਹ ਇਕ ਫਾਰਮਾਸਿਊਟਿਕਲ ਕੰਪਨੀ 'ਚ ਕੰਮ ਕਰਦੇ ਹਨ ਅਤੇ ਬੈਂਕ ਜਾਣਕਾਰਾਂ ਨਾਲ ਉਨ੍ਹਾਂ ਦੀ ਕਾਫੀ ਗੱਲਬਾਤ ਹੈ। ਇਨ੍ਹਾਂ ਵਧੀਆ ਸਬੰਧਾਂ ਕਾਰਨ ਹੀ ਦੋਸ਼ੀਆਂ ਨੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ। ਦੋਸ਼ੀਆਂ ਨੇ ਉਨ੍ਹਾਂ ਨੂੰ ਧੋਖੇ ਨਾਲ ਗਾਰੰਟਰ ਬਣਾ ਕੇ ਉਨ੍ਹਾਂ ਤੋਂ ਐੱਨ. ਪੀ. ਏ. (ਨਾਨ ਪਰਫਾਰਮਿੰਗ ਅਸੈੱਟ) ਐਲਾਨ ਹੋ ਚੁੱਕੇ ਲੋਨ ਦੀ ਰਿਕਵਰੀ ਕਰਾਉਣ ਦੀ ਧੋਖਾਧੜੀ ਕੀਤੀ। ਇਸ 'ਚ ਬੈਂਕ ਅਧਿਕਾਰੀ ਵੀ ਸ਼ਾਮਲ ਹਨ। ਦਵਿੰਦਰ ਵਲੋਂ ਦਾਇਰ ਪਟੀਸ਼ਨ 'ਚ ਕਿਹਾ ਗਿਆ ਕਿ ਕੇਨਰਾ ਬੈਂਕ ਦੀ ਸੈਕਟਰ-17 ਸਥਿਤ ਪ੍ਰਾਈਮ ਕਾਰਪੋਰੇਟ ਬ੍ਰਾਂਚ ਨੇ ਗੈਰ ਕਾਨੂੰਨੀ ਤਰੀਕੇ ਨਾਲ ਏ. ਐੱਲ. ਅਨਮੋਲ ਜਿਊਲਰਜ਼ ਦੇ ਇਕ ਬੈਂਕ ਖਾਤਾ ਨੰਬਰ ਦੀ ਓ. ਸੀ. ਸੀ. (ਓਪਨ ਕੈਸ਼ ਕ੍ਰੈਡਿਟ ਲਿਮਟ) 15 ਕਰੋੜ ਰੁਪਏ ਵਧਾ ਦਿੱਤੀ ਕਿਉਂਕਿ ਅਨਮੋਲ ਜਿਊਲਰਜ਼ ਦੇ ਪਾਰਟਨਰ (ਵਾਲੀਆ ਪਰਿਵਾਰ) ਕੇਨਰਾ ਬੈਂਕ ਦੇ ਜੀ. ਐੱਮ. ਮੁੱਖ ਦਫਤਰ ਬਸੰਤ ਕੁਮਾਰ ਬਜਾਜ ਦੇ ਰਿਸ਼ਤੇਦਾਰ ਹਨ। ਬੈਂਕ ਬ੍ਰਾਂਚ ਦੇ ਉਸ ਸਮੇਂ ਦੇ ਏ. ਜੀ. ਐੱਮ. ਨੀਰਜ ਮਿੱਤਲ ਦੇ ਨਾਲ ਮਿਲ ਕੇ ਉਨ੍ਹਾਂ ਨੂੰ ਖਾਤੇ ਬਾਰੇ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਧੋਖਾ ਦਿੱਤਾ। ਇਸ ਖਾਤੇ ਦੀ ਅਸਲੀ ਜਾਣਕਾਰੀ ਛੁਪਾ ਕੇ ਉਨ੍ਹਾਂ ਨੂੰ ਗਾਰੰਟਰ ਬਣਾ ਦਿੱਤਾ। ਦੂਜੇ ਪਾਸੇ ਬੈਂਕ ਨੇ ਐੱਨ. ਪੀ. ਏ. (ਨਾਨ ਪਰਫਾਰਮਿੰਗ ਅਸੈੱਟਸ) ਵਾਲੇ ਖਾਤੇ ਦਾ ਉਨ੍ਹਾਂ ਨੂੰ ਗਾਰੰਟਰ ਬਣਾਇਆ ਅਤੇ ਅਧਿਕਾਰੀਆਂ ਨੇ ਖੁਦ ਨੂੰ ਬਚਾਉਣ ਲਈ ਉਨ੍ਹਾਂ ਦੇ ਘਰ ਦੇ ਪੇਪਰ ਗਹਿਣੇ ਰੱਖ ਲਏ। ਫਿਲਹਾਲ ਅਦਾਲਤ ਨੇ ਦਵਿੰਦਰ ਦੇ ਬਿਆਨ ਦਰਜ ਕਰ ਲਏ ਹਨ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 2 ਅਪ੍ਰੈਲ ਨੂੰ ਹੋਣੀ ਹੈ।