ਫਾਇਨਾਂਸਰ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ

07/05/2018 4:29:29 AM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਵੱਧ ਵਿਆਜ ਦੇਣ  ਦਾ ਝਾਂਸਾ ਦੇ ਕੇ ਫਾਇਨਾਂਸ ਕੰਪਨੀ ’ਚ ਪੈਸਾ ਜਮ੍ਹਾ ਕਰਵਾ ਕੇ ਮੂਲ ਰਾਸ਼ੀ ਹਡ਼ੱਪਣ  ਦੇ ਦੋਸ਼ੀ ਫਾਇਨਾਂਸਰ  ਦੇ ਖਿਲਾਫ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। 
ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ’ਚ ਕੁਲਵਿੰਦਰ ਕੌਰ ਪਤਨੀ ਇੰਦਰਜੀਤ ਸਿੰਘ ਵਾਸੀ ਲੰਗਡ਼ੋਆ ਨੇ ਦੱਸਿਆ ਕਿ ਉਸ ਦਾ ਪਤੀ  7-8 ਸਾਲਾਂ ਤੋਂ ਦੁਬਈ ’ਚ ਹੈ।  ਉਸ ਨੇ ਦੱਸਿਆ ਕਿ ਰਿਸ਼ਤੇਦਾਰੀ ਕਾਰਨ ਉਨ੍ਹਾਂ ਦਾ ਪਿੰਡ ਸੂਰਾਪੁਰ ’ਚ ਆਉਣਾ/ਜਾਣਾ ਸੀ ਅਤੇ ਰਿਸ਼ਤੇਦਾਰੀ ਰਾਹੀਂ ਸੰਪਰਕ ’ਚ ਆਈ ਅੌਰਤ ਨੇ  ਦੱਸਿਆ ਕਿ ਉਸ ਦਾ ਪਤੀ ਫਾਇਨਾਂਸ ਦਾ ਕੰਮ ਕਰਦਾ ਹੈ ਅਤੇ ਉਹ ਬੈਂਕ ਤੋਂ ਵੱਧ ਵਿਆਜ ’ਤੇ ਰਾਸ਼ੀ ਜਮ੍ਹਾ ਕਰਦੇ ਹਨ।  ਸ਼ਿਕਾਇਤਕਰਤਾ ਨੇ ਦੱਸਿਆ ਕਿ ਵਾਰ-ਵਾਰ ਕਹਿਣ  ਦੇ ਉਪਰੰਤ ਉਹ ਉਨ੍ਹਾਂ ਦੇ  ਝਾਂਸੇ ’ਚ ਆ ਗਈ ਅਤੇ ਆਪਣੀ ਟਾਟਾ 407 ਗੱਡੀ ਨੂੰ ਵੇਚ ਕੇ ਉਕਤ ਅੌਰਤ ਦੀ ਫਾਇਨਾਂਸ ਕੰਪਨੀ ਜੇ.ਕੇ.ਬੀ. ਹਾਇਰ ਪਰਚੇਜ਼ ਕਾਰਪੋਰੇਸ਼ਨ ’ਚ 3.30 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ।  ਉਸ ਨੇ ਦੱਸਿਆ ਕਿ ਸਾਲ 2008 ’ਚ ਜਮ੍ਹਾ ਰਾਸ਼ੀ ’ਤੇ ਉਕਤ ਫਾਇਨਾਂਸ ਕੰਪਨੀ ਉਸ ਨੂੰ 3 ਸਾਲ ਤੱਕ ਵਿਆਜ ਦਿੰਦੀ ਰਹੀ ਪਰ ਜਦੋਂ ਵੀ ਉਸ ਨੂੰ ਆਪਣੀ ਐੱਫ. ਡੀ. ਦਾ ਸਮਾਂ ਪੂਰਾ ਹੋਣ ਨਾਲ ਮੂਲ ਰਾਸ਼ੀ ਵਾਪਸ ਕਰਨ ਲਈ ਕਹਿੰਦੀ ਤਾਂ ਉਹ ਉਸ ਨੂੰ ਝਾਂਸੇ ’ਚ ਲੈ ਲੈਂਦੇ।  ਉਸ ਨੇ ਦੱਸਿਆ ਕਿ ਸਾਲ 2011  ਦੇ ਬਾਅਦ ਉਕਤ ਕੰਪਨੀ ਨੇ ਉਸ ਨੂੰ ਵਿਆਜ ਦੇਣਾ ਵੀ ਬੰਦ ਕਰ ਦਿੱਤਾ। 
 ਇਸ ਸਬੰਧੀ ਉਨ੍ਹਾਂ ਦਾ ਸਮਝੌਤਾ ਹੋਇਆ ਪਰ ਵਾਅਦਾ ਕਰਨ ਦੇ ਬਾਵਜੂਦ ਵੀ ਉਸ ਦੀ ਮੂਲ ਰਾਸ਼ੀ ਵਾਪਸ ਨਾ ਕੀਤੀ।  ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਮੂਲ ਰਾਸ਼ੀ ਵਾਪਸ ਕਰਵਾਉਣ ਅਤੇ ਦੋਸ਼ੀ ਫਾਇਨਾਂਸਰ  ਦੇ ਖਿਲਾਫ ਕਾਨੂੰਨ  ਦੇ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।   ਉਕਤ ਸ਼ਿਕਾਇਤ ਦੀ ਜਾਂਚ  ਦੇ ਉਪਰੰਤ ਦਿੱਤੀ ਗਈ ਰਿਪੋਰਟ  ਦੇ ਅਾਧਾਰ ’ਤੇ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਫਾਇਨਾਂਸਰ ਜਸਵੀਰ ਸਿੰਘ  ਪੁੱਤਰ ਅਮਰਜੀਤ ਸਿੰਘ ਵਾਸੀ ਸੂਰਾਪੁਰ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।