ਕੈਨੇਡਾ ਭੇਜਣ ਦੇ ਨਾਂ ’ਤੇ ਮਾਰੀ ਲੱਖਾਂ ਦੀ ਠੱਗੀ, ਕੇਸ ਦਰਜ

06/28/2018 8:09:52 AM

 ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) - ਕੈਨੇਡਾ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਮਾਰਨ ’ਤੇ ਦੋ ਵਿਅਕਤੀਆਂ ਵਿਰੁੱਧ ਥਾਣਾ ਲਹਿਰਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੱਤਪ੍ਰਕਾਸ਼ ਨੇ ਦੱਸਿਆ ਕਿ ਮੁਦਈ ਸਤਗੁਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸੇਖੂਵਾਸ ਥਾਣਾ ਲਹਿਰਾ ਨੇ ਇਕ ਦਰਖਾਸਤ ਪੁਲਸ ਨੂੰ ਦਿੱਤੀ ਕਿ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਲਛਮਣ ਸਿੰਘ ਵਾਸੀ ਸੰਦਲੀ ਅਤੇ ਵਿਪਨ ਰਾਵਤ ਪੁੱਤਰ ਬਲਵੀਰ ਸਿੰਘ ਵਾਸੀ ਕਦੋਈ, ਨਾਗਤਾਤ, ਦੇਹਰਾਦੂਨ, ਉਤਰਾਖੰਡ ਨੇ ਮੁਦਈ ਨੂੰ ਕੈਨੇਡਾ ਦਾ ਵੀਜ਼ਾ ਲਗਵਾ ਕੇ ਦੇਣ ਦਾ ਝਾਂਸਾ ਦੇ ਕੇ ਧੋਖਾਦੇਹੀ ਦੀ ਨੀਅਤ ਨਾਲ ਉਸ ਨੂੰ ਜਾਅਲੀ ਵੀਜ਼ਾ ਦਿਖਾ ਕੇ 3 ਲੱਖ ਰੁਪਏ 13/12/17 ਨੂੰ ਦੋ ਵੱਖ-ਵੱਖ ਐਂਟਰੀਆਂ ਰਾਹੀਂ  ਵਿਪਨ ਰਾਵਤ ਦੇ ਖਾਤੇ ’ਚ ਜਮ੍ਹਾ ਕਰਵਾ ਲਏ। ਜਦੋਂ ਮੁਦਈ ਨੂੰ ਜਾਅਲੀ ਵੀਜ਼ੇ ਸਬੰਧੀ ਪਤਾ ਲੱਗਾ ਤਾਂ ਦੋਸ਼ੀ ਵਿਪਨ ਰਾਵਤ ਨੇ ਮੁਦਈ ਨੂੰ ਰੁਪਏ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਮੁਦਈ ਦੀ ਦਰਖਾਸਤ ਦੀ ਜਾਂਚ ਕਰਨ ਉਪਰੰਤ ਉਕਤਾਨ ਦੋਸ਼ੀਆਂ ਵਿਰੁੱਧ ਧੋਖਾਦੇਹੀ ਅਤੇ ਕਈ ਹੋਰ ਧਾਰਾਵਾਂ ਹੇਠ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।