ਔਰਤ ਦੇ ਜਾਅਲੀ ਦਸਤਖਤਾਂ ਹੇਠ ਖਾਤਾ ਖੁੱਲ੍ਹਵਾ ਕੇ ਖਰੀਦਿਆ ਮੋਟਰਸਾਈਕਲ

05/03/2018 7:30:13 AM

ਮੋਹਾਲੀ  (ਕੁਲਦੀਪ) - ਫੇਜ਼-11 ਸਥਿਤ ਆਈ. ਡੀ. ਬੀ. ਆਈ. ਬੈਂਕ ਵਿਚ ਬੈਂਕ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਕੁਝ ਨੌਜਵਾਨਾਂ ਨੇ ਚੰਡੀਗੜ੍ਹ ਦੀ ਵਸਨੀਕ ਦਰਸ਼ਨ ਕੌਰ ਅਨਮੋਲ ਦੇ ਫਰਜ਼ੀ ਦਸਤਖ਼ਤ ਕਰਕੇ ਉਸ ਦੇ ਨਾਂ 'ਤੇ ਜਾਅਲੀ ਬੈਂਕ ਖਾਤਾ ਖੁਲ੍ਹਵਾ ਲਿਆ ਤੇ ਬਾਅਦ ਵਿਚ ਉਸ ਖਾਤੇ ਦੇ ਚੈੱਕ ਵਰਤ ਕੇ ਉਸ ਦੇ ਨਾਂ 'ਤੇ ਮੋਟਰਸਾਈਕਲ ਵੀ ਫਾਈਨਾਂਸ ਕਰਵਾ ਲਿਆ । ਇਸ ਪੂਰੇ ਘਟਨਾਕ੍ਰਮ ਦਾ ਉਕਤ ਔਰਤ ਨੂੰ ਪਤਾ ਉਦੋਂ ਲੱਗਾ, ਜਦੋਂ ਉਸਦੇ ਬੈਂਕ ਖਾਤੇ ਤੋਂ ਚੈੱਕ ਬਾਊਂਸਿੰਗ ਹੋਣ ਦਾ ਮੈਸੇਜ ਉਸਦੇ ਮੋਬਾਇਲ ਫੋਨ 'ਤੇ ਆਉਣ ਲੱਗਾ । ਔਰਤ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ।
ਪੁਲਸ ਨੇ ਕੇਸ ਦਰਜ ਕਰਕੇ ਦੋ ਮੁਲਜ਼ਮ ਕੀਤੇ ਗ੍ਰਿਫਤਾਰ
ਐੱਸ. ਐੱਚ. ਓ. ਪੁਲਸ ਸਟੇਸ਼ਨ ਫੇਜ਼-11 ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਔਰਤ ਦੀ ਸ਼ਿਕਾਇਤ 'ਤੇ ਹਰਜੀਤ ਸਿੰਘ ਨਿਵਾਸੀ ਪਟਿਆਲਾ, ਦਿਨੇਸ਼ ਕੁਮਾਰ, ਸਚਿਨ, ਸ਼ਹਿਜ਼ਾਦ ਤੇ ਸੰਦੀਪ (ਚਾਰੋਂ ਨਿਵਾਸੀ ਮੋਹਾਲੀ) ਖਿਲਾਫ ਪੁਲਸ ਸਟੇਸ਼ਨ ਫੇਜ਼-11 ਵਿਚ ਕੇਸ ਦਰਜ ਕਰਕੇ ਦੋ ਮੁਲਜ਼ਮਾਂ ਮੋਟਰਸਾਈਕਲ ਏਜੰਸੀ ਦੇ ਕਰਮਚਾਰੀ ਸ਼ਹਿਜ਼ਾਦ ਤੇ ਫਾਈਨਾਂਸ ਕੰਪਨੀ ਦੇ ਕਰਮਚਾਰੀ ਸੰਦੀਪ ਨੂੰ ਗ੍ਰਿਫਤਾਰ ਕਰ ਲਿਆ ਹੈ । ਦੋਵਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ । ਇਸ ਮੌਕੇ ਦੋਵੇਂ ਮੁਲਜ਼ਮ ਪੁਲਸ ਰਿਮਾਂਡ 'ਤੇ ਹਨ। ਬਾਕੀ ਮੁਲਜ਼ਮਾਂ ਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ।
ਬੈਂਕ ਲੋਨ ਦਿਵਾਉਣ ਲਈ ਲਏ ਸਨ ਔਰਤ ਤੋਂ ਕਾਗਜ਼
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦਰਸ਼ਨ ਅਨਮੋਲ ਕੌਰ ਨਿਵਾਸੀ ਸੈਕਟਰ-8ਏ, ਚੰਡੀਗੜ੍ਹ ਨੇ ਦੱਸਿਆ ਕਿ ਹਰਜੀਤ ਸਿੰਘ ਨਾਂ ਦੇ ਨੌਜਵਾਨ ਨੇ ਉਸਨੂੰ ਬੈਂਕ ਲੋਨ ਦਿਵਾਉਣ ਲਈ ਸੰਪਰਕ ਕੀਤਾ ਤੇ ਉਸ ਤੋਂ ਸਾਰੇ ਸਬੰਧਤ ਕਾਗਜ਼ ਲੈ ਲਏ।
ਦੋ ਦਿਨਾਂ ਬਾਅਦ ਉਸਨੇ ਦਿਨੇਸ਼ ਕੁਮਾਰ ਨਾਲ ਉਸਨੂੰ ਮਿਲਾਇਆ ਤੇ ਕਿਹਾ ਕਿ ਦਿਨੇਸ਼ ਉਨ੍ਹਾਂ ਨੂੰ ਲੋਨ ਦਿਵਾਉਣ ਵਿਚ ਮਦਦ ਕਰੇਗਾ । ਦੋਵਾਂ ਨੇ ਲੋਨ ਦਿਵਾਉਣ ਲਈ ਐਡਵਾਂਸ ਵਿਚ ਇਕ ਲੱਖ ਰੁਪਏ ਕਮਿਸ਼ਨ ਦੀ ਮੰਗ ਕੀਤੀ, ਜੋ ਕਿ ਔਰਤ ਨੇ ਉਨ੍ਹਾਂ ਨੂੰ ਪਹਿਲੀ ਕਿਸ਼ਤ 35 ਹਜ਼ਾਰ ਰੁਪਏ ਦੇ ਦਿੱਤੀ ਤੇ ਮੁਲਜ਼ਮਾਂ ਨੇ ਔਰਤ ਨੂੰ 40 ਦਿਨਾਂ ਵਿਚ ਲੋਨ ਪ੍ਰਕਿਰਿਆ ਪੂਰੀ ਹੋਣ ਦੀ ਗੱਲ ਕਹੀ ਤੇ ਕਮਿਸ਼ਨ ਦੀ ਦੂਜੀ ਕਿਸ਼ਤ ਵੀ ਲੈ ਗਏ ।
ਆਈ. ਡੀ. ਬੀ. ਆਈ. ਬੈਂਕ ਮੋਹਾਲੀ 'ਚ ਖੁਲ੍ਹਵਾਇਆ ਜਾਅਲੀ ਖਾਤਾ
ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਤੋਂ ਇਕ ਮਹੀਨੇ ਬਾਅਦ ਉਸ ਦੇ ਮੋਬਾਇਲ 'ਤੇ ਸ਼੍ਰੀ ਰਾਮ ਬੈਂਕ ਤੋਂ ਮੈਸੇਜ ਆਇਆ ਜਿਸ ਵਿਚ ਉਨ੍ਹਾਂ ਦਾ 9 ਲੱਖ 50 ਹਜ਼ਾਰ ਰੁਪਏ ਦਾ ਲੋਨ ਮਨਜ਼ੂਰ ਹੋਣਾ ਦੱਸਿਆ ਗਿਆ ਪਰ ਬਾਅਦ ਵਿਚ ਜਦੋਂ ਉਹ ਹਰਜੀਤ ਸਿੰਘ ਨੂੰ ਇਹ ਲੋਨ ਦੀ ਰਾਸ਼ੀ ਉਨ੍ਹਾਂ ਨੂੰ ਨਾ ਮਿਲਣ ਬਾਰੇ ਪੁੱਛਣ ਲੱਗੀ ਤਾਂ ਹਰਜੀਤ ਨੇ ਉਸ ਦੇ ਮੋਬਾਇਲ ਦਾ ਜਵਾਬ ਦੇਣਾ ਹੀ ਬੰਦ ਕਰ ਦਿੱਤਾ ।  ਕੁਝ ਦਿਨਾਂ ਬਾਅਦ ਔਰਤ ਦੇ ਕਾਗਜ਼ਾਤ ਬੈਂਕ ਵਿਚ ਲਾ ਕੇ ਉਨ੍ਹਾਂ ਦੇ ਨਾਂ 'ਤੇ ਮੋਹਾਲੀ ਦੇ ਫੇਜ਼-11 ਸਥਿਤ ਆਈ. ਡੀ. ਬੀ. ਆਈ. ਬੈਂਕ ਵਿਚ ਮਿਲੀਭੁਗਤ ਕਰਕੇ ਇਕ ਬੈਂਕ ਖਾਤਾ ਖੁਲ੍ਹਵਾ ਦਿੱਤਾ । ਉਸ ਬੈਂਕ ਖਾਤੇ ਦੇ ਚੈੱਕ ਫਾਈਨਾਂਸ ਕੰਪਨੀ ਨੂੰ ਦੇ ਕੇ ਦਰਸ਼ਨ ਅਨਮੋਲ ਕੌਰ ਦੇ ਜਾਅਲੀ ਦਸਤਖ਼ਤ ਕਰਕੇ ਉਸਦੇ ਨਾਂ 'ਤੇ ਜ਼ੀਰਕਪੁਰ ਸਥਿਤ ਇਕ ਮੋਟਰਸਾਈਕਲ ਏਜੰਸੀ ਤੋਂ ਨਵਾਂ ਮੋਟਰਸਾਈਕਲ ਕਢਵਾ ਲਿਆ।