ਵਿਦੇਸ਼ ਗਏ ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਸੁਣਾਈ ਹੱਡਬੀਤੀ, ਬਿਜਲੀ ਦੇ ਖੰਭਿਆਂ ਸਹਾਰੇ ਸੌਂ ਕੇ ਕਰਦੇ ਸਨ ਗੁਜ਼ਾਰਾ

11/25/2017 2:59:04 PM

ਹੁਸ਼ਿਆਰਪੁਰ (ਘੁੰਮਣ)— ਰੋਜ਼ੀ-ਰੋਟੀ ਲਈ 7 ਸਮੁੰਦਰ ਪਾਰ ਗਏ ਇਥੋਂ ਦੇ ਕੁਝ ਨੌਜਵਾਨਾਂ ਲਈ ਇਹ ਸਿਰਫ 'ਮੁੰਗੇਰੀ ਲਾਲ ਦਾ ਹੁਸੀਨ ਸੁਪਨਾ' ਸਾਬਤ ਹੋਇਆ। ਟਰੈਵਲ ਏਜੰਟਾਂ ਵੱਲੋਂ ਦਿਖਾਏ ਸਬਜ਼ਬਾਗ ਦੇ ਝਾਂਸੇ 'ਚ ਆ ਕੇ ਵਿਦੇਸ਼ ਜਾਣਾ ਇਨ੍ਹਾਂ ਨੂੰ ਬਹੁਤ ਮਹਿੰਗਾ ਪਿਆ। ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਨੌਜਵਾਨਾਂ ਰਜਤ ਖੰਨਾ, ਨਰੇਸ਼ ਕਪੂਰ ਅਤੇ ਅਮਨਦੀਪ ਨੇ ਸ਼ੁੱਕਰਵਾਰ 'ਯੂਥ ਡਿਵੈੱਲਪਮੈਂਟ ਬੋਰਡ ਪੰਜਾਬ' ਦੇ ਸਾਬਕਾ ਸੀਨੀ. ਵਾਈਸ ਚੇਅਰਮੈਨ ਸੰਜੀਵ ਤਲਵਾੜ ਨੂੰ ਆਪਣੀ ਹੱਡਬੀਤੀ ਸੁਣਾਈ। 
ਵਰਕ ਪਰਮਿਟ ਦੀ ਥਾਂ ਲਾਇਆ ਸੀ ਟੂਰਿਸਟ ਵੀਜ਼ਾ : 
ਇਕ ਨੌਜਵਾਨ ਨੇ ਸੰਜੀਵ ਤਲਵਾੜ ਨੂੰ ਦੱਸਿਆ ਕਿ ਉਹ ਚੰਗੇ ਭਵਿੱਖ ਦੀ ਕਾਮਨਾ ਕਰਕੇ ਹੁਸ਼ਿਆਰਪੁਰ ਦੇ ਇਕ ਟਰੈਵਲ ਏਜੰਟ ਰਾਹੀਂ ਲਾਂਡਰੀ ਦੇ ਕੰਮ ਲਈ ਦੁਬਈ ਗਏ ਸਨ ਪਰ ਉਨ੍ਹਾਂ ਨੂੰ ਜਿਸ ਕੰਪਨੀ 'ਚ ਕੰਮ ਵਾਸਤੇ ਵੀਜ਼ਾ ਮਿਲਿਆ ਸੀ, ਉਥੇ ਭੇਜਣ ਦੀ ਬਜਾਏ ਕਿਸੇ ਕੋਲਡ ਸਟੋਰ 'ਚ ਕੰਮ ਲਈ ਭੇਜ ਦਿੱਤਾ ਗਿਆ। ਉਕਤ ਏਜੰਟ ਨੇ 2 ਸਾਲ ਦੇ ਵਰਕ ਪਰਮਿਟ ਦਾ ਭਰੋਸਾ ਦੇ ਕੇ ਦੁਬਈ ਭੇਜਿਆ ਸੀ ਪਰ ਬਾਅਦ 'ਚ ਪਤਾ ਲੱਗਾ ਕਿ ਉਨ੍ਹਾਂ ਦਾ ਸਿਰਫ ਇਕ ਮਹੀਨੇ ਦਾ ਟੂਰਿਸਟ ਵੀਜ਼ਾ ਲਾਇਆ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਕੋਲਡ ਸਟੋਰ ਦੀ ਨੌਕਰੀ ਤੋਂ ਵੀ ਸਿਰਫ 22 ਦਿਨਾਂ ਬਾਅਦ ਕੱਢ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਿਰ 'ਤੇ ਨਾ ਤਾਂ ਛੱਤ ਸੀ, ਨਾ ਹੀ ਕੋਈ ਪੈਸਾ ਅਤੇ ਨਾ ਹੀ ਖਾਣ ਦੀ ਵਿਵਸਥਾ। ਅਜਿਹੇ ਹਾਲਾਤ 'ਚ ਉਹ ਸੜਕ ਕੰਢੇ ਲੱਗੇ ਬਿਜਲੀ ਦੇ ਖੰਭਿਆਂ ਸਹਾਰੇ ਖੜ੍ਹੇ ਹੋ ਕੇ ਸੌਂਦੇ ਸਨ। 
ਅਮਨਦੀਪ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਕਿਸੇ ਤਰ੍ਹਾਂ ਮਜ਼ਦੂਰੀ ਕਰਕੇ 450 ਦਰਾਮ ਕਮਾਏ, ਉਹ ਵੀ ਦੁਬਈ ਵਿਚ ਇਕ ਦਿਨ ਦਾ ਓਵਰ ਸਟੇਅ ਹੋਣ ਕਾਰਨ ਜੁਰਮਾਨੇ 'ਚ ਚਲੇ ਗਏ। ਸੰਜੀਵ ਤਲਵਾੜ ਨੇ ਨੌਜਵਾਨਾਂ ਦੀ ਵਿਥਿਆ ਸੁਣਨ ਤੋਂ ਬਾਅਦ ਦੱਸਿਆ ਕਿ ਜਿਸ ਏਜੰਟ ਰਾਹੀਂ ਉਹ ਵਿਦੇਸ਼ ਗਏ ਸਨ, ਉਸ ਖਿਲਾਫ ਪਹਿਲਾਂ ਤੋਂ ਹੀ ਧੋਖਾਦੇਹੀ ਦੀਆਂ ਕਈ ਸ਼ਿਕਾਇਤਾਂ ਸਾਹਮਣੇ ਆ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮਾਮਲਿਆਂ 'ਚ ਸ਼ਿਕਾਇਤਕਰਤਾ ਥੋੜ੍ਹੇ-ਬਹੁਤ ਪੈਸੇ ਲੈ ਕੇ ਆਪਣੀ ਸ਼ਿਕਾਇਤ ਵਾਪਸ ਲੈ ਲੈਂਦੇ ਹਨ ਅਤੇ ਪੁਲਸ ਵੱਲੋਂ ਵੀ ਕੋਈ ਕਾਰਵਾਈ ਨਾ ਹੋਣ ਕਾਰਨ ਅਜਿਹੇ ਟਰੈਵਲ ਏਜੰਟਾਂ ਦੇ ਹੌਸਲੇ ਹੋਰ ਵਧ ਜਾਂਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨਾਲ ਹੋਈ ਧੋਖਾਦੇਹੀ ਦਾ ਹਿਸਾਬ ਲਿਆ ਜਾਵੇਗਾ।


Related News