ਕਾਂਗਰਸੀ ਆਗੂ ਖਿਲਾਫ ਧੋਖਾਦੇਹੀ ਤੇ ਛੇੜਛਾੜ ਦਾ ਮਾਮਲਾ ਦਰਜ

10/17/2017 9:12:18 AM

ਜਗਰਾਓਂ (ਸ਼ੇਤਰਾ)–ਹਲਕੇ ਦੇ ਕਾਂਗਰਸੀ ਆਗੂ ਬੂਟਾ ਸਿੰਘ ਉਰਫ ਬਿੱਲੂ ਜਨੇਤਪੁਰਾ ਖਿਲਾਫ ਥਾਣਾ ਸਦਰ ਜਗਰਾਓਂ ਦੀ ਪੁਲਸ ਨੇ ਧੋਖਾਦੇਹੀ ਤੇ ਲੜਕੀ ਨਾਲ ਛੇੜਛਾੜ ਦਾ ਮਾਮਲਾ ਦਰਜ ਕੀਤਾ ਹੈ। ਪਿੰਡ ਜਨੇਤਪੁਰਾ ਦੀ ਇਕ ਔਰਤ ਪਰਮਜੀਤ ਕੌਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਉਕਤ ਕਾਂਗਰਸੀ ਆਗੂ ਬਿੱਲੂ ਜਨੇਤਪੁਰਾ ਨੇ ਉਸਦੇ ਪਤੀ ਖਿਲਾਫ ਦਰਜ ਜਬਰ-ਜ਼ਨਾਹ ਦੇ ਮਾਮਲੇ 'ਚ ਔਰਤ ਨਾਲ ਸਮਝੌਤਾ ਕਰਵਾਉਣ ਲਈ 50 ਹਜ਼ਾਰ ਰੁਪਏ ਦੀ ਕਥਿਤ ਠੱਗੀ ਮਾਰੀ ਹੈ। ਔਰਤ ਨੇ ਦੱਸਿਆ ਕਿ ਉਕਤ ਕਾਂਗਰਸੀ ਆਗੂ ਨੇ ਠੱਗੀ ਤੋਂ ਇਲਾਵਾ ਇਕ ਦਿਨ ਮੇਰੀ ਲੜਕੀ ਦੀ ਬਾਂਹ ਫੜ ਕੇ ਛੇੜਛਾੜ ਕੀਤੀ ਸੀ, ਜਿਸ ਤਹਿਤ ਔਰਤ ਪਰਮਜੀਤ ਕੌਰ ਦੇ ਬਿਆਨਾਂ 'ਤੇ ਉਕਤ ਕਾਂਗਰਸੀ ਆਗੂ ਅਤੇ ਉਸ ਦੇ ਇਕ ਸਾਥੀ ਸੁਰਿੰਦਰ ਸਿੰਘ ਉਰਫ ਜੱਸਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਸੀ. ਆਈ. ਏ. ਸਟਾਫ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਪਰਮਜੀਤ ਕੌਰ ਦੇ ਬਿਆਨਾਂ 'ਤੇ ਥਾਣਾ ਸਦਰ ਜਗਰਾਓਂ 'ਚ ਉਕਤ ਮਾਮਲਾ ਦਰਜ ਹੋਇਆ ਹੈ। ਪਰਮਜੀਤ ਕੌਰ ਪਤਨੀ ਸ਼ਮਸ਼ੇਰ ਸਿੰਘ ਨੇ ਆਪਣੇ ਬਿਆਨਾਂ 'ਚ ਕਿਹਾ ਹੈ ਕਿ 2016 'ਚ ਉਸ ਦੇ ਪਤੀ ਖਿਲਾਫ ਇਕ ਪ੍ਰਵਾਸੀ ਮਹਿਲਾ ਨੇ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਵਾਇਆ ਸੀ। ਉਨ੍ਹਾਂ ਨੂੰ ਪਤਾ ਲੱਗਾ ਕਿ ਪਰਚਾ ਦਰਜ ਕਰਵਾਉਣ ਵਾਲੀ ਮਹਿਲਾ ਉਕਤ ਕਾਂਗਰਸੀ ਆਗੂ ਤੇ ਉਸ ਦੇ ਸਾਥੀ ਦੇ ਸੰਪਰਕ 'ਚ ਹੈ, ਜਿਸ ਕਰ ਕੇ ਉਨ੍ਹਾਂ ਵੀ ਇਨ੍ਹਾਂ ਨਾਲ ਰਾਬਤਾ ਕਾਇਮ ਕੀਤਾ। ਪਰਮਜੀਤ ਕੌਰ ਅਨੁਸਾਰ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਵਾਉਣ ਵਾਲੀ ਪ੍ਰਵਾਸੀ ਮਹਿਲਾ ਨਾਲ 3 ਲੱਖ 50 ਹਜ਼ਾਰ ਰੁਪਏ 'ਚ ਰਾਜ਼ੀਨਾਮਾ ਤੈਅ ਹੋਇਆ। ਇਸ ਰਾਜ਼ੀਨਾਮੇ ਦੀ ਰਾਸ਼ੀ 'ਚੋਂ ਉਸ ਨੇ 50 ਹਜ਼ਾਰ ਰੁਪਏ ਬੂਟਾ ਸਿੰਘ ਉਰਫ ਬਿੱਲੂ ਤੇ ਸੁਰਿੰਦਰ ਸਿੰਘ ਉਰਫ ਜੱਸਾ ਨੂੰ ਦੇ ਦਿੱਤੇ। ਬਾਕੀ ਦੀ ਰਕਮ 2 ਮਹੀਨਿਆਂ ਬਾਅਦ ਦੇਣ ਦੀ ਗੱਲ ਹੋਈ ਸੀ ਪਰ ਬਾਅਦ 'ਚ ਉਕਤ ਵਿਅਕਤੀਆਂ ਨੇ ਕੋਈ ਸਮਝੌਤਾ ਨਹੀਂ ਕਰਵਾਇਆ ਸਗੋਂ ਉਲਟਾ ਉਸ ਦੀ ਲੜਕੀ ਨਾਲ ਛੇੜਛਾੜ ਕੀਤੀ।