ਵਿਦੇਸ਼ਾਂ ''ਚ ਵਸੇ ਨੌਜਵਾਨਾਂ ਦੇ ਬਜ਼ੁਰਗ ਮਾਪਿਆਂ ਕੋਲੋਂ ਫਿਰੌਤੀ ਵਸੂਲਣ ਦੀ ਚੱਲ ਰਹੀ ਖੇਡ

10/08/2017 1:05:32 PM

ਜਲੰਧਰ/ਫਗਵਾੜਾ(ਰਵਿੰਦਰ ਸ਼ਰਮਾ)— ਪੰਜਾਬ ਦੇ ਕਈ ਜ਼ਿਲਿਆਂ ਵਿਚ ਅੱਜਕਲ ਬਜ਼ੁਰਗ ਪਤੀ-ਪਤਨੀ ਕੋਲੋਂ ਫਿਰੌਤੀ ਵਸੂਲਣ ਦਾ ਧੰਦਾ ਚੱਲ ਰਿਹਾ ਹੈ ਅਤੇ ਉਹ ਵੀ ਬੜੇ ਉੱਚੇ ਪੱਧਰ 'ਤੇ। ਇਸ ਗੰਦੀ ਖੇਡ ਵਿਚ ਕਈ ਪੁਲਸ ਅਧਿਕਾਰੀ ਅਤੇ ਰਾਜਸੀ ਆਗੂ ਵੀ ਸ਼ਾਮਲ ਹਨ। ਇਹ ਉਹ ਬਜ਼ੁਰਗ ਮਾਂਪੇ ਹਨ, ਜਿਨ੍ਹਾਂ ਦੇ ਬੇਟੇ ਵਿਦੇਸ਼ਾਂ ਵਿਚ ਲੰਮੇ ਸਮੇਂ ਤੋਂ ਵਸੇ ਹੋਏ ਹਨ ਅਤੇ ਉਹ ਚੰਗੀ ਤਰ੍ਹਾਂ ਸੈਟਲ ਹਨ। ਉਨ੍ਹਾਂ ਦੀ ਜਾਇਦਾਦ ਹੜੱਪਣ ਅਤੇ ਕਰੋੜਾਂ ਦੀ ਫਿਰੌਤੀ ਵਸੂਲਣ ਲਈ ਬਜ਼ੁਰਗ ਮਾਪਿਆਂ 'ਤੇ ਧੋਖਾਧੜੀ ਦਾ ਕੇਸ ਪਾਉਣ ਤੋਂ ਵੀ ਪਰਹੇਜ ਨਹੀਂ ਕੀਤਾ ਜਾਂਦਾ। 
ਅਜਿਹਾ ਹੀ ਇਕ ਮਾਮਲਾ ਫਗਵਾੜਾ ਵਿਚ ਸਾਹਮਣੇ ਆਇਆ ਹੈ। ਫਿਰੌਤੀ ਵਸੂਲਣ ਲਈ 72 ਸਾਲਾ ਬਜ਼ੁਰਗ ਪਤੀ-ਪਤਨੀ 'ਤੇ ਧੋਖਾਧੜੀ ਦਾ ਕੇਸ ਦਰਜ ਕਰਵਾ ਦਿੱਤਾ ਗਿਆ। ਨਾਲ ਹੀ ਇਹ ਵੀ ਕਿਹਾ ਗਿਆ ਕਿ 10 ਕਰੋੜ ਨਾ ਦਿੱਤੇ ਤਾਂ ਵਿਦੇਸ਼ਾਂ ਵਿਚ ਵਸੇ ਉਨ੍ਹਾਂ ਦੇ ਦੋਵਾਂ ਬੇਟਿਆਂ ਨੂੰ ਮਰਵਾ ਦਿੱਤਾ ਜਾਵੇਗਾ। ਕੁਝ ਅਜਿਹੇ ਹੀ ਦੋਸ਼ਾਂ ਦੀ ਸ਼ਿਕਾਇਤ ਫਗਵਾੜਾ ਦੇ ਨਿਊ ਮਾਨਵ ਨਗਰ ਵਾਸੀ ਬਜ਼ੁਰਗ ਸੋਹਣ ਸਿੰਘ ਨੇ ਮੁੱਖ ਮੰਤਰੀ, ਕੇਂਦਰੀ ਗ੍ਰਹਿ ਮੰਤਰੀ, ਡੀ. ਜੀ. ਪੀ. ਤੇ ਹੋਰ ਪੁਲਸ ਅਧਿਕਾਰੀਆਂ ਨੂੰ ਕੀਤੀ ਹੈ। 
72 ਸਾਲ ਦੇ ਸੋਹਣ ਸਿੰਘ ਏਅਰ ਫੋਰਸ ਤੋਂ ਰਿਟਾਇਰਡ ਹਨ। ਉਹ ਆਪਣੀ ਪਤਨੀ ਵੀਨਾ ਨਾਲ ਨਿਊ ਮਾਨਵ ਨਗਰ ਵਿਚ ਰਹਿੰਦੇ ਹਨ। ਉਨ੍ਹਾਂ ਦੇ ਦੋਵੇਂ ਬੇਟੇ ਲੋਕੇਸ਼ ਤੇ ਰੋਹਿਤ ਲੰਮੇ ਸਮੇਂ ਤੋਂ ਦੁਬਈ ਵਿਚ ਸੈਟਲ ਹਨ। ਸੋਹਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਬੇਟਿਆਂ ਦਾ ਕੀ ਬਿਜ਼ਨੈੱਸ ਹੈ ਤੇ ਉਹ ਉਨ੍ਹਾਂ ਦੇ ਸੰਪਰਕ ਵਿਚ ਨਹੀਂ ਹਨ। 
ਉਹ ਆਪਣੇ ਦੋਵਾਂ ਬੇਟਿਆਂ ਨੂੰ 10 ਸਾਲ ਪਹਿਲਾਂ ਬੇਦਖਲ ਕਰ ਚੁੱਕੇ ਹਨ। ਸੋਹਣ ਸਿੰਘ ਦਾ ਦੋਸ਼ ਹੈ ਕਿ ਡਰੱਗ ਮਾਫੀਆ ਨਾਲ ਗੰਢਤੁਪ ਰੱਖਣ ਵਾਲੇ ਇੰਦਰਜੀਤ ਸਿੰਘ ਨੇ 3 ਸਤੰਬਰ ਨੂੰ ਉਨ੍ਹਾਂ ਦੇ ਘਰ ਛਾਪੇਮਾਰੀ ਕਰਕੇ ਫਿਰੌਤੀ ਵਸੂਲਣ ਦੀ ਗੰਦੀ ਖੇਡ ਖੇਡਣ ਦੀ ਸੋਚੀ। ਇਸ ਦਿਨ ਇੰਦਰਜੀਤ ਸਿੰਘ ਨੇ ਰਾਤ ਨੂੰ ਆਪਣੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਅਤੇ ਦੋਵਾਂ ਬਜ਼ੁਰਗ ਪਤੀ-ਪਤਨੀ ਨੂੰ ਬੰਧਕ ਬਣਾ ਕੇ ਘਰ ਦੀ ਤਲਾਸ਼ੀ ਲਈ। ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਦੇ ਖਿਲਾਫ ਥਾਣਾ ਸਤਨਾਮਪੁਰਾ ਵਿਚ 27 ਅਗਸਤ ਨੂੰ ਧਾਰਾ 420, 427, 468 ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। ਦੋਸ਼ ਸੀ ਕਿ ਬੈਲਜੀਅਮ ਵਿਚ ਵਸੇ ਸਰਬਜੀਤ ਸਿੰਘ ਦੀ ਸ਼ਿਕਾਇਤ 'ਤੇ ਇਹ ਕੇਸ ਕੀਤਾ ਗਿਆ ਹੈ। ਸੋਹਣ ਸਿੰਘ ਮੁਤਾਬਕ ਸਰਬਜੀਤ ਸਿੰਘ ਦਾ ਪਿਛੋਕੜ ਅੱਤਵਾਦੀ ਸੰਗਠਨਾਂ ਨਾਲ ਰਿਹਾ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦੇ ਦੋਵੇਂ ਬੇਟਿਆਂ ਨੂੰ ਦੁਬਈ ਵਿਚ ਬਿਜ਼ਨੈੱਸ ਸੈੱਟ ਕਰਨ ਲਈ ਪਹਿਲਾਂ ਫਗਵਾੜਾ ਵਿਚ ਉਨ੍ਹਾਂ ਦੀ ਮੌਜੂਦਗੀ ਵਿਚ ਇਕ ਕਰੋੜ ਦਿੱਤਾ ਗਿਆ ਤੇ ਬਾਅਦ ਵਿਚ ਬਰਨਾਲਾ ਵਿਚ 75 ਲੱਖ ਰੁਪਏ ਦਿੱਤੇ ਗਏ। 
ਇਸ ਮਾਮਲੇ ਵਿਚ 74 ਦਿਨ ਜੇਲ ਵਿਚ ਰਹਿ ਕੇ ਇਸ ਬਜ਼ੁਰਗ ਜੋੜੇ ਨੇ ਨਾ ਸਿਰਫ ਮਾਨਸਿਕ ਪਰੇਸ਼ਾਨੀ ਝੱਲੀ, ਸਗੋਂ ਉਸ ਜੁਰਮ ਦੀ ਸਜ਼ਾ ਕੱਟੀ ਜੋ ਉਨ੍ਹਾਂ ਨੇ ਕੀਤਾ ਹੀ ਨਹੀਂ । ਮਾਮਲਾ ਅਦਾਲਤ ਵਿਚ ਲਿਜਾਣ 'ਤੇ ਇਸ ਐੱਫ. ਆਈ. ਆਰ. 'ਤੇ ਸਟੇਅ ਕਰ ਦਿੱਤਾ ਗਿਆ। ਸੋਹਣ ਸਿੰਘ ਦਾ ਦੋਸ਼ ਹੈ ਕਿ ਇੰਸ. ਇੰਦਰਜੀਤ ਸਿੰਘ ਦੇ ਸਾਹਮਣੇ ਹੀ ਸਰਬਜੀਤ ਸਿੰਘ ਨੇ 10 ਕਰੋੜ ਵਸੂਲਣ ਦੀ ਧਮਕੀ ਦਿੱਤੀ ਸੀ ਤੇ ਕਿਹਾ ਕਿ ਜੇਕਰ ਇਹ ਰਕਮ ਨਾ ਦਿੱਤੀ ਤਾਂ ਉਨ੍ਹਾਂ ਦੇ ਦੋਵਾਂ ਬੇਟਿਆਂ ਨੂੰ ਮਰਵਾ ਦੇਵੇਗਾ।
ਸੋਹਣ ਸਿੰਘ ਦਾ ਦੋਸ਼ ਹੈ ਕਿ 3-4 ਦਿਨ ਪਹਿਲਾਂ ਉਹ ਹਰਿਦੁਆਰ ਵਿਚ ਸਨ ਤਾਂ ਉੁਨ੍ਹਾਂ ਦੇ ਘਰ ਪੁਲਸ ਨੇ ਦੁਬਾਰਾ ਛਾਪੇਮਾਰੀ ਕੀਤੀ। ਪਤਾ ਕਰਨ 'ਤੇ ਪਤਾ ਲੱਗਾ ਕਿ ਸੁਰਿੰਦਰ ਕੁਮਾਰ ਵਾਸੀ ਯੂ. ਕੇ. ਨੇ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਦੋਵੇਂ ਬੇਟਿਆਂ ਨੂੰ ਦੁਬਈ ਵਿਚ ਬਿਜ਼ਨੈਸ ਸੈੱਟ ਕਰਨ ਲਈ 3 ਕਰੋੜ ਰੁਪਏ ਦੀ ਰਕਮ ਨਵੰਬਰ 2015 ਵਿਚ ਦਿੱਤੀ ਗਈ। ਸੋਹਣ ਦਾ ਕਹਿਣਾ ਹੈ ਕਿ ਉਨ੍ਹਾਂ ਕੋਲੋਂ ਫਿਰੌਤੀ ਵਸੂਲਣ ਦੀ ਇਹ ਸਾਜ਼ਿਸ਼ ਚੱਲ ਰਹੀ ਹੈ। ਜਿਨ੍ਹਾਂ ਬੇਟਿਆਂ ਨੂੰ ਉਹ 10 ਸਾਲ ਪਹਿਲਾਂ ਬੇਦਖਲ ਕਰ ਚੁੱਕੇ ਹਨ। ਉਨ੍ਹਾਂ ਬੇਟਿਆਂ ਨੂੰ ਉਨ੍ਹਾਂ ਦੀ ਮੌਜੂਦਗੀ ਵਿਚ ਇੰਨੀ ਵੱਡੀ ਰਕਮ ਕਿਵੇਂ ਦਿੱਤੀ ਜਾ ਸਕਦੀ ਹੈ। ਸੋਹਣ ਸਿੰਘ ਦਾ ਦੋਸ਼ ਹੈ ਕਿ ਪੂਰੇ ਮਾਮਲੇ ਵਿਚ ਨਾ ਸਿਰਫ ਪੁਲਸ ਅਧਿਕਾਰੀ, ਕੁਝ ਪੱਤਰਕਾਰ ਅਤੇ ਰਾਜਸੀ ਆਗੂ ਵੀ ਮਿਲੇ ਹੋਏ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਨੂੰ ਕਿਹਾ ਹੈ ਤੇ ਨਾਲ ਹੀ ਕਿਹਾ ਹੈ ਕਿ ਅਜਿਹੇ ਲੋਕਾਂ ਕੋਲੋਂ ਉਨ੍ਹਾਂ ਨੂੰ ਬਚਾਇਆ ਜਾਵੇ।