ਪੁੱਤ ਨੂੰ ਇਟਲੀ ਭੇਜਣ ਲਈ ਦਿੱਤੇ ਸਨ 8 ਲੱਖ ਰੁਪਏ ਪਰ ਨਹੀਂ ਲੱਗਾ ਕੋਈ ਥਹੁਪਤਾ, ਮੂੰਹ ਦੇਖਣ ਲਈ ਤਰਸੇ ਮਾਪੇ

07/15/2017 7:25:23 PM

ਸੁਲਤਾਨਪੁਰ ਲੋਧੀ(ਸੋਢੀ)— ਰੋਜ਼ਗਾਰ ਦੀ ਭਾਲ 'ਚ ਮਾਪੇ ਆਪਣੇ ਪੁੱਤਾਂ ਨੂੰ ਬੜੇ ਹੀ ਚਾਵਾਂ ਨਾਲ ਵਿਦੇਸ਼ਾਂ 'ਚ ਭੇਜਦੇ ਹਨ ਪਰ ਕਈ ਵਾਰ ਉਨ੍ਹਾਂ ਨਾਲ ਅਜਿਹੀ ਅਣਹੋਣੀ ਵਾਪਰ ਜਾਂਦੀ ਹੈ, ਜਿਸ ਦਾ ਪਛਤਾਵਾ ਉਨ੍ਹਾਂ ਨੂੰ ਸਾਰੀ ਉਮਰ ਰਹਿ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਸੁਲਤਾਨਪੋਰ ਲੋਧੀ 'ਚੋਂ ਸਾਹਮਣੇ ਆਇਆ ਹੈ, ਜਿੱਥੇ ਇਕ ਪਿਤਾ ਨੇ ਪੁੱਤ ਨੂੰ ਇਟਲੀ ਭੇਜਣ ਦੇ ਨਾਮ 'ਤੇ ਏਜੰਟ ਨੂੰ 8 ਲੱਖ ਰੁਪਏ ਦਿੱਤੇ ਸਨ ਪਰ ਨਾ ਉਨ੍ਹਾਂ ਨੂੰ ਪੈਸੇ ਵਾਪਸ ਮਿਲੇ ਅਤੇ ਨਾ ਹੀ ਪੁੱਤ ਦੇ ਬਾਰੇ ਕੋਈ ਥਹੁਪਤਾ ਲੱਗਾ। ਜ਼ਿਕਰਯੋਗ ਹੈ ਕਿ ਸੁਰਜੀਤ ਸਿੰਘ ਪੁੱਤਰ ਤਾਰਾ ਸਿੰਘ ਨਿਵਾਸੀ ਪਿੰਡ ਮੀਰੇ (ਤਹਿਸੀਲ ਸੁਲਤਾਨਪੁਰ ਲੋਧੀ) ਨੇ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਨੂੰ ਕੀਤੀ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਵਿਦੇਸ਼ ਭੇਜਣ ਦੇ ਨਾਮ 'ਤੇ ਉਨ੍ਹਾਂ ਦੇ ਲੜਕੇ ਮਨਿੰਦਰ ਸਿੰਘ ਨੂੰ ਗਾਇਬ ਕਰਨ ਅਤੇ 8 ਲੱਖ ਰੁਪਏ ਦੀ ਰਕਮ ਠੱਗਣ ਦੇ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਟਰੈਵਲ ਏਜੰਟ ਖਿਲਾਫ ਕਾਰਵਾਈ ਕੀਤੀ ਜਾਵੇ। ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਕੁਮਾਰ ਸ਼ਰਮਾ ਨੇ ਇਸ ਕੇਸ ਦੀ ਪੜਤਾਲ ਕਰਨ ਦੇ ਸੁਲਤਾਨਪੁਰ ਲੋਧੀ ਪੁਲਸ ਨੂੰ ਆਦੇਸ਼ ਦਿੱਤੇ ਹਨ। 
ਇਸ ਮਾਮਲੇ ਸਬੰਧੀ ਇਕ ਹਲਫੀਆਂ ਬਿਆਨ ਦੇ ਕੇ ਸੁਰਜੀਤ ਸਿੰਘ ਪਿੰਡ ਮੀਰੇ ਨੇ ਦੋਸ਼ ਲਗਾਇਆ ਕਿ ਉਸ ਦੇ ਪਿੰਡ ਦੇ ਕੁਲਬੀਰ ਸਿੰਘ ਪੁੱਤਰ ਜੈਲ ਸਿੰਘ ਅਤੇ ਉਸ ਦਾ ਭਰਾ ਲਖਬੀਰ ਸਿੰਘ ਅਤੇ ਹੋਰ ਮਿਲ ਕੇ ਟਰੈਵਲ ਏਜੰਟੀ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਕੁਲਬੀਰ ਸਿੰਘ ਪਿੰਡ ਮੀਰੇ ਇਟਲੀ ਤੋਂ ਵਾਪਸ ਆਇਆ ਹੈ ਜਦਕਿ ਉਸ ਦਾ ਭਰਾ ਲਖਬੀਰ ਸਿੰਘ ਅਤੇ ਪਤਨੀ ਹਾਲੇ ਵੀ ਇਟਲੀ ਵਿਖੇ ਰਹਿੰਦੇ ਹਨ। ਸੁਰਜੀਤ ਸਿੰਘ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੁਲਾਈ 2016 'ਚ ਮੇਰੀ ਕੁਲਬੀਰ ਸਿੰਘ ਨਾਲ ਮੇਰੇ ਬੇਟੇ ਮਨਿੰਦਰ ਸਿੰਘ ਨੂੰ ਇਟਲੀ ਭੇਜਣ ਬਾਰੇ ਗੱਲ ਹੋਈ ਸੀ। ਮਨਿੰਦਰ ਨੂੰ ਇਟਲੀ ਭੇਝਣ ਲਈ ਕੁਲਬੀਰ ਨਾਲ 8 ਲੱਖ 'ਚ ਗੱਲ ਤੈਅ ਹੋਈ। ਉਨ੍ਹਾਂ ਦੱਸਿਆ ਕਿ ਚਾਰ ਲੱਖ ਰੁਪਏ ਕੁਲਬੀਰ ਸਿੰਘ ਨੂੰ ਐਡਵਾਂਸ ਸਮੇਤ ਪਾਸਪੋਰਟ ਦੇ ਦਿੱਤੇ ਅਤੇ 24 ਅਗਸਤ 2016 ਨੂੰ 4 ਲੱਖ ਰੁਪਏ ਹੋਰ ਉਕਤ ਨੂੰ ਨੰਬਰਦਾਰ ਫੁੱਮਣ ਸਿੰਘ ਪਿੰਡ ਮੀਰੇ ਦੀ ਹਾਜਰੀ 'ਚ ਦਿੱਤੇ। ਸੁਰਜੀਤ ਸਿੰਘ ਨੇ ਦੋਸ਼ ਲਗਾਇਆ ਕਿ 1 ਸਤੰਬਰ 2016 ਨੂੰ ਕੁਲਬੀਰ ਸਿੰਘ ਮੇਰੇ ਲੜਕੇ ਮਨਜਿੰਦਰ ਸਿੰਘ ਨੂੰ ਘਰੋਂ ਦਿੱਲੀ ਲੈ ਗਿਆ ਅਤੇ ਦੱਸਿਆ ਕਿ ਇਟਲੀ ਦੀ ਫਲਾਈਟ ਕਰਵਾਉਣੀ ਹੈ। ਦਿੱਲੀ ਏਅਰਪੋਰਟ 'ਤੇ ਵੀ ਸਾਡੇ ਲੜਕੇ ਦੀ ਸਾਡੇ ਨਾਲ ਗੱਲਬਾਤ ਹੁੰਦੀ ਰਹੀ ਅਤੇ ਫਿਰ ਕੁਲਬੀਰ ਸਿੰਘ ਨੇ ਕਿਹਾ ਕਿ ਹੁਣ ਮਨਿੰਦਰ ਸਿੰਘ ਇਟਲੀ ਪਹੁੰਚ ਕੇ ਹੀ ਤੁਹਾਡੇ ਨਾਲ ਗੱਲ ਕਰੇਗਾ ਪਰ ਅੱਜ ਤੱਕ ਸਾਨੂੰ ਆਪਣੇ ਲੜਕੇ ਮਨਜਿੰਦਰ ਦਾ ਕੋਈ ਥਹੁਪਤਾ ਨਹੀਂ ਲੱਗ ਰਿਹਾ। Ý
ਸੁਰਜੀਤ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕੁਲਬੀਰ ਸਿੰਘ ਦੀ ਪਤਨੀ ਅਨੀਤਾ ਅਤੇ ਭਰਾ ਲਖਬੀਰ ਸਿੰਘ ਵੀ ਉਨ੍ਹਾਂ ਨੂੰ ਇਟਲੀ ਤੋਂ ਫੋਨ ਕਰਕੇ ਵਿਸ਼ਵਾਸ਼ ਦਿੰਦੇ ਰਹੇ ਕਿ ਅਸੀਂ ਮਨਿੰਦਰ ਨੂੰ ਇਟਲੀ ਜ਼ਰੂਰ ਪਹੁੰਚਾਵਾਂਗੇ ਪਰ 8 ਮਹੀਨੇ ਬੀਤਣ 'ਤੇ ਵੀ ਉਸ ਦੇ ਪੁੱਤਰ ਦੀ ਕੋਈ ਖਬਰ ਨਹੀਂ ਹੈ। ਉਨ੍ਹਾਂ ਨੇ ਪੁਲਸ ਅਧਿਕਾਰੀਆਂ ਤੋਂ ਨਿਆ ਦੀ ਮੰਗ ਕੀਤੀ ਹੈ। ਸੁਰਜੀਤ ਸਿੰਘ ਨਾਲ ਇਸ ਸਮੇਂ ਗੁਰਮੀਤ ਸਿੰਘ ਬਿੱਟੂ ਪੁੱਤਰ ਗਿਆਨ ਚੰਦ ਪਿੰਡ ਮੀਰੇ ਨੇ ਵੀ ਸ਼ਿਰਕਤ ਕੀਤੀ।
ਮੇਰੇ ਅਤੇ ਮੇਰੇ ਪਰਿਵਾਰ ਖਿਲਾਫ ਲਗਾਏ ਸਾਰੇ ਦੋਸ਼ ਝੂਠੇ ਹਨ: ਕੁਲਬੀਰ ਸਿੰਘ
ਇਸ ਮਾਮਲੇ ਸਬੰਧੀ ਕੁਲਬੀਰ ਸਿੰਘ ਪੁੱਤਰ ਜੈਲ ਸਿੰਘ ਮੀਰੇ ਨਾਲ ਉਨ੍ਹਾਂ ਦਾ ਪੱਖ ਲੈਣ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸੁਰਜੀਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਮੀਰੇ ਵੱਲੋਂ ਉਨ੍ਹਾਂ ਖਿਲਾਫ ਏਜੰਟੀ ਕਰਨ ਦੇ ਲਗਾਏ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਪਿੰਡ ਮੀਰੇ 'ਚ ਦੋ ਗੁੱਟਾਂ ਵਿਚਕਾਰ ਵਿਵਾਦ ਚਲਦਾ ਆ ਰਿਹਾ ਹੈ, ਜਿਸ ਦੇ ਚਲਦੇ ਹੀ ਜਥੇਦਾਰ ਅਵਤਾਰ ਸਿੰਘ ਮੀਰੇ (ਸਰਪੰਚ) ਦੇ ਧੜੇ ਵਲੋਂ ਜਾਣ ਬੁੱਝ ਕੇ ਮੇਰੇ ਅਕਸ ਨੂੰ ਬਦਨਾਮ ਕਰਨ ਲਈ ਮੇਰੇ ਖਿਲਾਫ ਝੂਠੀ ਸ਼ਿਕਾਇਤ ਕਰਵਾਈ ਗਈ ਹੈ। ਕੁਲਬੀਰ ਸਿੰਘ ਨੇ ਕਿਹਾ ਕਿ ਮੈਂ ਨਾਂ ਤਾਂ ਸੁਰਜੀਤ ਸਿੰਘ ਕੋਲੋਂ ਕੋਈ ਪੈਸਾ ਲਿਆ ਅਤੇ ਨਾਂ ਹੀ ਕਦੇ ਉਨ੍ਹਾਂ ਦੇ ਲੜਕੇ ਨੂੰ ਵਿਦੇਸ਼ ਲੈ ਕੇ ਜਾਣ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਅਧਿਕਾਰੀਆਂ ਨੂੰ ਮਿਲ ਕੇ ਸਾਰੀ ਅਸਲੀਅਤ ਤੋਂ ਜਾਣੂੰ ਕਰਵਾ ਦਿਆਂਗਾ। 
ਕੀ ਕਹਿੰਦੇ ਨੇ ਪੁਲਸ ਅਧਿਕਾਰੀ
ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੇ ਇੰਸਪੈਕਟਰ ਸਰਬਜੀਤ ਸਿੰਘ ਨੇ ਕਿਹਾ ਕਿ ਸ਼ਿਕਾਇਤ ਦੀ ਪੂਰੀ ਡੂੰਘਾਈ ਨਾਲ ਜਾਂਚ ਹੋਵੇਗੀ ਅਤੇ ਅਗਰ ਕੋਈ ਦੋਸ਼ੀ ਪਾਇਆ ਗਿਆ ਤਾਂ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ।