ਪੰਜਾਬ ਪੁਲਸ 'ਚ ਭਰਤੀ ਹੋਣ ਦੇ ਚਾਹਵਾਨ ਹੋ ਜਾਣ ਸਾਵਧਾਨ, ਕਿਉਂਕਿ ਹੋ ਸਕਦਾ ਹੈ ਤੁਹਾਡੇ ਨਾਲ ਵੀ ਅਜਿਹਾ

06/28/2017 11:18:21 AM

ਮੋਗਾ(ਆਜ਼ਾਦ)— ਜੇਕਰ ਤੁਸੀਂ ਵੀ ਪੰਜਾਬ ਪੁਲਸ 'ਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਭਰਤੀ ਹੋਣ ਦੇ ਚੱਕਰ 'ਚ ਤੁਸੀਂ ਠੱਗਬਾਜ਼ੀ ਦਾ ਵੀ ਸ਼ਿਕਾਰ ਹੋ ਸਕਦੇ ਹੋ। ਅਜਿਹਾ ਹੀ ਇਕ ਮਾਮਲਾ ਮੋਗਾ 'ਚ ਦੇਖਣ ਨੂੰ ਮਿਲਿਆ ਹੈ। ਪਿੰਡ ਮੰਦਰ ਨਿਵਾਸੀ ਰਵਿੰਦਰ ਸਿੰਘ ਨੂੰ ਪੰਜਾਬ ਪੁਲਸ 'ਚ ਸਿਪਾਹੀ ਦੇ ਤੌਰ 'ਤੇ ਭਰਤੀ ਕਰਵਾਉਣ ਦੇ ਨਾਂ 'ਤੇ 2 ਵਿਅਕਤੀਆਂ ਵੱਲੋਂ ਕਥਿਤ ਮਿਲੀਭੁਗਤ ਕਰਕੇ ਜਾਅਲੀ ਨਿਯੁਕਤੀ ਪੱਤਰ ਦੇ ਕੇ 3 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਜ਼ਿਲਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਰਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਬੀ. ਟੈੱਕ ਕੀਤੀ ਹੋਈ ਹੈ ਅਤੇ ਪ੍ਰਾਈਵੇਟ ਸਕੂਲ 'ਚ ਨੌਕਰੀ ਕਰਦਾ ਹੈ। ਉਸ ਦਾ ਪਿਤਾ, ਜੋ ਪਿੰਡ ਸੂਦਾਂ ਦੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਹੈ, ਦੀ ਜਾਨ-ਪਛਾਣ ਪਿੰਡ ਦੇ ਹੀ ਇਕ ਵਿਅਕਤੀ ਕਿੱਕਰ ਸਿੰਘ ਦੇ ਨਾਲ ਸੀ। ਮੇਰੇ ਪਿਤਾ ਨੇ ਉਸ ਨੂੰ ਕਿਹਾ ਕਿ ਮੇਰਾ ਬੇਟਾ ਇਨ੍ਹਾਂ ਪੜ੍ਹ ਕੇ ਵੀ ਸਰਕਾਰੀ ਨੌਕਰੀ ਨਹੀਂ ਲੱਗ ਸਕਿਆ, ਜਿਸ 'ਤੇ ਉਸ ਨੇ ਕਿਹਾ ਕਿ ਮੇਰਾ ਇਕ ਰਿਸ਼ਤੇਦਾਰ ਹਰਦੀਪ ਸਿੰਘ ਡੀ. ਜੀ. ਪੀ. ਦਫਤਰ ਚੰਡੀਗੜ੍ਹ 'ਚ ਤਾਇਨਾਤ ਹੈ। ਉਹ ਤੁਹਾਡੇ ਬੇਟੇ ਨੂੰ ਪੰਜਾਬ ਪੁਲਸ 'ਚ ਸਿਪਾਹੀ ਭਰਤੀ ਕਰਵਾ ਦੇਵੇਗਾ, ਜਿਸ 'ਤੇ 3 ਲੱਖ ਰੁਪਏ ਖਰਚਾ ਆਵੇਗਾ। ਇਸ ਤੋਂ ਬਾਅਦ ਜਨਵਰੀ 2017 'ਚ ਕਿੱਕਰ ਸਿੰਘ ਆਪਣੇ ਰਿਸ਼ਤੇਦਾਰ ਹਰਦੀਪ ਸਿੰਘ ਨਾਲ ਸਾਡੇ ਘਰ ਆਏ, ਜਿਸ 'ਤੇ ਅਸੀਂ ਉਨ੍ਹਾਂ ਨੂੰ ਸਰਟੀਫਿਕੇਟ ਦੀਆਂ ਕਾਪੀਆਂ ਅਤੇ ਕੁਝ ਪੈਸੇ ਦਿੱਤੇ। 
18 ਫਰਵਰੀ, 2017 ਨੂੰ ਕਥਿਤ ਦੋਸ਼ੀਆਂ ਨੇ ਕਿਹਾ ਕਿ ਤੁਹਾਡਾ ਕੰਮ ਬਣ ਗਿਆ ਹੈ, ਜਿਸ 'ਤੇ ਅਸੀਂ 2 ਲੱਖ 70 ਹਜ਼ਾਰ ਰੁਪਏ ਦੇ ਦਿੱਤੇ ਤੇ ਉਨ੍ਹਾਂ ਸਾਨੂੰ ਇਹ ਕਹਿ ਕੇ ਇਕ ਖਾਕੀ ਰੰਗ ਦਾ ਬੰਦ ਲਿਫਾਫਾ ਦਿੱਤਾ ਕਿ ਇਸ 'ਚ ਤੁਹਾਡਾ ਨਿਯੁਕਤੀ ਪੱਤਰ ਹੈ ਅਤੇ ਤੁਹਾਨੂੰ ਐੱਸ. ਐੱਸ. ਪੀ. ਦਫਤਰ ਸੰਗਰੂਰ ਜਾ ਕੇ ਡਿਊਟੀ ਜੁਆਇਨ ਕਰਨੀ ਹੈ। 
ਜਦੋਂ ਮੈਂ ਸੰਗਰੂਰ ਗਿਆ ਅਤੇ ਨਿਯੁਕਤੀ ਪੱਤਰ ਦਿਖਾਇਆ ਤਾਂ ਪਤਾ ਲੱਗਾ ਕਿ ਉਹ ਜਾਅਲੀ ਸੀ, ਜਿਸ 'ਤੇ ਅਸੀਂ ਕਈ ਵਾਰ ਉਨ੍ਹਾਂ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਪਰ ਉਨ੍ਹਾਂ ਨੇ ਕੋਈ ਗੱਲ ਨਾ ਸੁਣੀ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਸਾਡੇ ਨਾਲ ਪੰਜਾਬ ਪੁਲਸ 'ਚ ਸਿਪਾਹੀ ਭਰਤੀ ਕਰਵਾਉਣ ਦਾ ਝਾਂਸਾ ਅਤੇ ਜਾਅਲੀ ਨਿਯੁਕਤੀ ਪੱਤਰ ਦੇ ਕੇ 3 ਲੱਖ ਰੁਪਏ ਦੀ ਠੱਗੀ ਮਾਰੀ ਹੈ। 
ਕੀ ਹੋਈ ਪੁਲਸ ਕਾਰਵਾਈ

ਜ਼ਿਲਾ ਪੁਲਸ ਮੁਖੀ ਨੇ ਇਸ ਦੀ ਜਾਂਚ ਡੀ. ਐੱਸ. ਪੀ. ਆਈ. ਨੂੰ ਕਰਨ ਦਾ ਹੁਕਮ ਦਿੱਤਾ। ਜਾਂਚ ਸਮੇਂ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਕਿੱਕਰ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਸੂਦਾਂ ਅਤੇ ਹਰਦੀਪ ਸਿੰਘ ਖਿਲਾਫ ਕਥਿਤ ਮਿਲੀਭੁਗਤ ਕਰਕੇ ਧੋਖਾਦੇਹੀ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।