ਕੱਚੇ ਘਰਾਂ ਵਾਲੇ ਲੋਕਾਂ ਨੂੰ ਸਰਕਾਰ ਵੱਲੋਂ ਪੈਸੇ ਦਿਵਾਉਣ ਦਾ ਸੁਪਨਾ ਦਿਖਾ ਕੇ ਇਨ੍ਹਾਂ ਸ਼ਾਤਰਾਂ ਨੇ ਕੀਤਾ ਸ਼ਰਮਨਾਕ ਕੰਮ

05/29/2017 7:01:54 PM

ਕੌਹਰੀਆਂ(ਸ਼ਰਮਾ)— ਪਹਿਲਾਂ ਤੋਂ ਹੀ ਮਹਿੰਗਾਈ ਦੀ ਚੱਕੀ ''ਚ ਪਿੱਸ ਰਹੇ ਕੱਚੇ ਘਰਾਂ (ਕੜੀ-ਬਾਲੇ ਦੀ ਛੱਤ) ਵਾਲੇ ਗਰੀਬਾਂ ਨੂੰ ਸਰਕਾਰ ਤੋਂ 2-2 ਲੱਖ ਰੁਪਏ ਦਿਵਾਉਣ ਦਾ ਸੁਪਨਾ ਦਿਖਾ ਕੇ ਕੁਝ ਲੋਕਾਂ ਵੱਲੋਂ ਫਾਰਮ ਭਰਨ ਦੇ ਨਾਂ ''ਤੇ 200-200 ਰੁਪਏ ਲੈ ਕੇ ਕਥਿਤ ਠੱਗੀ ਮਾਰੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕੁਝ ਸ਼ਾਤਰ ਦਿਮਾਗ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਨੱਕ ਹੇਠ ਕਚਹਿਰੀ ਕੰਪਲੈਕਸ ਸੁਨਾਮ ਵਿਖੇ ਬੈਠ ਕੇ ਲੋਕਾਂ ਕੋਲੋਂ ਕੱਚੇ ਘਰਾਂ ਦੇ ਫਾਰਮ ਭਰਨ ਲਈ 200-200 ਰੁਪਏ ਲਏ ਜਾ ਰਹੇ ਹਨ। ਐਤਵਾਰ ਨੂੰ ਇਹ ਪਿੰਡ ਕੌਹਰੀਆਂ ਵਿਖੇ ਪੈਸੇ ਲੈ ਕੇ ਫਾਰਮ ਭਰ ਰਹੇ ਸਨ ਤਾਂ ਇਸ ਦੀ ਭਿਣਕ ''ਜਗ ਬਾਣੀ'' ਨੂੰ ਲੱਗ ਗਈ। ਮੌਕੇ ''ਤੇ ਜਾ ਕੇ ਜਦੋਂ ਉਨ੍ਹਾਂ ਤੋਂ ਲੋਕਾਂ ਕੋਲੋਂ ਲਏ ਪੈਸਿਆਂ ਦੀ ਰਸੀਦ ਅਤੇ ਫਾਰਮ ਭਰਵਾਉਣ ਦੀ ਅਥਾਰਟੀ ਮੰਗੀ ਤਾਂ ਉਹ ਟਾਲ-ਮਟੋਲ ਕਰਨ ਲੱਗੇ। ਪਛਾਣ ਦੇ ਤੌਰ ''ਤੇ ਇਕ ਵਿਅਕਤੀ ਨੇ ਆਪਣਾ ਆਧਾਰ ਕਾਰਡ ਦਿਖਾਇਆ, ਜਿਸ ''ਤੇ ਪਿੰਡ ਨਾਗਰੀ ਤਹਿਸੀਲ ਸੁਨਾਮ ਦਾ ਐਡਰੈੱਸ ਲਿਖਿਆ ਹੋਇਆ ਸੀ। ਜਿਉਂ ਹੀ ਉਕਤ ਵਿਅਕਤੀਆਂ ਨੂੰ ''ਜਗ ਬਾਣੀ'' ਦੇ ਪਹੁੰਚਣ ਦਾ ਪਤਾ ਲੱਗਾ ਤਾਂ ਪਛਾਣ-ਪੱਤਰ ਮੰਗਣ ''ਤੇ ਆਧਾਰ ਕਾਰਡ ਦਿਖਾ ਕੇ ਮਿੰਟਾਂ ''ਚ ਉਹ ਰਫੂ-ਚੱਕਰ ਹੋ ਗਏ। 
ਪਿੰਡਾਂ ਵਿਚ ਰੱਖੇ ਹੋਏ ਨੇ ਦਲਾਲ:

ਜਾਣਕਾਰੀ ਅਨੁਸਾਰ ਇਨ੍ਹਾਂ ਵੱਲੋਂ ਪਿੰਡਾਂ ਵਾਲੇ ਭੋਲੇ-ਭਾਲੇ ਲੋਕਾਂ ਨੂੰ ਉਕਤ ਪੈਸੇ ਦਿਵਾਉਣ ਦਾ ਲਾਲਚ ਦੇ ਕੇ ਫਾਰਮ ਭਰਵਾਉਣ ਲਈ ਪ੍ਰੇਰਿਤ ਕਰਨ ਵਾਲੇ ਕਥਿਤ ਦਲਾਲ ਵੀ ਰੱਖੇ ਹੋਏ ਹਨ।
ਕੀ ਕਹਿਣਾ ਹੈ ਚੌਕੀ ਇੰਚਾਰਜ ਦਾ: 
ਇਸ ਸੰਬੰਧੀ ਜਦੋਂ ਚੌਕੀ ਇੰਚਾਰਜ ਕੌਹਰੀਆਂ ਸੁਰਜਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਪੈਸੇ ਲੈ ਕੇ ਫਾਰਮ ਭਰਨ ਦਾ ਪਤਾ ਲੱਗਾ ਸੀ, ਜੋ ਪੁਲਸ ਪਾਰਟੀ ਦੇ ਪਹੁੰਚਣ ਤੋਂ ਪਹਿਲਾਂ ਹੀ ਉਥੋਂ ਜਾ ਚੁੱਕੇ ਸਨ। ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।