ਬੱਚੇ ਦਾ ਖ਼ਾਤਾ ਖੁੱਲ੍ਹਵਾਉਣ ਦੇ ਨਾਂ ’ਤੇ ਧੋਖਾਦੇਹੀ, ਗੁਆਂਢੀ ਜੋੜੇ ਨੇ ਔਰਤ ਦੇ ਨਾਂ ''ਤੇ ਲਿਆ 5 ਲੱਖ ਦਾ ਕਰਜ਼ਾ

01/04/2023 4:19:53 PM

ਚੰਡੀਗੜ੍ਹ (ਸੁਸ਼ੀਲ) : ਬੱਚੇ ਦਾ ਖ਼ਾਤਾ ਖੁੱਲ੍ਹਵਾਉਣ ਦਾ ਝਾਂਸਾ ਦੇ ਕੇ ਪਤੀ-ਪਤਨੀ ਨੇ ਔਰਤ ਦੇ ਨਾਂ ’ਤੇ 5 ਲੱਖ ਰੁਪਏ ਦਾ ਕਰਜ਼ਾ ਲੈ ਲਿਆ। ਜਦੋਂ ਔਰਤ ਨੂੰ ਕਰਜ਼ੇ ਦੀ ਕਿਸ਼ਤ ਲਈ ਫੋਨ ਆਇਆ ਤਾਂ ਉਹ ਹੈਰਾਨ ਰਹਿ ਗਈ। ਉਹ ਐੱਸ. ਬੀ. ਆਈ. ਬੈਂਕ ਵਿਚ ਗਈ ਤਾਂ ਪਤਾ ਲੱਗਾ ਕਿ ਉਸ ਦੇ ਨਾਂ ’ਤੇ 5 ਲੱਖ ਰੁਪਏ ਦਾ ਕਰਜ਼ਾ ਹੈ। ਮੌਲੀਜਾਗਰਾਂ ਦੀ ਰਹਿਣ ਵਾਲੀ ਰੇਖਾ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਮੌਲੀਜਾਗਰਾਂ ਥਾਣਾ ਪੁਲਸ ਨੇ ਰੇਖਾ ਦੀ ਸ਼ਿਕਾਇਤ ’ਤੇ ਕਿਰਨ ਅਤੇ ਉਸ ਦੇ ਪਤੀ ਸਤਪ੍ਰਕਾਸ਼ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ ਹੈ।

ਮੌਲੀਜਾਗਰਾਂ ਦੀ ਰਹਿਣ ਵਾਲੀ ਰੇਖਾ ਰਾਣੀ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਗੁਆਂਢ ਵਿਚ ਰਹਿਣ ਵਾਲੀ ਕਿਰਨ ਅਤੇ ਉਸ ਦਾ ਪਤੀ ਸਤਪ੍ਰਕਾਸ਼ ਉਸ ਦੇ ਦਿਓਰ ਦੇ ਘਰ ਆਉਂਦੇ-ਜਾਂਦੇ ਰਹਿੰਦੇ ਸਨ। ਇਸ ਦੌਰਾਨ ਉਸ ਨੇ ਵੀ ਜੋੜੇ ਨਾਲ ਜਾਣ-ਪਛਾਣ ਕੀਤੀ। ਕਿਰਨ ਨੇ ਕਿਹਾ ਕਿ ਉਹ ਉਸਦੇ ਬੱਚੇ ਦਾ ਬੈਂਕ ਵਿਚ ਖ਼ਾਤਾ ਖੁੱਲ੍ਹਵਾ ਦੇਵੇਗੀ। ਇਕ ਦਿਨ ਉਹ ਬੱਚੇ ਦਾ ਖ਼ਾਤਾ ਖੁੱਲ੍ਹਵਾਉਣ ਲਈ ਮਨੀਮਾਜਰਾ ਦੇ ਐੱਸ. ਬੀ. ਆਈ. ਬੈਂਕ ਲੈ ਗਈ।

ਉੱਥੇ ਕਿਰਨ ਅਤੇ ਉਸ ਦੇ ਪਤੀ ਸਤਪ੍ਰਕਾਸ਼ ਨੇ ਕੁੱਝ ਕਾਗਜ਼ਾਂ ’ਤੇ ਦਸਤਖ਼ਤ ਕਰਵਾਏ ਅਤੇ ਆਧਾਰ ਕਾਰਡ ਲੈ ਲਿਆ। ਬਾਅਦ ਵਿਚ ਕਿਹਾ ਕਿ ਜਲਦੀ ਹੀ ਖਾਤਾ ਖੁੱਲ੍ਹ ਜਾਵੇਗਾ। ਕੁਝ ਮਹੀਨਿਆਂ ਬਾਅਦ ਜਦੋਂ ਉਸ ਨੂੰ ਬੈਂਕ ਤੋਂ 5 ਲੱਖ ਦੇ ਕਰਜ਼ੇ ਦੀ ਕਿਸ਼ਤ ਮੰਗਣ ਦਾ ਫੋਨ ਆਇਆ ਤਾਂ ਉਹ ਹੈਰਾਨ ਰਹਿ ਗਈ। ਔਰਤ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਕਿ ਕਿਰਨ ਅਤੇ ਉਸਦੇ ਪਤੀ ਸਤਪ੍ਰਕਾਸ਼ ਨੇ ਧੋਖੇ ਨਾਲ ਉਸ ਦੇ ਨਾਂ ’ਤੇ ਕਰਜ਼ਾ ਲਿਆ ਹੈ। ਰੇਖਾ ਦੀ ਸ਼ਿਕਾਇਤ ’ਤੇ ਥਾਣਾ ਮੌਲੀਜਾਗਰਾਂ ਦੀ ਪੁਲਸ ਨੇ ਕਿਰਨ ਅਤੇ ਉਸ ਦੇ ਪਤੀ ਸਤਪ੍ਰਕਾਸ਼ ਖ਼ਿਲਾਫ਼ ਧੋਖਾਦੇਹੀ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।
 

Babita

This news is Content Editor Babita