ਦੁਬਈ ਤੋਂ ਪਰਤੇ ਕੁਲਦੀਪ ਦੀ ਨੌਜਵਾਨਾਂ ਨੂੰ ਨਸੀਹਤ

12/28/2019 12:36:31 PM

ਫਗਵਾੜਾ (ਹਰਜੋਤ)— ਪੰਜਾਬੀ ਨੌਜਵਾਨਾਂ ਦੇ ਫਰਜ਼ੀ ਟਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਵਿਦੇਸ਼ਾਂ 'ਚ ਖੱਜਲ-ਖੁਆਰ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਤਾਜ਼ਾ ਮਾਮਲਾ ਪਿੰਡ ਸਾਹਨੀ ਦੇ ਨੌਜਵਾਨ ਕੁਲਦੀਪ ਕੁਮਾਰ (28) ਦਾ ਸਾਹਮਣੇ ਆਇਆ ਹੈ, ਜੋ ਫਰਜ਼ੀ ਟ੍ਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਹੋ ਗਿਆ। ਘਰ ਦੀ ਗਰੀਬੀ ਨੂੰ ਦੂਰ ਕਰਨ ਦਾ ਸੁਪਨਾ ਲੈ ਕੇ ਨੌਜਵਾਨ ਕੁਲਦੀਪ ਕੁਮਾਰ ਦੁਬਈ ਗਿਆ ਸੀ ਪਰ ਜਦੋਂ ਫਰਜ਼ੀ ਏਜੰਟ ਵੱਲੋਂ ਦਿਖਾਏ ਸਬਜ਼ ਬਾਗ ਦੀ ਹਕੀਕਤ ਨਜ਼ਰ ਆਈ ਤਾਂ ਉਸ ਦਾ ਘਰ ਵਾਪਸ ਮੁੜਨਾ ਵੀ ਔਖਾ ਹੋ ਗਿਆ।

40 ਦਿਨਾਂ ਬਾਅਦ ਪਰਤਿਆ ਘਰ
ਮਜ਼ਦੂਰ ਪਿਤਾ ਦੀ ਹੱਕ-ਹਲਾਲ ਦੀ ਕਮਾਈ ਅਤੇ ਕਰਜ਼ੇ ਦੀ ਰਕਮ ਨੂੰ ਦਾਅ 'ਤੇ ਲਾ ਕੇ ਬੀਤੀ 13 ਨਵੰਬਰ ਨੂੰ ਯੂ. ਏ. ਈ. ਦੇ ਸ਼ਹਿਰ ਫਜੀਰਾ (ਦੁਬਈ) ਪਹੁੰਚੇ ਕੁਲਦੀਪ ਕੁਮਾਰ ਪੁੱਤਰ ਮਹਿੰਦਰ ਪਾਲ ਵਾਸੀ ਸਾਹਨੀ ਨੂੰ ਬੇਸ਼ੱਕ ਘਰ ਵਾਪਸੀ ਲਈ ਜ਼ਿਆਦਾ ਲੰਬਾ ਇੰਤਜ਼ਾਰ ਨਹੀਂ ਕਰਨਾ ਪਿਆ ਪਰ ਕਰੀਬ 40 ਦਿਨ ਬਾਅਦ ਜਦੋਂ ਬੀਤੇ ਦਿਨ ਵਾਪਸ ਪਰਤਿਆ ਤਾਂ ਉਸ ਨੇ ਜੋ ਆਪ ਬੀਤੀ ਸੁਣਾਈ ਉਹ ਵਿਦੇਸ਼ 'ਚ ਸੈਟਲ ਹੋਣ ਦੀ ਇੱਛਾ ਰੱਖਣ ਵਾਲੇ ਗਰੀਬ ਅਤੇ ਨਿਮਨ ਮੱਧ ਵਰਗ ਦੇ ਅਨੇਕਾਂ ਨੌਜਵਾਨਾਂ ਲਈ ਇਕ ਸਬਕ ਜ਼ਰੂਰ ਸਾਬਤ ਹੋਈ।

ਪਿੰਡ ਸਾਹਨੀ 'ਚ ਕਰਦਾ ਸੀ ਹੇਅਰ ਕਟਿੰਗ ਦਾ ਕੰਮ
ਗੱਲਬਾਤ ਕਰਦੇ ਪੀੜਤ ਕੁਲਦੀਪ, ਪਿਤਾ ਮਹਿੰਦਰ ਪਾਲ, ਮਾਤਾ ਭਜਨ ਕੌਰ ਨੇ ਦੱਸਿਆ ਕਿ ਕਿ ਉਹ ਪਿੰਡ ਸਾਹਨੀ 'ਚ ਹੀ ਹੇਅਰ ਕਟਿੰਗ ਦਾ ਕੰਮ ਕਰਦਾ ਸੀ। ਉਸ ਨੂੰ ਪਿੰਡ ਦੇ ਹੀ ਸ਼ਿੰਦ ਪਾਲ ਪੁੱਤਰ ਬੌਂਸੀ ਲਾਲ ਅਤੇ ਉਸ ਦੇ ਲੜਕੇ ਮਨਜੀਤ ਕੁਮਾਰ ਨੇ ਲਾਲਚ ਦਿੱਤਾ ਕਿ ਹੋਟਲ 'ਚ ਹੈਲਪਰ ਦੇ ਕੰਮ ਲਈ ਵਿਦੇਸ਼ ਦੁਬਈ ਭੇਜ ਦਿੰਦੇ ਹਾਂ ਜਿੱਥੇ ਇੰਡੀਅਨ ਕਰੰਸੀ 'ਚ ਕਰੀਬ 20 ਹਜ਼ਾਰ ਰੁਪਏ ਮਹੀਨਾ ਤਨਖਾਹ ਅਤੇ ਓਵਰ ਟਾਈਮ ਦੇ ਪੈਸੇ ਵੱਖਰੇ ਮਿਲਣਗੇ। ਉਸ ਨੇ ਸ਼ਿੰਦ ਪਾਲ ਅਤੇ ਮਨਜੀਤ ਕੁਮਾਰ 'ਤੇ ਯਕੀਨ ਕਰ ਲਿਆ। ਇਕ ਲੱਖ ਰੁਪਏ 'ਚ ਗੱਲ ਪੱਕੀ ਕਰਕੇ ਪਿਤਾ ਤੋਂ ਇਲਾਵਾ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਤੋਂ ਕਰਜ਼ਾ ਲੈ ਕੇ ਸ਼ਿੰਦ ਪਾਲ ਨੂੰ ਪਾਸਪੋਰਟ ਅਤੇ ਪੈਸੇ ਦੇ ਦਿੱਤੇ।

13 ਨਵੰਬਰ 2019 ਨੂੰ ਉਹ ਟੂਰਿਸਟ ਵੀਜ਼ੇ 'ਤੇ ਦੁਬਈ ਦੇ ਸ਼ਹਿਰ ਫਜੀਰਾ ਪੁੱਜਾ। ਏਜੰਟ ਨੇ ਦੱਸਿਆ ਸੀ ਕਿ ਵਰਕ ਵੀਜ਼ਾ ਉੱਧਰ ਜਾ ਕੇ ਕਾਗਜ਼ ਬਣਨ 'ਤੇ ਲਗ ਜਾਵੇਗਾ ਪਰ ਉਸ ਨੂੰ ਹੋਟਲ 'ਚ ਕੋਈ ਕੰਮ ਨਹੀਂ ਦੁਆਇਆ ਗਿਆ ਅਤੇ ਨਾ ਹੀ ਵਾਅਦੇ ਅਨੁਸਾਰ ਰਹਿਣ ਲਈ ਕੋਈ ਰਿਹਾਇਸ਼ ਦਿੱਤੀ ਗਈ ਹੈ। ਉਹ ਰੋਟੀ-ਪਾਣੀ ਤੋਂ ਵੀ ਤੰਗ ਸੀ। ਫਿਰ ਕਾਗਜ਼ ਤਿਆਰ ਕਰਨ ਲਈ ਉੱਥੋਂ ਦੀ ਕਰੰਸੀ 'ਚ 7 ਹਜ਼ਾਰ ਦਰਾਮ (ਕਰੀਬ 1 ਲੱਖ 26 ਹਜ਼ਾਰ ਰੁਪਏ ਭਾਰਤੀ ਕਰੰਸੀ) ਦੀ ਮੰਗ ਕੀਤੀ ਗਈ ਜੋ ਕਿ ਉਸ ਦੇ ਪਿਤਾ ਦੀ ਹੈਸੀਅਤ 'ਚ ਨਹੀਂ ਸੀ।

ਹੋਟਲ 'ਚ ਕੰਮ ਕਰਨ ਦਾ ਦੱਸ ਕੇ ਦਿੱਤਾ ਗਟਰ ਸਾਫ ਕਰਨ ਦਾ ਕੰਮ
ਕੁਲਦੀਪ ਅਨੁਸਾਰ ਉਸ ਨਾਲ ਹੋਟਲ 'ਚ ਹੈਲਪਰ ਦਾ ਕੰਮ ਦੁਆਉਣ ਦੀ ਗੱਲ ਹੋਈ ਸੀ ਪਰ ਉਸ ਨੂੰ ਦੁਬਈ 'ਚ ਗਟਰ ਸਾਫ ਕਰਨ ਦਾ ਕੰਮ ਦਿੱਤਾ ਗਿਆ। ਜਿਸ 'ਚ 12 ਘੰਟੇ ਦੀ ਡਿਊਟੀ ਅਤੇ 4 ਘੰਟੇ ਓਵਰ ਟਾਈਮ ਦੀ ਸ਼ਰਤ ਸ਼ਾਮਲ ਸੀ। ਕੁਲਦੀਪ ਨੇ ਦੱਸਿਆ ਕਿ ਉਹ ਕਾਫੀ ਦਿਨਾਂ ਤਕ ਭੁੱਖਾ ਰਿਹਾ ਅਤੇ ਫਿਰ ਮਜਬੂਰ ਹੋ ਕੇ ਫਜੀਰਾ ਦੀ ਫਾਤਿਮਾ ਮਾਰਕੀਟ 'ਚ ਇਕ ਬੰਗਲਾਦੇਸ਼ੀ ਸੈਲੂਨ ਮਾਲਿਕ ਨਾਲ ਗੱਲ ਕੀਤੀ ਤਾਂ ਉਸਨੇ ਕੰਮ ਦੇਣ ਅਤੇ ਕਾਗਜ਼ ਬਨਵਾਉਣ ਦਾ ਭਰੋਸਾ ਦਿੱਤਾ ਪਰ ਬੰਗਲਾਦੇਸ਼ੀ ਸੈਲੂਨ ਮਾਲਕ ਬਿਲਾਲ ਨੇ ਵੀ ਉਸ ਦਾ ਪਾਸਪੋਰਟ ਲੈ ਕੇ ਆਰਥਿਕ ਸ਼ੋਸ਼ਣ ਕੀਤਾ। ਕੰਮ ਕਰਵਾਉਣ ਦੇ ਬਦਲੇ ਨਾ ਤਾਂ ਪੈਸੇ ਹੀ ਦਿੰਦਾ ਸੀ ਅਤੇ ਨਾ ਹੀ ਕਾਗਜ਼ ਬਣਵਾ ਰਿਹਾ ਸੀ।

ਕਾਫੀ ਜੱਦੋ-ਜਹਿਦ ਤੋਂ ਬਾਅਦ ਉਸ ਨੇ ਕਿਸੇ ਤਰ੍ਹਾਂ ਆਪਣੇ ਮਾਪਿਆਂ ਨਾਲ ਸੈਲੂਨ ਮਾਲਿਕ ਦੀ ਗੱਲ ਕਰਵਾਈ ਅਤੇ ਉਸਨੇ ਵੀ ਕਰੀਬ 40 ਹਜ਼ਾਰ ਰੁਪਏ ਭੇਜਣ 'ਤੇ ਹੀ ਪਾਸਪੋਰਟ ਦਿੱਤਾ ਅਤੇ ਵੀਜ਼ਾ ਲਗਵਾ ਕੇ ਉਹ ਵਾਪਸ ਭਾਰਤ ਆਪਣੇ ਘਰ ਪਰਤਿਆ ਹੈ।
ਕੁਲਦੀਪ ਨੇ ਕਿਹਾ ਕਿ ਉਹ ਹੁਣ ਵਿਦੇਸ਼ ਨਾ ਜਾ ਕੇ ਇÎਥੇ ਹੀ ਮਿਹਨਤ ਮਜ਼ਦੂਰੀ ਕਰੇਗਾ, ਨਾਲ ਹੀ ਉਸ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਫਰਜ਼ੀ ਟਰੈਵਲ ਏਜੰਟਾਂ ਦੇ ਝਾਂਸੇ 'ਚ ਨਾ ਆਉਣ ਕਿਉਂਕਿ ਵਿਦੇਸ਼ ਦੇ ਜੋ ਸਬਜ਼ ਬਾਗ ਏਜੰਟਾਂ ਵੱਲੋਂ ਦਿਖਾਏ ਜਾਂਦੇ ਹਨ, ਉਸ 'ਚ ਕੋਈ ਸੱਚਾਈ ਨਹੀਂ ਹੁੰਦੀ। ਕੁਲਦੀਪ ਦੇ ਪਿਤਾ ਮਹਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਏਜੰਟ ਖਿਲਾਫ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਹੋਈ ਹੈ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।

ਸ਼ਿਕਾਇਤ ਮਿਲਣ 'ਤੇ ਕੀਤੀ ਜਾਵੇਗੀ ਬਣਦੀ ਕਾਰਵਾਈ : ਐੱਸ. ਐੱਚ. ਓ.
ਦੂਜੇ ਪਾਸੇ ਐੱਸ. ਐੱਚ. ਓ. ਰਾਵਲਪਿੰਡੀ ਸ਼ਮਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਨਹੀਂ ਪਹੁੰਚੀ ਹੈ। ਜਦੋਂ ਵੀ ਸ਼ਿਕਾਇਤ ਮਿਲੇਗੀ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਕਿਸੇ ਵੀ ਹਾਲਤ 'ਚ ਬਖਸ਼ਿਆ ਨਹੀਂ ਜਾਵੇਗਾ।

shivani attri

This news is Content Editor shivani attri