ਜਲੰਧਰ ਸ਼ਹਿਰ ''ਚ ਠੱਗੀ ਦਾ ਅਨੋਖਾ ਮਾਮਲਾ, ਦੇਖੋ ਕਿਵੇਂ 4 ਕਰੋੜ ਦਾ ਲਗਾਇਆ ਚੂਨਾ

10/12/2019 11:39:31 AM

ਜਲੰਧਰ (ਖੁਰਾਣਾ)— ਕੁਝ ਸਮਾਂ ਪਹਿਲਾਂ ਇਕ ਆਈ. ਪੀ. ਐੱਸ. ਅਧਿਕਾਰੀ ਰਾਕੇਸ਼ ਸੂਰੀ ਦੇ ਨਾਂ 'ਤੇ ਥੋੜ੍ਹੇ-ਥੋੜ੍ਹੇ ਪੈਸੇ ਠੱਗਣ ਵਾਲੇ ਸ਼ਹਿਰ ਦੇ ਨਟਵਰਲਾਲ ਠੱਗ ਦੀਆਂ ਸਰਗਰਮੀਆਂ ਤਾਂ ਚਰਚਾ 'ਚ ਆਉਣ ਤੋਂ ਬਾਅਦ ਭਾਵੇਂ ਬੰਦ ਹੋ ਚੁੱਕੀਆਂ ਹਨ ਪਰ ਇਨ੍ਹੀਂ ਦਿਨੀਂ ਸ਼ਹਿਰ 'ਚ ਨਟਵਰਲਾਲ ਵਰਗੀ ਠੱਗੀ ਦਾ ਇਕ ਹੋਰ ਮਾਮਲਾ ਬੇਹੱਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ 'ਚ ਸ਼ਹਿਰ ਦੇ ਇਕ ਨਾਮੀ ਡੀਡ ਰਾਈਟਰ ਨੂੰ ਇਹ ਕਹਿ ਕੇ ਕਰੀਬ 4 ਕਰੋੜ ਰੁਪਏ ਠੱਗ ਲਏ ਗਏ ਕਿ ਉਸ ਦੇ ਬੇਟੇ ਨੂੰ ਡਾਇਰੈਕਟ ਆਈ. ਪੀ. ਐੱਸ./ ਆਈ. ਏ. ਐੱਸ. ਅਫਸਰ ਭਰਤੀ ਕਰਵਾ ਦਿੱਤਾ ਜਾਵੇਗਾ, ਜਿਸ ਲਈ ਉਸ ਨੂੰ ਕੋਈ ਐਗਜ਼ਾਮ ਆਦਿ ਨਹੀਂ ਦੇਣਾ ਪਵੇਗਾ। ਠੱਗੀ ਦੇ ਇਸ ਅਨੋਖੇ ਮਾਮਲੇ ਦੀ ਰਿਪੋਰਟ ਜਲੰਧਰ ਪੁਲਸ ਤੱਕ ਪਹੁੰਚ ਚੁੱਕੀ ਹੈ ਅਤੇ ਪੁਲਸ ਇਸ ਮਾਮਲੇ 'ਚ ਕਦੇ ਵੀ ਐੱਫ. ਆਈ. ਆਰ. ਦਰਜ ਕਰ ਸਕਦੀ ਹੈ।

ਇਸ ਮਾਮਲੇ 'ਚ ਸਾਰਾ ਦੋਸ਼ ਦੋ ਨੌਜਵਾਨਾਂ ਦੇ ਸਿਰ ਮੜ੍ਹਿਆ ਜਾ ਰਿਹਾ ਹੈ, ਜਿਨ੍ਹਾਂ 'ਚੋਂ ਇਕ 'ਸੀ. ਸੀ.' ਨਾਂ ਦਾ ਰਬੜ ਕਾਰੋਬਾਰੀ ਹੈ, ਜਦੋਂਕਿ ਦੂਜਾ 'ਪੀ' ਨਾਂ ਦਾ ਨੌਜਵਾਨ ਕਿਸ਼ਨਪੁਰਾ ਵਾਸੀ ਦੱਸਿਆ ਜਾ ਰਿਹਾ ਹੈ ਅਤੇ ਲਗਜ਼ਰੀ ਬੱਸਾਂ ਦਾ ਮਾਲਕ ਦੱਸਿਆ ਜਾ ਰਿਹਾ ਹੈ। ਦੋਸ਼ ਤਾਂ ਇਹ ਵੀ ਹੈ ਕਿ ਇਹ ਬੱਸਾਂ ਠੱਗੀ ਦੇ ਪੈਸਿਆਂ ਨਾਲ ਹੀ ਖਰੀਦੀਆਂ ਗਈਆਂ ਹਨ ਪਰ ਸਾਰੀ ਕਹਾਣੀ ਜਲੰਧਰ ਪੁਲਸ ਦੀ ਜਾਂਚ ਤੋਂ ਬਾਅਦ ਹੀ ਸਾਫ ਹੋਵੇਗੀ। ਫਿਲਹਾਲ ਇਸ ਠੱਗੀ ਦੇ ਮਾਮਲੇ ਦੀ ਜਾਂਚ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਧਿਆਨ 'ਚ ਹੈ ਅਤੇ ਉਨ੍ਹਾਂ ਏ. ਡੀ. ਸੀ. ਪੀ. (ਇਨਵੈਸਟੀਗੇਸ਼ਨ) ਨੂੰ ਜਾਂਚ ਦਾ ਕੰਮ ਸੌਂਪਿਆ ਹੋਇਆ ਹੈ। ਇਸ ਮਾਮਲੇ 'ਚ ਜਲਦੀ ਹੀ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਹੀ ਪੁਲਸ ਅਗਲੀ ਕਾਰਵਾਈ ਕਰੇਗੀ।

ਖੁਦ 16 ਕਲਾਂ ਸੰਪੂਰਨ ਹੈ ਡੀਡ ਰਾਈਟਰ
ਜਲੰਧਰ ਕਚਹਿਰੀਆਂ 'ਚ ਖਾਸ ਥਾਂ 'ਤੇ ਖਾਸ ਪ੍ਰਭਾਵ ਰੱਖਣ ਵਾਲਾ ਡੀਡ ਰਾਈਟਰ, ਜਿਸ ਨਾਲ ਕਰੋੜਾਂ ਰੁਪਏ ਦੀ ਠੱਗੀ ਹੋਈ ਦੱਸੀ ਜਾ ਰਹੀ ਹੈ, ਖੁਦ 16 ਕਲਾਂ ਸੰਪੂਰਨ ਹੈ ਅਤੇ ਕਈ ਆਈ. ਏ. ਐੈੱਸ/ ਪੀ. ਸੀ. ਐੱਸ. ਅਫਸਰ ਉਸ ਦੇ ਕਰੀਬੀ ਹਨ। ਇਸ ਲਈ ਕਈਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਜੋ ਸਖਸ਼ ਖੁਦ ਸਾਰਾ ਦਿਨ ਅਫਸਰਾਂ 'ਚ ਰਹਿੰਦਾ ਹੈ, ਕੀ ਉਸ ਨੂੰ ਆਈ. ਏ. ਐੈੱਸ. /ਆਈ. ਪੀ. ਐੱਸ. ਅਫਸਰ ਭਰਤੀ ਦੇ ਪ੍ਰੋਸੀਜ਼ਰ ਬਾਰੇ ਜਾਣਕਾਰੀ ਨਹੀਂ ਹੈ। ਕਿਵੇਂ ਉਹ ਇਕ-ਦੋ ਨੌਜਵਾਨਾਂ ਦੇ ਝਾਂਸੇ 'ਚ ਆ ਕੇ ਆਪਣੇ ਬੇਟੇ ਵਿਸ਼ੂ ਨੂੰ ਡਾਇਰੈਕਟ ਅਫਸਰ ਭਰਤੀ ਕਰਵਾਉਣ ਲਈ ਸਮੇਂ-ਸਮੇਂ 'ਤੇ ਲੱਖਾਂ ਰੁਪਏ ਦਿੰਦਾ ਰਿਹਾ ਜੋ ਰਕਮ ਅੱਜ ਕਰੋੜਾਂ ਰੁਪਏ 'ਚ ਪਹੁੰਚ ਗਈ ਹੈ। ਵੈਸੇ ਇਸ ਡੀਡ ਰਾਈਟਰ ਕੋਲ ਇੰਨੇ ਸਬੂਤ ਤਾਂ ਹਨ ਕਿ ਕਿਵੇਂ ਉਸ ਨੇ ਬੈਂਕ 'ਚੋਂ ਕੈਸ਼ ਕੱਢਵਾ ਕੇ ਠੱਗਾਂ ਨੂੰ ਸਮੇਂ-ਸਮੇਂ 'ਤੇ ਦਿੱਤੇ ਅਤੇ ਕੁਝ ਪੈਸੇ ਬੈਂਕ ਟਰਾਂਸਫਰ ਦੇ ਜ਼ਰੀਏ ਵੀ ਦਿੱਤੇ ਗਏ।

2013 ਤੋਂ ਚੱਲ ਰਿਹਾ ਹੈ ਠੱਗੀ ਦਾ ਮਾਮਲਾ
ਡਾਇਰੈਕਟ ਅਫਸਰ ਭਰਤੀ ਕਰਵਾਉਣ ਦੇ ਨਾਂ 'ਤੇ ਪੈਸੇ ਠੱਗਣ ਦਾ ਇਹ ਮਾਮਲਾ ਇਨ੍ਹੀਂ ਦਿਨੀਂ ਨਹੀਂ ਸਗੋਂ ਪਿਛਲੇ 6 ਸਾਲਾਂ ਤੋਂ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਠੱਗੀ ਦੀ ਨੀਂਹ 2013 'ਚ ਰੱਖੀ ਗਈ, ਜਦੋਂ ਸੀ. ਸੀ., ਪੀ. ਅਤੇ ਵਿਸ਼ੂ ਆਦਿ ਪੇਪਰ ਦੇਣ ਲਈ ਕਪੂਰਥਲਾ ਅਤੇ ਹੋਰ ਥਾਵਾਂ 'ਤੇ ਇਕੱਠੇ ਹੋਏ ਅਤੇ ਉਥੇ ਡੀਡ ਰਾਈਟਰ ਦੇ ਸਪੁੱਤਰ ਨੂੰ ਸਿੱਧਾ ਅਫਸਰ ਭਰਤੀ ਹੋਣ ਦਾ ਸੁਪਨਾ ਵਿਖਾਇਆ ਗਿਆ।

ਜੇਤਲੀ ਦੇ ਨਾਂ ਨਾਲ ਜਾਰੀ ਚਿੱਠੀ ਵੀ ਹੈ ਇਕ ਸਬੂਤ
ਸ਼ਿਕਾਇਤਕਰਤਾ ਕੋਲ ਇਕ ਚਿੱਠੀ ਵੀ ਮੌਜੂਦ ਹੈ, ਜੋ ਅਰੁਣ ਜੇਤਲੀ (ਹੁਣ ਸਵਰਗਵਾਸੀ) ਦੇ ਨਾਂ ਨਾਲ ਜਾਰੀ ਹੈ ਅਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਠੱਗੀ ਕਰਨ ਲਈ ਉਸ ਚਿੱਠੀ ਦੀ ਵਰਤੋਂ ਕੀਤੀ ਗਈ। ਹੁਣ ਸਵਾਲ ਇਹ ਹੈ ਕਿ ਮੁਲਜ਼ਮ ਠੱਗਾਂ ਨੇ ਇਸ ਚਿੱਠੀ ਨੂੰ ਤਿਆਰ ਕਰਵਾਇਆ ਜਾਂ ਇਸ ਨੂੰ ਕਿਸ ਨੇ ਅਤੇ ਕਿਵੇਂ ਜਾਰੀ ਕੀਤਾ, ਜਲੰਧਰ ਪੁਲਸ ਆਉਣ ਵਾਲੇ ਸਮੇਂ ਵਿਚ ਜਾਂਚ ਕਰਕੇ ਹੀ ਇਸ ਦਾ ਖੁਲਾਸਾ ਕਰ ਸਕਦੀ ਹੈ।

ਜਲੰਧਰ 'ਚ ਬਤੌਰ ਡੀ. ਸੀ. ਪੀ. ਵੀ ਤਾਇਨਾਤ ਕਰਵਾ ਦਿੱਤਾ ਸੀ
ਮੁਲਜ਼ਮ ਠੱਗਾਂ ਨੇ ਡਾਇਰੈਕਟ ਆਈ. ਪੀ. ਐੱਸ. ਅਫਸਰ ਭਰਤੀ ਕਰਵਾਉਣ ਦਾ ਲਾਲਚ ਦੇ ਕੇ ਡੀਡ ਰਾਈਟਰ ਦੇ ਪਰਿਵਾਰ ਨੂੰ ਪੁਲਸ ਅਧਿਕਾਰੀ ਦੀ ਇਕ ਵਰਦੀ ਤਕ ਭਿਜਵਾ ਦਿੱਤੀ ਸੀ ਅਤੇ ਇਕ ਫਰਜ਼ੀ ਲੈਟਰ ਜਾਰੀ ਕਰ ਕੇ ਨਵੇਂ ਬਣ ਰਹੇ ਆਈ. ਪੀ. ਐੱਸ. ਅਧਿਕਾਰੀ ਨੂੰ ਜਲੰਧਰ ਪੁਲਸ ਦਾ ਡੀ. ਸੀ. ਪੀ. ਤਾਇਨਾਤ ਕਰਵਾ ਦਿੱਤਾ ਸੀ। ਇਸ ਮਾਮਲੇ 'ਚ ਵੀ ਪੁਲਸ ਪਤਾ ਕਰਵਾਉਣ ਵਿਚ ਜੁਟੀ ਹੈ ਕਿ ਆਈ. ਪੀ. ਐੱਸ. ਅਫਸਰ ਦੀ ਵਰਦੀ ਕਿਵੇਂ ਅਤੇ ਕਿਸ ਦੇ ਜ਼ਰੀਏ ਤਿਆਰ ਹੋਈ ਅਤੇ ਪਹੁੰਚੀ ਅਤੇ ਬਤੌਰ ਡੀ. ਸੀ. ਪੀ. ਪੋਸਟਿੰਗ ਦੇ ਆਰਡਰ ਕਿੱਥੋਂ ਤੇ ਕਿਸ ਨੇ ਤਿਆਰ ਕੀਤੇ।

ਯੂ. ਪੀ. ਤੋਂ ਦਿੱਲੀ ਵੀ ਲਿਜਾਇਆ ਗਿਆ ਡੀਡ ਰਾਈਟਰ ਦਾ ਪਰਿਵਾਰ
ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਨਟਵਰਲਾਲ ਠੱਗਾਂ ਨੇ ਡੀਡ ਰਾਈਟਰ ਦੇ ਪਰਿਵਾਰ ਦਾ ਵਿਸ਼ਵਾਸ ਜਿੱਤਣ ਲਈ ਉਸ ਨੂੰ ਦਿੱਲੀ ਸਥਿਤ ਯੂ. ਪੀ. ਐੱਸ. ਸੀ. ਦਫਤਰ ਦੀ ਸੈਰ ਵੀ ਕਰਵਾਈ। ਜ਼ਿਕਰਯੋਗ ਹੈ ਕਿ ਆਈ. ਏ. ਐੱਸ./ਆਈ ਪੀ. ਐੱਸ. ਜਿਹੇ ਉਚ ਅਫਸਰਾਂ ਦੀ ਭਰਤੀ ਯੂ. ਪੀ. ਐੱਸ. ਸੀ. ਦੇ ਰਾਹੀਂ ਹੁੰਦੀ ਹੈ। ਦੋਸ਼ ਹਨ ਕਿ ਠੱਗਾਂ ਨੇ ਯੂ. ਪੀ. ਐੱਸ. ਸੀ. ਦਫਤਰ 'ਚ ਡੀਡ ਰਾਈਟਰ ਦੇ ਪਰਿਵਾਰ ਨੂੰ ਕੁਝ ਅਜਿਹੇ ਦਸਤਾਵੇਜ਼ ਦਿਖਾਏ ਜਿਨ੍ਹਾਂ 'ਤੇ ਉਨ੍ਹਾਂ ਦੇ ਪੁੱਤਰ ਦਾ ਨਾਂ ਤੱਕ ਲਿਖਿਆ ਹੋਇਆ ਸੀ।

ਪੂਰੇ ਮਾਮਲੇ 'ਚ ਸਰਗਰਮ ਹਨ ਭਾਜਪਾ ਆਗੂ
ਵੈਸੇ ਤਾਂ ਇਹ ਮਾਮਲਾ ਇਕ ਡੀਡ ਰਾਈਟਰ ਤੇ ਦੋ ਮੁਲਜ਼ਮ ਨੌਜਵਾਨਾਂ ਦਰਮਿਆਨ ਦਾ ਹੀ ਹੈ ਪਰ ਸੰਯੋਗ ਨਾਲ ਇਸ ਮਾਮਲੇ 'ਚ ਭਾਰਤੀ ਜਨਤਾ ਪਾਰਟੀ ਦੇ ਆਗੂ ਜੁੜੇ ਹੋਏ ਹਨ। ਲੁਧਿਆਣਾ ਨਗਰ ਨਿਗਮ ਦਾ ਇਕ ਸਾਬਕਾ ਭਾਜਪਾ ਕੌਂਸਲਰ ਇਸ ਮਾਮਲੇ 'ਚ ਕਾਫੀ ਸਰਗਰਮ ਨਜ਼ਰ ਆ ਰਿਹਾ ਹੈ। ਪਿਛਲੇ ਦਿਨੀਂ ਜਲੰਧਰ ਦੇ ਇਕ ਸਾਬਕਾ ਭਾਜਪਾ ਮੰਤਰੀ ਦੇ ਡਰਾਇੰਗ ਰੂਮ 'ਚ ਵੀ ਇਸ ਫਰਾਡ ਨੂੰ ਲੈ ਕੇ ਮੀਟਿੰਗਾਂ ਹੋਈਆਂ ਪਰ ਹੁਣ ਸਾਬਕਾ ਮੰਤਰੀ ਨੇ ਇਸ ਮਾਮਲੇ ਵਿਚ ਆਪਣਾ ਪੱਲਾ ਝਾੜ ਲਿਆ ਹੈ। ਇਸ ਮਾਮਲੇ ਵਿਚ ਸ਼ਿਕਾਇਤਕਰਤਾ ਦਾ ਸਾਥ ਦੇ ਰਿਹਾ ਸ਼ਖਸ ਵੀ ਕਿਲੇ ਮੁਹੱਲੇ ਦਾ ਭਾਜਪਾ ਆਗੂ ਹੀ ਹੈ। ਸੁਣਨ 'ਚ ਤਾਂ ਇਹ ਵੀ ਆਇਆ ਹੈ ਕਿ ਇਸ ਮਾਮਲੇ ਵਿਚ ਹਰਿਆਣਾ ਦੇ ਇਕ ਮੰਤਰੀ ਦਾ ਨਾਂ ਵੀ ਆ ਰਿਹਾ ਹੈ, ਜਿਸ ਦਾ ਖੁਲਾਸਾ ਜਲੰਧਰ ਪੁਲਸ ਦੀ ਜਾਂਚ ਤੋਂ ਬਾਅਦ ਹੀ ਹੋਵੇਗਾ।

shivani attri

This news is Content Editor shivani attri