ਵੀਨਾ ਬੇਦੀ ਨੂੰ ਕੁਵੈਤੀ ਸ਼ੇਖ ਦੀ ਕੈਦ 'ਚੋਂ ਛੁਡਵਾ ਜਲਦ ਭਾਰਤ ਵਾਪਸ ਲਿਆਂਦਾ ਜਾਵੇਗਾ : ਖੰਨਾ

07/21/2019 11:12:21 AM

ਹੁਸ਼ਿਆਰਪੁਰ/ਗੁਰਦਾਸਪੁਰ/ਧਾਰੀਵਾਲ (ਘੁੰਮਣ)— ਕੁਵੈਤ 'ਚ ਫਸੀ ਗੁਰਦਾਸਪੁਰ ਦੇ ਧਾਰੀਵਾਲ ਦੀ ਰਹਿਣ ਵਾਲੀ ਮਹਿਲਾ ਵੀਨਾ ਬੇਦੀ ਦੇ ਬੇਟੇ ਰੋਹਿਤ ਬੇਦੀ ਨੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਦੇ ਰਾਸ਼ਟਰੀ ਉੱਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੀ ਵਿਥਿਆ ਸੁਣਾਈ ਅਤੇ ਆਪਣੀ ਮਾਂ ਨੂੰ ਕੁਵੈਤੀ ਸ਼ੇਖ ਦੀ ਕੈਦ 'ਚੋਂ ਛੁਡਵਾ ਕੇ ਜਲਦ ਸੁਰੱਖਿਅਤ ਭਾਰਤ ਲਿਆਉਣ ਦੀ ਫਰਿਆਦ ਕੀਤੀ। ਦੱਸਿਆ ਜਾ ਰਿਹਾ ਹੈ ਕਿ ਵੀਨਾ ਨੂੰ ਟਰੈਵਲ ਏਜੰਟਾਂ ਨੇ ਕੁਵੈਤ 'ਚ ਕਿਸੇ ਸ਼ੇਖ ਦੇ ਕੋਲ ਵੇਚ ਦਿੱਤਾ ਸੀ। 

ਖੰਨਾ ਦੇ ਦਫਤਰ 'ਚ ਜੋਤੀ ਕੁਮਾਰ ਜੋਲੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱÎਸਿਆ ਕਿ ਆਪਣੀ ਮਾਂ ਵੀਨਾ ਬੇਦੀ ਨੂੰ ਭਾਰਤ ਵਾਪਸ ਲਿਆਉਣ ਲਈ ਖੰਨਾ ਨੂੰ ਰੋਹਿਤ ਬੇਦੀ ਵੱਲੋਂ ਸੌਂਪੇ ਗਏ ਬੇਨਤੀ ਪੱਤਰ ਅਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਵੀਨਾ ਨੂੰ ਕਰੀਬ 1 ਸਾਲ ਪਹਿਲਾਂ ਅੰਮ੍ਰਿਤਸਰ ਦੇ ਮੁਖਤਿਆਰ ਸਿੰਘ ਨਾਮੀ ਟਰੈਵਲ ਏਜੰਟ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਆਪਣੇ ਸਹਿਯੋਗੀ ਏਜੰਟਾਂ ਕੋਲ ਮੁੰਬਈ 'ਚ ਵੇਚ ਦਿੱਤਾ ਸੀ। ਜਿਨ੍ਹਾਂ ਨੇ ਅੱਗੇ ਕਿਸੇ ਕੁਵੈਤੀ ਸ਼ੇਖ ਕੋਲ 1200 ਕੇ. ਡੀ., ਜਿਸ ਦੀ ਭਾਰਤੀ ਕਰੰਸੀ ਅਨੁਸਾਰ ਕੀਮਤ 2.70 ਲੱਖ ਰੁਪਏ ਬਣਦੀ ਹੈ, 'ਚ ਵੇਚ ਦਿੱਤਾ ਸੀ। ਇਸ ਘਟਨਾ ਦੇ ਕਰੀਬ 3 ਮਹੀਨੇ ਬਾਅਦ ਵੀਨਾ ਦੇਵੀ ਨੇ ਕਿਸੇ ਤਰ੍ਹਾਂ ਆਪਣੇ ਪਤੀ ਸੁਰਿੰਦਰ ਬੇਦੀ ਨਾਲ ਫੋਨ 'ਤੇ ਸੰਪਰਕ ਕਰਕੇ ਉਸ ਨੂੰ ਕੁਵੈਤੀ ਸ਼ੇਖ ਦੀ ਕੈਦ 'ਚੋਂ ਛੁਡਵਾਉਣ ਲਈ ਕਿਹਾ।

ਇਸ ਉਪਰੰਤ ਕਰੀਬ ਢਾਈ ਮਹੀਨੇ ਬਾਅਦ ਵੀਨਾ ਬੇਦੀ ਨੇ ਦੋਬਾਰਾ ਫੋਨ ਕਰਕੇ ਆਪਣੇ ਪਤੀ ਸੁਰਿੰਦਰ ਬੇਦੀ ਨੂੰ ਉਸ ਨੂੰ ਛੁਡਵਾਉਣ ਲਈ ਕਿਹਾ। ਜਿਸ 'ਤੇ ਉਕਤ ਏਜੰਟ ਵਿਰੁੱਧ ਪੁਲਸ ਨੂੰ ਪਹਿਲਾਂ ਸੁਰਿੰਦਰ ਬੇਦੀ ਅਤੇ ਬਾਅਦ 'ਚ ਉਸ ਦੇ ਬੇਟੇ ਰੋਹਿਤ ਬੇਦੀ ਨੇ ਸ਼ਿਕਾਇਤ ਕੀਤੀ। ਜਿਸ ਦੇ ਉਪਰੰਤ ਪੁਲਸ ਵੱਲੋਂ ਹਰਕਤ 'ਚ ਆ ਉਕਤ ਏਜੰਟ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਗਈ। ਜਿਸ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ। ਇਸੇ ਦੌਰਾਨ ਰੋਹਿਤ ਬੇਦੀ ਨੇ ਕੁਵੈਤ 'ਚ ਕਿਸੇ ਸਮਾਜ ਸੇਵੀ ਨਾਲ ਸੰਪਰਕ ਕਰਕੇ ਕੁਵੈਤੀ ਸ਼ੇਖ, ਜਿਸ ਕੋਲ ਉਸ ਦੀ ਮਾਂ ਕੈਦ ਹੈ, ਤੱਕ ਪਹੁੰਚ ਕੀਤੀ। ਕੁਵੈਤੀ ਸ਼ੇਖ ਨੇ ਸਾਫ ਸ਼ਬਦਾਂ 'ਚ ਕਿਹਾ ਕਿ ਉਸ ਨੇ ਵੀਨਾ ਬੇਦੀ ਨੂੰ 1200 ਕੇ. ਡੀ. 'ਚ ਖਰੀਦਿਆ ਹੈ। ਦੱਸ ਦੇਈਏ ਕਿ ਤਿੰਨ ਬੱਚਿਆਂ ਦੀ ਮਾਂ ਵੀਨਾ ਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਹੁਣ ਸਿਰਫ ਵੀਨਾ ਦੇ ਬੱਚਿਆਂ ਨੂੰ ਮਾਂ ਦਾ ਹੀ ਸਹਾਰਾ, ਜੋਕਿ ਵਿਦੇਸ਼ 'ਚ ਫਸੀ ਹੋਈ ਹੈ। 

ਰੋਹਿਤ ਬੇਦੀ ਦੀ ਵਿਥਿਆ ਸੁਣਨ ਉਪਰੰਤ ਖੰਨਾ ਨੇ ਭਰੋਸਾ ਦਿੱਤਾ ਕਿ ਉਹ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਉਸ ਦੀ ਮਾਂ ਵੀਨਾ ਬੇਦੀ ਨੂੰ ਜਲਦੀ ਕੁਵੈਤੀ ਸ਼ੇਖ ਦੀ ਕੈਦ 'ਚੋਂ ਛੁਡਵਾ ਕੇ ਭਾਰਤ ਵਾਪਸ ਲਿਆਉਣ ਦਾ ਯਤਨ ਕਰਨਗੇ। ਇਸ ਘਟਨਾ 'ਤੇ ਚਿੰਤਾ ਜ਼ਾਹਰ ਕਰਦੇ ਖੰਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਜਾਣ ਤੋਂ ਪਹਿਲਾਂ ਭੇਜਣ ਵਾਲੇ ਏਜੰਟ ਦੇ ਬਾਰੇ 'ਚ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਸਰਕਾਰ ਵੱਲੋਂ ਪ੍ਰਮਾਣਿਤ ਏਜੰਟਾਂ ਰਾਹੀਂ ਹੀ ਵਿਦੇਸ਼ ਜਾਣ। ਇਸ ਮੌਕੇ ਖੰਨਾ ਦੇ ਨਾਲ ਭਾਜਪਾ ਦੇ ਸੀਨੀਅਰ ਨੇਤਾ ਡਾ. ਰਮਨ ਘਈ ਵੀ ਮੌਜੂਦ ਸਨ।

shivani attri

This news is Content Editor shivani attri