NRI ਨੇ ਰਿਸ਼ਤੇਦਾਰਾਂ ਤੇ ਮੈਨੇਜਰ ਦੀ ਮਿਲੀਭੁਗਤ ਨਾਲ ਬੈਂਕ ਨੂੰ ਲਾਇਆ 1.07 ਕਰੋੜ ਰੁਪਏ ਦਾ ਚੂਨਾ

04/25/2019 5:07:16 PM

ਨਵਾਂਸ਼ਹਿਰ (ਤ੍ਰਿਪਾਠੀ)— ਐੱਨ. ਆਰ. ਆਈ. ਵੱਲੋਂ ਰਿਸ਼ਤੇਦਾਰਾਂ, ਦੋਸਤਾਂ ਅਤੇ ਬੈਂਕ ਮੈਨੇਜਰ ਦੇ ਨਾਲ ਮਿਲੀਭੁਗਤ ਕਰਕੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ 1.07 ਕਰੋੜ ਰੁਪਏ ਦਾ ਖੇਤੀ ਕਰਜ਼ਾ ਲੈ ਕੇ ਬੈਂਕ ਨੂੰ 1.07 ਕਰੋੜ ਰੁਪਏ ਦਾ ਚੂਨਾ ਲਗਾਉਣ ਦੇ ਮਾਮਲੇ 'ਚ ਪੁਲਸ ਨੇ ਬੈਂਕ ਮੈਨੇਜਰ ਸਣੇ 6 ਲੋਕਾਂ ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਸਟੇਟ ਬੈਂਕ ਆਫ ਇੰਡੀਆ ਦੀ ਬੰਗਾ ਬਰਾਂਚ ਦੇ ਮੈਨੇਜਰ ਰਵੀਚੰਦ ਸਿੱਧੂ ਨੇ ਦੱਸਿਆ ਕਿ ਤਹਿਸੀਲ ਬੰਗਾ ਦੇ ਪਿੰਡ ਸੰਧਵਾਂ ਵਾਸੀ ਗੁਰਵਿੰਦਰ ਸਿੰਘ ਜੌਹਲ ਪੁੱਤਰ ਮੋਹਨ ਸਿੰਘ ਜੋ ਹਾਲ ਵਾਸੀ ਕੈਨੇਡਾ ਹੈ, ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਮਿਲ ਕੇ ਖੇਤੀਬਾੜੀ ਕਰਨ ਦੇ ਜਾਅਲੀ ਪ੍ਰਚੇਜ਼ ਬਿੱਲ ਅਤੇ ਦਸਤਾਵੇਜ਼ ਤਿਆਰ ਕਰਕੇ ਸਟੇਟ ਬੈਂਕ ਆਫ ਇੰਡੀਆ ਬੰਗਾ ਦੀ ਬਰਾਂਚ ਤੋਂ 1.07 ਕਰੋੜ ਰੁਪਏ ਦਾ ਖੇਤੀ ਕਰਜ਼ ਮਨਜ਼ੂਰ ਕਰਵਾ ਕੇ ਕਰਜ਼ ਅਤੇ ਵਿਆਜ ਵਾਪਸ ਨਾ ਕਰ ਕੇ ਧੋਖਾਦੇਹੀ ਕੀਤੀ ਹੈ। 

ਉਨ੍ਹਾਂ ਦੱਸਿਆ ਕਿ ਉਕਤ ਗੁਰਵਿੰਦਰ ਸਿੰਘ ਜੌਹਲ ਨੇ 20 ਜਨਵਰੀ 2014 ਨੂੰ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਕਰਜ਼ਾ ਲੈਣ ਦਾ ਬਿਨੇ ਪੱਤਰ ਦੇ ਕੇ 28 ਲੱਖ ਰੁਪਏ ਦਾ ਕਰਜ਼ਾ ਮਨਜ਼ੂਰ ਕਰਵਾ ਲਿਆ। ਜਦੋਂਕਿ ਮਧੂਬਾਲਾ ਨੇ ਨਾ ਤਾਂ ਕਿਸੇ ਤਰ੍ਹਾਂ ਦੀ ਖੇਤੀ ਮਸ਼ੀਨਰੀ ਖਰੀਦੀ ਅਤੇ ਨਾ ਹੀ ਖੇਤੀ 'ਤੇ ਕਰਜ਼ੇ ਨੂੰ ਖਰਚ ਕੀਤਾ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਵੱਲੋਂ ਕਰਨ ਦੇ ਉਪਰੰਤ ਦਿੱਤੀ ਗਈ ਜਾਂਚ ਰਿਪੋਰਟ 'ਚ ਦੱਸਿਆ ਕਿ ਗੁਰਵਿੰਦਰ ਸਿੰਘ ਜੌਹਲ ਮੁੱਖ ਮੁਲਜ਼ਮ ਨੇ ਆਪਣੇ ਰਿਸ਼ਤੇਦਾਰਾਂ ਮਧੂਬਾਲਾ ਪਤਨੀ ਚਿਤਰੰਜਨ ਕੁਮਾਰ ਵਾਸੀ ਫਰਾਲਾ, ਪਰਮਿੰਦਰ ਕੌਰ ਪੁੱਤਰੀ ਕੁਲਵਿੰਦਰ ਸਿੰਘ ਵਾਸੀ ਫਲਾਰਾ, ਕਮਲਪ੍ਰੀਤ ਕੌਰ ਪਤਨੀ ਰਣਵੀਰ ਸਿੰਘ ਵਾਸੀ ਫਰਾਲਾ, ਗੁਰਦੇਵ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਪਿੰਡ ਸੰਧਵਾਂ ਦੇ ਨਾਲ ਮਿਲ ਕੇ ਜਾਅਲੀ ਦਲਤਾਵੇਜ਼ ਤਿਆਰ ਕਰਕੇ ਅਤੇ ਬੈਂਕ 'ਚ ਅਸਲ ਦੇ ਤੌਰ 'ਤੇ ਪੇਸ਼ ਕਰਕੇ ਬੈਂਕ ਨੂੰ ਲੀਜ ਸਬੰਧੀ ਅਤੇ ਆਪਣੇ ਆਪ ਨੂੰ ਖੇਤੀਬਾੜੀ ਕਰਦੇ ਹੋਣ ਦੀ ਅਤੇ ਖੇਤੀਬਾੜੀ ਦੇ ਗਲਤ ਸਾਧਨਾਂ ਦੀ ਜਾਣਕਾਰੀ ਦੇ ਕੇ ਬੈਂਕ ਮੈਨੇਜਰ ਸੁਰਿੰਦਰ ਪਾਲ ਮੱਲ ਦੀ ਮਿਲੀਭੁਗਤ ਨਾਲ 1.07 ਕਰੋੜ ਰੁਪਏ ਦੀ ਧੋਖਾਦੇਹੀ ਕਰਨਾ ਸਿੱਧ ਹੁੰਦਾ ਹੈ। ਉਕਤ ਜਾਂਚ ਰਿਪੋਰਟ ਦੇ ਆਧਾਰ 'ਤੇ ਪੁਲਸ ਨੇ ਉਕਤ ਗੁਰਵਿੰਦਰ ਸਿੰਘ ਜੌਹਲ, ਮਧੂਬਾਲਾ, ਪਰਮਿੰਦਰ ਕੌਰ, ਕਮਲਪ੍ਰੀਤ ਕੌਰ, ਗੁਰਦੇਵ ਕੌਰ ਅਤੇ ਸੁਰਿੰਦਰ ਪਾਲ ਮੱਲ ਦੇ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮੁੱਖ ਮੁਲਜ਼ਮ 'ਤੇ ਪਹਿਲਾਂ ਵੀ ਦਰਜ ਹੈ 1.54 ਕਰੋੜ ਰੁਪਏ ਦੀ ਧੋਖਾਦੇਹੀ ਦਾ ਮਾਮਲਾ
ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਕੈਨੇਡੀਅਨ ਵੀਜ਼ਾ ਧਾਰਕ ਅਤੇ ਮੁੱਖ ਮੁਲਜ਼ਮ ਗੁਰਵਿੰਦਰ ਸਿੰਘ ਜੌਹਲ ਦਾ ਅਸਲੀ ਨਾਮ ਓਂਕਾਰ ਸਿੰਘ ਵਾਸੀ ਫਰਾਲਾ ਹੈ। ਇੱਥੇ ਦੱਸਣਯੋਗ ਹੈ ਕਿ ਥਾਣਾ ਬਹਿਰਾਮ 'ਚ ਉਕਤ ਮੁਲਜ਼ਮ ਸਣੇ 9 ਲੋਕਾਂ 'ਤੇ 1.54 ਕਰੋੜ ਰੁਪਏ ਦੀ ਧੋਖਾਦੇਹੀ ਦਾ ਮਾਮਲਾ ਵੀ ਪੁਲਸ ਨੇ ਦਰਜ ਕੀਤਾ ਹੈ।

shivani attri

This news is Content Editor shivani attri