ਨਾ ਹੋਵੋ ਧੋਖੇਬਾਜ਼ ਏਜੰਟਾਂ ਦੇ ਸ਼ਿਕਾਰ, ਜ਼ਿੰਦਗੀਆਂ ਤਬਾਹ ਹੋ ਰਹੀਆਂ ਹਨ ਪੰਜਾਬੀਆਂ ਦੀਆਂ

04/25/2019 3:22:53 PM

ਭੋਗਪੁਰ/ਕਪੂਰਥਲਾ (ਸੂਰੀ)— ਵਿਦੇਸ਼ ਜਾਣ ਲਈ ਪੰਜਾਬੀਆਂ 'ਚ ਇੰਨਾ ਜ਼ਿਆਦਾ ਉਤਾਵਲਾਪਨ ਹੈ ਕਿ ਕਈ ਨੌਜਵਾਨਾਂ ਮਾੜੇ ਜਾਂ ਠੱਗ ਕਿਸਮ ਦੇ ਏਜੰਟਾਂ ਦੇ ਝਾਂਸੇ 'ਚ ਆ ਕੇ ਆਪਣੀ ਜਾਨ ਤੋਂ ਹੱਥ ਧੋ ਲੈਂਦੇ ਹਨ ਅਤੇ ਕਈ ਅਪਣਾ ਸਭ ਕੁਝ ਗੁਆ ਕੇ ਅਪਣੇ ਘਰ ਵਾਪਸ ਪੁੱਜਦੇ ਹਨ। ਅਜਿਹਾ ਹੀ ਇਕ ਮਾਮਲਾ ਜ਼ਿਲਾ ਕਪੂਰਥਲਾ ਦੇ ਥਾਣਾ ਭੁਲੱਥ ਹੇਠ ਪੈਂਦੇ ਪਿੰਡ ਟਾਂਡੀ ਔਲਖ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਇਕ ਏਜੰਟ ਦੇ ਝਾਂਸੇ 'ਚ ਆ ਕੇ ਆਪਣਾ ਘਰ ਗਹਿਣੇ ਰੱਖ ਘਰੋਂ ਫਰਾਂਸ 'ਚ ਕਮਾਈ ਕਰਨ ਲਈ ਗਿਆ ਪਰ ਏਜੰਟਾਂ ਦੇ ਧੋਖੇ ਕਾਰਨ ਅਪਣਾ ਸਭ ਕੁਝ ਗੁਆ ਅਤੇ ਕਰਜ਼ਾਈ ਹੋ ਕੇ ਵਾਪਸ ਘਰ ਪਰਤਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਰਸ਼ਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਟਾਂਡੀ ਔਲਖ ਨੇ 'ਜਗ ਬਾਣੀ' ਨਾਲ ਗੱਲ ਕਰਦਿਆਂ ਦੱਸਿਆ ਹੈ ਕਿ ਅਪ੍ਰੈਲ 2016 'ਚ ਥਾਣਾ ਭੋਗਪੁਰ ਦੇ ਪਿੰਡ ਅਖਾੜਾ ਦੇ ਏਜੰਟ ਸੁਭਾਸ਼ ਚੰਦ ਪੁੱਤਰ ਦਰਸ਼ਨ ਲਾਲ ਨਾਲ ਮੈਨੂੰ ਫਰਾਂਸ ਭੇਜਣ ਲਈ ਅੱਠ ਲੱਖ ਪੰਜਾਹ ਹਜ਼ਾਰ 'ਚ ਸੌਦਾ ਤਹਿ ਹੋਇਆ ਸੀ ਅਤੇ ਏਜੰਟ ਵੱਲੋਂ ਸਾਰੀ ਪੇਮੈਂਟ ਫਰਾਂਸ ਪੁਹੰਚਣ 'ਤੇ ਵਸੂਲ ਕਰਨ ਦਾ ਵਾਅਦਾ ਕੀਤਾ ਗਿਆ ਸੀ। 

ਰਸ਼ਪਾਲ ਨੇ ਅਪਣਾ ਘਰ ਗਹਿਣੇ ਰੱਖ ਕੇ 6 ਲੱਖ ਰੁਪਏ ਦਾ ਕਰਜ਼ਾ ਲੈ ਲਿਆ। ਮਈ 2016 'ਚ ਏਜੰਟ ਨੇ ਰਸ਼ਪਾਲ ਨੂੰ ਬੇਲਾਰੂਸ ਦਾ ਵੀਜ਼ਾ ਲਗਵਾ ਕੇ ਭੇਜ ਦਿੱਤਾ ਅਤੇ ਰਸ਼ਪਾਲ ਪਾਸੋਂ 4 ਲੱਖ ਰੁਪਏ ਵਸੂਲ ਕਰ ਲਏ। ਬੇਲਾਰੂਸ ਪੁੱਜਣ 'ਤੇ ਉੱਥੇ ਦੀ ਇਮੀਗਰੇਸ਼ਨ ਨੇ ਰਸ਼ਪਾਲ ਨੂੰ ਐਂਟਰੀ ਦੇਣ ਤੋਂ ਮਨ੍ਹਾ ਕਰਕੇ ਵਾਪਸ ਦਿੱਲੀ ਭੇਜ ਦਿੱਤਾ। ਉਸ ਤੋਂ ਬਾਅਦ ਏਜੰਟ ਵੱਲੋਂ ਰਸ਼ਪਾਲ ਨੂੰ ਖੱਜਲ ਖੁਆਰ ਕਰਨ ਦਾ ਦੌਰ ਸ਼ੁਰੂ ਹੋ ਗਿਆ। ਰਸ਼ਪਾਲ ਨੇ ਏਜੰਟ ਦੇ ਕਹਿਣ 'ਤੇ ਕਈ ਚੱਕਰ ਦਿੱਲੀ ਦੇ ਲਗਾਏ ਅਤੇ ਜਰਮਨ ਅਤੇ ਸਪੇਨ ਦੇ ਵੀਜ਼ੇ ਅਪਲਾਈ ਕੀਤੇ ਪਰ ਵੀਜ਼ੇ ਰਫਿਊਜ਼ ਹੋ ਗਏ। ਲੰਮਾ ਸਮਾਂ ਪਰੇਸ਼ਾਨੀ ਝੱਲਣ ਤੋਂ ਬਾਅਦ ਏਜੰਟ ਨੇ ਰਸ਼ਪਾਲ ਦਾ ਵੀਜ਼ਾ ਲਗਵਾ ਕੇ ਅਰਮਾਨੀਆ ਭੇਜ ਦਿੱਤਾ ਜਿੱਥੇ ਰਸ਼ਪਾਲ 45 ਦਿਨ ਹੋਸਟਲ ਵਿਚ ਰਿਹਾ। ਰਸ਼ਪਾਲ ਨੇ ਘਰ ਤੋਂ ਰਕਮ ਮੰਗਵਾ ਕੇ ਇਕ ਲੱਖ ਰੁਪਏ ਦਾ ਖਰਚ ਕੀਤਾ। ਡੇਢ ਮਹੀਨੇ ਬਾਅਦ ਏਜੰਟ ਨੇ ਰਸ਼ਪਾਲ ਨੂੰ ਰਸ਼ੀਆ ਭੇਜ ਦਿੱਤਾ ਅਤੇ 5 ਦਿਨ ਬਾਅਦ ਰਸ਼ੀਆ ਤੋਂ ਰਾਤ ਸਮੇਂ ਬਾਰਡਰ ਕਰਾਸ ਕਰਵਾ ਕੇ ਯੂਕਰੇਨ ਭੇਜ ਦਿੱਤਾ। ਯੂਕਰੇਨ ਲੈ ਕੇ ਜਾਣ ਵਾਲੇ ਏਜੰਟ ਦੇ ਬੰਦਿਆਂ ਨੇ ਰਸ਼ਪਾਲ ਨੂੰ ਬੰਦੀ ਬਣਾ ਲਿਆ ਅਤੇ ਛੱਡਣ ਬਦਲੇ ਤਿੰਨ ਹਜ਼ਾਰ ਡਾਲਰ ਦੀ ਮੰਗ ਕੀਤੀ। ਰਸ਼ਪਾਲ ਨੂੰ ਛੁਡਵਾਉਣ ਲਈ ਰਸ਼ਪਾਲ ਦੀ ਪਤਨੀ ਅਤੇ ਭੈਣ ਨੇ ਹੋਰ ਕਰਜ਼ੇ ਦਾ ਇੰਤਜ਼ਾਮ ਕਰਕੇ ਰਸ਼ਪਾਲ ਨੂੰ ਤਿੰਨ ਹਜ਼ਾਰ ਡਾਲਰ ਭੇਜ ਦਿੱਤੇ। ਉਹੀ ਬੰਦੇ ਰਸ਼ਪਾਲ ਅਤੇ ਦੋ ਹੋਰ ਨੌਜਵਾਨਾਂ ਨੂੰ ਡੋਕੀ ਰਾਹੀਂ ਯੂਕਰੇਨ ਤੋਂ ਪੋਲੈਂਡ ਭੇਜਣ ਲਈ ਜੰਗਲ ਰਸਤੇ ਪੈਦਲ ਚੱਲ ਪਏ ਅਤੇ ਜੰਗਲ 'ਚ ਇਕ ਇਮਾਰਤ ਦੀ ਬੇਸਮੈਂਟ 'ਚ ਕੈਦ ਕਰ ਲਿਆ ਜਿੱਥੇ ਪਹਿਲਾਂ ਤੋਂ ਹੀ 9 ਨੌਜਵਾਨ ਕੈਦ ਸਨ ਅਤੇ ਸਾਡੇ ਸਮੇਤ ਕੁਲ 12 ਨੌਜਵਾਨ ਉਨ੍ਹਾਂ ਦੀ ਕੈਦ ਵਿਚ ਸਨ। ਕਿਡਨੈਪਰ ਹਰ ਰੋਜ਼ ਕੁੱਟਮਾਰ ਕਰਦੇ ਸਨ। 

ਰਸ਼ਪਾਲ ਨੇ ਮੋਬਾਇਲ ਟਰਾਂਸਲੇਟਰ ਦੀ ਮਦਦ ਨਾਲ ਕਿਡਨੈਪਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਏਜੰਟ ਸੁਭਾਸ਼ ਦੇ ਕਹਿਣ 'ਤੇ ਹੀ ਕੁੱਟਮਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਕੈਦ ਕੀਤਾ ਗਿਆ ਹੈ ਤਾਂ ਕਿ ਰਸ਼ਪਾਲ ਦੇ ਘਰ ਵਾਲੇ ਏਜੰਟ ਨੂੰ ਪੈਸੇ ਦੇ ਸਕਣ। ਇਸੇ ਦੌਰਾਨ ਕਪੂਰਥਲੇ ਦਾ ਇਕ ਏਜੰਟ ਗੁਰਜਪਾਲ ਸਿੰਘ ਉਰਫ ਗਗਨ ਰਸ਼ਪਾਲ ਦੇ ਘਰ ਪੁੱਜਾ ਅਤੇ ਰਸ਼ਪਾਲ ਨੂੰ ਯੂਕਰੇਨ ਤੋਂ ਸਲਵਾਕੀਆ ਭੇਜਣ ਲਈ ਢਾਈ ਲੱਖ ਰੁਪਏ ਰਸ਼ਪਾਲ ਦੇ ਪਰਿਵਾਰ ਤੋਂ ਲੈ ਗਿਆ ਪਰ ਰਸ਼ਪਾਲ ਦੀ ਕੋਈ ਮਦਦ ਨਾ ਕੀਤੀ। 10 ਦਿਨ ਇਸ ਕੈਦ 'ਚ ਬਤਾਉਣ ਤੋਂ ਬਾਅਦ ਰਸ਼ਪਾਲ ਨੇ ਕਿਸੇ ਦੋਸਤ ਰਾਹੀਂ ਕਿਡਨੈਪਰਾਂ ਨੂੰ 1200 ਡਾਲਰ ਦੇ ਦਿੱਤੇ ਅਤੇ ਉਨ੍ਹਾਂ ਨੇ ਰਸ਼ਪਾਲ ਅਤੇ ਹੋਰ ਨੌਜਵਾਨਾਂ ਨੂੰ ਵਾਪਸ ਯੂਕਰੇਨ ਦੇ ਲਵੀਵ ਸ਼ਹਿਰ ਵਾਪਸ ਛੱਡ ਦਿੱਤਾ। ਕੁਝ ਦਿਨਾਂ ਬਾਅਦ ਏਜੰਟ ਨੇ ਕਿਹਾ ਕਿ ਸੈਟਿੰਗ ਹੋ ਗਈ ਹੈ ਅਤੇ ਹੁਣ ਤੁਹਾਨੂੰ ਸਲੋਵਾਕੀਆ ਭੇਜ ਦੇਣਾ ਹੈ। ਏਜੰਟ ਵੱਲੋਂ ਭੇਜੇ ਗਏ ਬੰਦਿਆਂ ਨੇ ਰਸ਼ਪਾਲ ਤੋਂ 300 ਡਾਲਰ, ਮੋਬਾਇਲ ਫੋਨ ਅਤੇ ਪਾਸਪੋਰਟ ਆਦਿ ਲੈ ਲਏ। ਰਸ਼ਪਾਲ ਅਤੇ ਹੋਰ ਅੱਠ ਨੌਜਵਾਨ ਯੂਕਰੇਨ ਵਿਚ ਹੀ ਬਰਫਬਾਰੀ 'ਚ ਘੁੰਮਦੇ ਰਹੇ। ਕਿਸੇ ਮੁਖਬਰ ਨੇ ਇਨਾਮ ਦੇ ਲਾਲਚ 'ਚ ਪੁਲਸ ਨੂੰ ਸੂਚਨਾ ਦੇ ਦਿੱਤੀ ਅਤੇ ਪੁਲਸ ਨੇ ਸਾਰੇ ਨੌਜਵਾਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਅਤੇ ਅਦਾਲਤ ਨੇ ਸਾਰੇ ਨੌਜਵਾਨਾਂ ਨੂੰ ਡੇਢ ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਅਤੇ ਭਾਰਤੀ ਦੂਤਘਰ 'ਚ ਅਪੀਲ ਕਰਨ ਲਈ ਕਿਹਾ। ਵਕੀਲ ਰਾਹੀਂ ਅਪੀਲ ਕਰਨ 'ਤੇ ਭਾਰਤੀ ਦੂਤਘਰ ਵੱਲੋਂ ਸਾਰੇ ਨੌਜਵਾਨਾਂ ਨੂੰ ਰਿਹਾਅ ਕਰਵਾ ਦਿੱਤਾ ਗਿਆ। ਰਸ਼ਪਾਲ ਦੇ ਪਰਿਵਾਰ ਨੇ 40 ਹਜ਼ਾਰ ਰੁਪਏ ਖਰਚ ਕਰ ਕੇ ਟਿਕਟ ਭੇਜੀ ਅਤੇ ਰਸ਼ਪਾਲ 18 ਲੱਖ ਰੁਪਏ ਖਰਚ ਕਰਕੇ ਵਾਪਸ ਘਰ ਪਰਤ ਆਇਆ।

ਧੋਖੇਬਾਜ਼ ਏਜੰਟਾਂ ਦੇ ਝਾਂਸੇ ਵਿਚ ਨਾ ਆਉਣ ਨੌਜਵਾਨ, ਪੰਜਾਬੀ ਲੜਕੀਆਂ ਵੀ ਏਜੰਟਾਂ ਦੇ ਚੱਕਰਾਂ ਵਿਚ ਯੂਕਰੇਨ ਫਸੀਆਂ
ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਰਸ਼ਪਾਲ ਨੇ ਕਿਹਾ ਕਿ ਨੌਜਵਾਨ ਏਜੰਟਾਂ ਦੇ ਝਾਂਸੇ ਵਿਚ ਆ ਕੇ ਗਲਤ ਤਰੀਕੇ ਵਿਦੇਸ਼ ਜਾਣ ਬਾਰੇ ਸੋਚਣ ਵੀ ਨਾ, ਕਈ ਪੰਜਾਬੀ ਲੜਕੀਆਂ ਅਤੇ ਭਾਰੀ ਗਿਣਤੀ 'ਚ ਨੌਜਵਾਨ ਯੂਕਰੇਨ ਵਰਗੇ ਮੁਲਕਾਂ ਵਿਚ ਏਜੰਟਾਂ ਦਾ ਸਿਕਾਰ ਹੋ ਕੇ ਭੁੱਖੇ ਮਰ ਰਹੇ ਹਨ। ਏਜੰਟ ਪਹਿਲਾਂ ਗੱਲ ਕੁਝ ਹੋਰ ਕਰਦੇ ਹਨ ਬਾਅਦ ਵਿਚ ਅੱਗੇ ਤੋਂ ਅੱਗੇ ਨੌਜਵਾਨਾਂ ਨੂੰ ਵੇਚ ਦਿੰਦੇ ਹਨ ਅਤੇ ਅਗਵਾਕਾਰ ਭਾਰੀ ਰਕਮਾਂ ਵਸੂਲ ਕੇ ਨੌਜਵਾਨਾਂ ਨੂੰ ਰਿਹਾਅ ਕਰਦੇ ਹਨ।
ਪੂਰੀ ਤਰ੍ਹਾਂ ਕਰਜ਼ਾਈ ਹੋ ਕੇ ਭੁੱਖੇ ਮਰਨ ਲਈ ਮਜਬੂਰ ਹੋਇਆ ਰਸ਼ਪਾਲ ਦਾ ਪਰਿਵਾਰ
ਕਾਰਪੇਂਟਰ ਰਸ਼ਪਾਲ ਨੇ ਦੱਸਿਆ ਕਿ ਜਦੋਂ ਉਹ ਵਿਦੇਸ਼ ਜਾਣ ਲਈ ਗਿਆ ਸੀ ਤਾਂ ਉਸ ਨੇ ਅਪਣਾ ਘਰ 6 ਲੱਖ ਵਿਚ ਗਹਿਣੇ ਰੱਖ ਕੇ ਕਰਜ਼ਾ ਲਿਆ ਸੀ। ਏਜੰਟਾਂ ਅਤੇ ਕਿਡਨੈਪਰਾਂ ਦੀਆਂ ਮੰਗਾਂ ਪੂਰੀਆਂ ਕਰਦੇ ਕਰਦੇ ਇਹ ਕਰਜ਼ਾ ਅਠਾਰਾਂ ਲੱਖ ਰੁਪਏ ਦੇ ਕਰੀਬ ਪੁੱਜ ਗਿਆ ਹੈ। ਰਸ਼ਪਾਲ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਰਸ਼ਪਾਲ ਦਾ ਪਰਿਵਾਰ ਜਿਸ ਵਿਚ ਉਸਦੀ ਪਤਨੀ ਅਤੇ ਦੋ ਬੇਟੀਆਂ ਅੱਜ ਰੋਟੀ ਤੋਂ ਵੀ ਮੁਹਤਾਜ਼ ਹੋ ਗਈਆਂ ਹਨ।

shivani attri

This news is Content Editor shivani attri