ਬੇਖੌਫ ਹੈਕਰ ਦਾ ਕਾਰਨਾਮਾ ਜਾਣ ਤੁਸੀਂ ਵੀ ਰਹਿ ਜਾਵੋਗੇ ਹੱਕੇ-ਬੱਕੇ (ਵੀਡੀਓ)

02/21/2019 12:32:17 PM

ਰੋਪੜ (ਗੁਰਭਾਗ)— ਸ਼ਾਇਦ ਹੀ ਕਦੇ ਅਜਿਹਾ ਮਾਮਲਾ ਸਾਹਮਣੇ ਆਇਆ ਹੋਵੇ ਕਿ ਹੈਕਰ ਵੱਲੋਂ ਕਿਸੇ ਦੇ ਖਾਤੇ 'ਚੋਂ ਪੈਸੇ ਕੱਢਣ ਤੋਂ ਬਾਅਦ ਖੁਦ ਉਸ ਨੂੰ ਆਪਣੀ ਸੁਰੱਖਿਆ ਲਈ ਨਸੀਹਤ ਦਿੱਤੀ ਹੋਵੇ। ਅਜਿਹੀ ਹੀ ਇਕ ਘਟਨਾ ਨੰਗਲ ਵਿਖੇ ਵਾਪਰੀ। ਨੰਗਲ ਤਹਿਸੀਲ ਅਧੀਨ ਪੈਂਦੇ ਪਿੰਡ ਅੱਪਰ ਦੜੌਲੀ ਦੇ ਸਤੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੈਕਰ ਵੱਲੋਂ ਉਸ ਦੇ ਪੁੱਤ ਦੇ ਬੈਂਕ ਖਾਤੇ 'ਚੋਂ 80 ਹਜ਼ਾਰ ਰੁਪਏ ਕੱਢ ਲਏ। ਸਤੀਸ਼ ਕੁਮਾਰ ਨੇ ਪੁਲਸ ਨੂੰ ਸ਼ਿਕਾਇਤ ਵੀ ਕੀਤੀ। ਬੀਤੇ ਕੁਝ ਦਿਨ ਪਹਿਲਾਂ ਰਾਤ ਡੇਢ ਵਜੇ ਸਤੀਸ਼ ਦੀ ਪਤਨੀ ਰਾਕੇਸ਼ ਰਾਣੀ ਨੂੰ ਫੋਨ ਆਇਆ ਅਤੇ ਕਿਹਾ ਕਿ ਤੁਹਾਡੇ ਪੁੱਤ ਦੇ ਖਾਤੇ 'ਚੋਂ ਪੈਸੇ ਨਿਕਲ ਰਹੇ ਹਨ, ਜਾਓ ਬੈਂਕ ਅਤੇ ਥਾਣੇ 'ਚ ਇਸ ਦੀ ਸ਼ਿਕਾਇਤ ਕਰੋ। ਇਹ ਕਹਿਣ ਤੋਂ ਬਾਅਦ ਫਿਰ ਉਸ ਨੇ ਫੋਨ ਕੱਟ ਦਿੱਤਾ। 

ਸਤੀਸ਼ ਕੁਮਾਰ ਨੇ ਕਿਹਾ ਕਿ ਉਸ ਦਾ ਪੁੱਤਰ ਮਨੋਜ ਕੁਮਾਰ ਦੋਹਾ ਕਤਰ 'ਚ ਕੰਮ ਕਰਦਾ ਹੈ। ਉਸ ਦਾ ਖਾਤਾ ਸਟੇਟ ਬੈਂਕ ਆਫ ਇੰਡੀਆ ਨੰਗਲ 'ਚ ਹੈ। ਜਦੋਂ ਅਸੀਂ ਮੋਬਾਇਲ ਦੇਖਿਆ ਤਾਂ 40-40 ਹਜ਼ਾਰ ਰੁਪਏ ਨਿਕਲਣ ਦੇ ਦੋ ਮੈਸੇਜ ਸਾਡੇ ਫੋਨ 'ਤੇ ਆਏ ਹੋਏ ਸਨ। ਕੁੱਲ 80 ਹਜ਼ਾਰ ਰੁਪਏ ਕੱਢੇ ਗਏ ਸਨ। ਦੱਸਣਯੋਗ ਹੈ ਕਿ ਬੈਂਕ ਡਿਟੇਲ ਦੇਖਣ 'ਤੇ ਪਤਾ ਲੱਗਾ ਹੈ ਕਿ ਹੈਕਰ ਨੇ ਪੈਸੇ ਏ. ਟੀ. ਐੱਮ. ਤੋਂ ਕੱਢੇ ਹਨ। ਜਦੋਂ ਕਿ ਇਸ ਪੂਰੇ ਮਾਮਲੇ 'ਚ ਹੈਕਰ ਨੇ ਨਾ ਕੋਈ ਓ. ਟੀ. ਪੀ. ਨੰਬਰ ਮੰਗਿਆ ਅਤੇ ਨਾ ਕੋਈ ਏ. ਟੀ. ਐੱਮ. ਦੀ ਜਾਣਕਾਰੀ ਮੰਗੀ ਅਤੇ ਨਾ ਹੀ ਏ. ਟੀ. ਐੱਮ. ਬਦਲਿਆ। 

ਸਤੀਸ਼ ਕੁਮਾਰ ਨੇ ਕਿਹਾ ਮੈਂ ਬੈਂਕ 'ਚ ਜਾਣਕਾਰੀ ਦੇਣ ਤੋਂ ਬਾਅਦ ਅਗਲੇ ਦਿਨ ਹੀ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ਪਰ ਅੱਜ 15 ਦਿਨ ਹੋ ਗਏ ਹਨ। ਪੁਲਸ ਨੇ ਹੁਣ ਤੱਕ ਮੈਨੂੰ ਡੀ. ਡੀ. ਆਰ. ਦੀ ਕਾਪੀ ਨਹੀਂ ਦਿੱਤੀ। ਮੈਂ ਥਾਣੇ ਦੇ ਚੱਕਰ ਲਾ-ਲਾ ਕੇ ਥੱਕ ਗਿਆ ਹਾਂ, ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ। ਕੀ ਕਹਿਣੈ ਡੀ.ਐੱਸ.ਪੀ. ਦਾ ਨੰਗਲ ਦੇ ਡੀ. ਐੱਸ. ਪੀ. ਜੀ. ਪੀ. ਸਿੰਘ ਨੇ ਕਿਹਾ ਕਿ ਮੈਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮੈਂ ਹੁਣੇ ਥਾਣੇ 'ਚ ਫੋਨ ਕਰ ਕੇ ਮਾਮਲਾ ਦਰਜ ਕਰਕੇ ਡੀ. ਡੀ. ਆਰ. ਦੀ ਕਾਪੀ ਦੇਣ ਦੀ ਗੱਲ ਕਹਿੰਦਾ ਹਾਂ।

ਹੈਕਰ ਵੱਲੋਂ ਪਹਿਲਾਂ ਅਕਾਊਂਟ 'ਚੋਂ ਪੈਸੇ ਕਢਵਾਉਣਾ ਅਤੇ ਫਿਰ ਖੁਦ ਉਕਤ ਪਰਿਵਾਰ ਨੂੰ ਫੋਨ ਕਰਕੇ ਸ਼ਿਕਾਇਤ ਦਰਜ ਕਰਵਾਉਣ ਦਾ ਕਹਿਣਾ, ਕੀਤੇ ਨਾ ਕੀਤੇ ਲੁਟੇਰਿਆਂ ਦੇ ਬੇਖੌਫ ਇਰਾਦਿਆਂ 'ਤੇ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਨੂੰ ਜਗ ਜ਼ਾਹਰ ਕਰਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਵੱਲੋਂ ਇਸ ਮਾਮਲੇ 'ਚ ਕਾਰਵਾਈ ਕਦੋਂ ਕੀਤੀ ਜਾਂਦੀ ਹੈ।

shivani attri

This news is Content Editor shivani attri