ਮੁਕੱਦਮੇ ਦੇ ਨਿਪਟਾਰੇ ਦਾ ਝਾਂਸਾ ਦੇ ਕੇ ਹੌਲਦਾਰ ਨੇ ਠੱਗੇ 7 ਲੱਖ

04/26/2018 7:14:21 AM

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)—ਕੋਰਟ 'ਚੋਂ ਕੇਸ ਰਫਾ-ਦਫਾ ਕਰਵਾਉਣ ਦਾ ਝਾਂਸਾ ਦੇ ਕੇ ਇਕ ਹੌਲਦਾਰ ਵੱਲੋਂ 7 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਹੌਲਦਾਰ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ. ਐੱਸ. ਪੀ.  ਸੰਦੀਪ ਕੁਮਾਰ ਨੇ ਦੱਸਿਆ ਕਿ ਜਸਵੰਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਸੇਖਾਂ ਜ਼ਿਲਾ ਲੁਧਿਆਣਾ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਹੌਲਦਾਰ ਹਰਵਿੰਦਰਪਾਲ ਸਿੰਘ 2011 'ਚ ਨਾਇਬ ਕੋਰਟ ਜ਼ਿਲਾ ਸੰਗਰੂਰ ਦੀ ਅਦਾਲਤ 'ਚ ਡਿਊਟੀ ਕਰਦਾ ਸੀ। ਉਸ ਦੇ ਲੜਕੇ ਦਾ ਆਪਣੀ ਪਤਨੀ ਨਾਲ ਝਗੜਾ ਚੱਲਦਾ ਸੀ। ਹੌਲਦਾਰ ਹਰਵਿੰਦਰਪਾਲ ਸਿੰਘ ਨੇ ਉਸ ਨੂੰ ਕਿਹਾ ਕਿ ਉਸ ਦੀ ਜੱਜ ਸਾਹਿਬ ਨਾਲ ਗੱਲਬਾਤ ਹੈ ਅਤੇ ਉਹ ਉਸ ਦੇ ਕੇਸ ਦਾ ਨਿਪਟਾਰਾ ਕਰਵਾ ਦੇਵੇਗਾ। ਉਸ ਨੇ ਉਸ ਤੋਂ 7 ਲੱਖ ਰੁਪਏ ਲੈ ਲਏ। ਨਾ ਤਾਂ ਉਸ ਦੇ ਕੇਸ ਦਾ ਨਿਪਟਾਰਾ ਕਰਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਸਵੰਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਹੌਲਦਾਰ 'ਤੇ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।