ਵਿਦੇਸ਼ ਭੇਜਣ ਦੇ ਨਾਂ ''ਤੇ ਧੋਖਾਦੇਹੀ ਕਰਨ ਵਾਲੇ ਏਜੰਟ ਖਿਲਾਫ ਮਾਮਲਾ ਦਰਜ

04/25/2018 6:21:21 AM

ਨਵਾਂਸ਼ਹਿਰ(ਤ੍ਰਿਪਾਠੀ, ਮਨੋਰੰਜਨ)- ਵਿਦੇਸ਼ ਭੇਜਣ ਦੇ ਨਾਂ 'ਤੇ 2.55 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪੁਲਸ ਨੇ ਏਜੰਟ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ । ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ 'ਚ ਸੁਰਿੰਦਰ ਕੌਰ ਪਤਨੀ ਲਾਲਜੀ ਵਾਸੀ ਲਹਿਰਾ ਤਹਿਸੀਲ ਗੜ੍ਹਸ਼ੰਕਰ ਨੇ ਦੱਸਿਆ ਕਿ ਉਸ ਦੇ ਪਤੀ ਨੇ ਸਾਈਪ੍ਰਸ ਜਾਣ ਲਈ ਬਲਰਾਜ ਪੁੱਤਰ ਸੀਤਾ ਰਾਮ ਵਾਸੀ ਰੁੜਕਾ ਕਲਾਂ ਜ਼ਿਲਾ ਜਲੰਧਰ ਨਾਲ 1.50 ਲੱਖ ਰੁਪਏ 'ਚ ਸੌਦਾ ਤੈਅ ਕਰ ਕੇ ਉਕਤ ਰਾਸ਼ੀ ਦਿੱਤੀ ਸੀ । ਉਕਤ ਏਜੰਟ ਨੇ ਦੱਸਿਆ ਕਿ ਉਨ੍ਹਾਂ ਦਾ ਸਾਈਪ੍ਰਸ ਜਾਣ ਦਾ ਕੰਮ ਨਹੀਂ ਬਣ ਸਕਿਆ ਤੇ ਉਹ ਉਸ ਨੂੰ ਮਲੇਸ਼ੀਆ ਭੇਜ ਸਕਦਾ ਹੈ ਤੇ ਇਸ ਲਈ ਉਕਤ ਏਜੰਟ ਨੇ ਸ਼ਿਕਾਇਤਕਰਤਾ ਤੋਂ 1.05 ਲੱਖ ਰੁਪਏ ਹੋਰ ਲੈ ਲਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਏਜੰਟ ਨੇ ਪੂਰੀ ਰਾਸ਼ੀ ਲੈਣ ਦੇ ਬਾਵਜੂਦ ਉਨ੍ਹਾਂ ਨੂੰ ਜੋ ਵੀਜ਼ਾ ਦਿੱਤਾ ਉਹ ਜਾਂਚ ਕਰਵਾਉਣ 'ਤੇ ਜਾਅਲੀ ਨਿਕਲਿਆ । ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਏਜੰਟ ਨੇ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਵੀ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕੀਤੇ । ਉਸ ਵੱਲੋਂ 80 ਹਜ਼ਾਰ ਰੁਪਏ ਦੀ ਰਾਸ਼ੀ ਦਾ ਇਕ ਚੈੱਕ ਦਿੱਤਾ ਗਿਆ ਜੋ ਪੈਸੇ ਨਾ ਹੋਣ ਕਾਰਨ ਬਾਊਂਸ ਹੋ ਗਿਆ । ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਉਕਤ ਰਾਸ਼ੀ ਵਾਪਸ ਕਰਵਾਉਣ ਅਤੇ ਦੋਸ਼ੀ ਏਜੰਟ ਖਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਉਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. ਸਪੈਸ਼ਲ ਬ੍ਰਾਂਚ ਵੱਲੋਂ ਕਰਨ ਉਪਰੰਤ ਦਿੱਤੀ ਗਈ ਜਾਂਚ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਏਜੰਟ ਬਲਰਾਜ ਪੁੱਤਰ ਸੀਤਾਰਾਮ ਦੇ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।