ਸਾਈਕਲ ਸਟੈਂਡ ਨਾਲ ਲੱਗਿਆ ਰੇਲਵੇ ਨੂੰ ਕਰੋੜਾਂ ਦਾ ਚੂਨਾ

03/18/2018 6:18:48 AM

ਲੁਧਿਆਣਾ(ਸਹਿਗਲ)-ਰੇਲਵੇ ਸਟੇਸ਼ਨ 'ਤੇ ਸਾਈਕਲ ਸਟੈਂਡ ਬਿਨਾਂ ਠੇਕੇਦਾਰ ਦੇ ਚੱਲਣ ਦੇ ਮਾਮਲੇ ਵਿਚ ਹੁਣ ਕਰੋੜਾਂ ਰੁਪਏ ਦੇ ਨੁਕਸਾਨ ਹੋਣ ਦੀ ਗੱਲ ਵੀ ਕੀਤੀ ਜਾ ਰਹੀ ਹੈ। ਜਿਸ ਨਾਲ ਕਈ ਅਧਿਕਾਰੀਆਂ 'ਤੇ ਜਾਂਚ ਦੀ ਤਲਵਾਰ ਲਟਕ ਰਹੀ ਹੈ। ਰੇਲਵੇ ਦੇ ਅਧਿਕਾਰਕ ਸੂਤਰਾਂ ਅਨੁਸਾਰ ਸਾਰੇ ਮਾਮਲੇ ਦੀ ਜਾਂਚ ਡਵੀਜ਼ਨ ਪੱਧਰ 'ਤੇ ਚੱਲ ਰਹੀ ਹੈ ਪਰ ਇਸਦੀ ਗੂੰਜ ਉੱਚ ਅਧਿਕਾਰੀਆਂ ਤੱਕ ਪਹੁੰਚਣ ਨਾਲ ਇਹ ਮਾਮਲਾ ਗਰਮਾ ਗਿਆ ਹੈ। ਰੇਲਵੇ ਅਧਿਕਾਰੀਆਂ ਨੇ ਸਾਈਕਲ ਸਟੈਂਡ ਬੰਦ ਕਰਵਾ ਕੇ ਰੇਲ ਯਾਤਰੀਆਂ ਲਈ ਵੀ ਮੁਸੀਬਤ ਖੜ੍ਹੀ ਕਰ ਦਿੱਤੀ। ਹਾਲਾਂਕਿ ਸਭ ਕੁਝ ਸਹੀ ਕਹਿ ਕੇ ਇਸ ਮਸਲੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਰੈਵੇਨਿਊ ਦੇ ਨੁਕਸਾਨ ਦੀ ਗੱਲ ਜੇਕਰ ਸਾਹਮਣੇ ਆਈ ਤਾਂ ਇਹ ਮਾਮਲਾ ਸੁਤੰਤਰ ਜਾਂਚ ਏਜੰਸੀ ਨੂੰ ਸੌਂਪਿਆ ਜਾ ਸਕਦਾ ਹੈ। 
ਕੀ-ਕੀ ਹਨ ਚਰਚਾਵਾਂ 
ਠੇਕੇਦਾਰ ਰਹਿਤ ਸਾਈਕਲ ਸਟੈਂਡ 'ਤੇ ਟਿਕਟ ਚੈਕਰਾਂ ਦੀ ਡਿਊਟੀ ਲਾਈ ਗਈ ਪਰ ਸਟਾਫ ਦੀ ਘਾਟ ਕਾਰਨ ਉਹ ਆਪਣੀ ਡਿਊਟੀ ਰਜਿਸਟਰ 'ਚ ਤਾਂ ਲਾਉਂਦੇ ਸਨ ਪਰ ਸਾਈਕਲ ਸਟੈਂਡ 'ਤੇ ਸਾਰਾ ਕੰਮਕਾਜ ਸਾਬਕਾ ਠੇਕੇਦਾਰ ਦੇ ਸਪੁਰਦ ਰਿਹਾ। ਲਿਹਾਜ਼ਾ ਸਾਈਕਲ, ਸਕੂਟਰ ਸਟੈਂਡ ਅਤੇ ਕਾਰ ਪਾਰਕਿੰਗ ਨਾਲ ਜੋ ਪੈਸਾ ਇਕੱਠਾ ਹੋਇਆ, ਉਸ 'ਚ ਬਾਂਦਰ ਵੰਡ ਹੁੰਦੀ ਰਹੀ ਹੈ ਅਤੇ ਰੇਲਵੇ ਦੇ ਖਾਤੇ 'ਚ ਪੂਰੇ ਪੈਸੇ ਜਮ੍ਹਾ ਨਹੀਂ ਹੋਏ। ਸਟੈਂਡ ਲਈ ਜਾਰੀ ਪਰਚੀਆਂ 'ਤੇ ਕਿਸੇ ਅਧਿਕਾਰੀ ਦੇ ਨਾ ਤਾਂ ਹਸਤਾਖਰ ਸਨ ਅਤੇ ਨਾ ਹੀ ਸਟੈਂਪ। ਕਿਹਾ ਜਾਂਦਾ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਰੇਲ ਵਿਜੀਲੈਂਸ ਵਿਭਾਗ ਨੂੰ ਵੀ ਪਤਾ ਸੀ ਅਤੇ ਕਮਰਸ਼ੀਅਲ ਵਿਭਾਗ ਦੀ ਇਸ 'ਚ ਸਿੱਧੀ ਦਲਖਅੰਦਾਜ਼ੀ ਸੀ। ਚੀਫ ਇੰਸਪੈਕਟਰ ਟਿਕਟ ਪੈਸੇ ਦਾ ਸਾਰਾ ਹਿਸਾਬ ਰੱਖ ਰਹੇ ਸਨ ਅਤੇ ਉਨ੍ਹਾਂ ਦੀ ਦੇਖ-ਰੇਖ 'ਚ ਪੈਸੇ ਰੇਲਵੇ ਦੇ ਖਾਤੇ 'ਚ ਜਮ੍ਹਾ ਹੋ ਰਹੇ ਸਨ। ਇਸ ਤੋਂ ਪਹਿਲਾਂ ਰੇਲਵੇ ਨੇ ਸਾਈਕਲ ਸਟੈਂਡ ਦਾ ਠੇਕਾ 2 ਕਰੋੜ 30 ਲੱਖ ਰੁਪਏ 'ਚ ਤਿੰਨ ਸਾਲ ਦੇ ਲਈ ਦਿੱਤਾ ਸੀ ਪਰ ਠੇਕੇਦਾਰ ਨੇ ਇਸ ਨੂੰ ਵਿਚਾਲੇ ਛੱਡ ਦਿੱਤਾ। ਇਸ ਤੋਂ ਬਾਅਦ ਕਈ ਵਾਰ ਤਿੰਨ ਮਹੀਨੇ ਲਈ ਕੋਟੇਸ਼ਨ 'ਤੇ ਸਾਈਕਲ ਸਟੈਂਡ ਦਾ ਠੇਕਾ ਕਿਸੇ ਨਾ ਕਿਸੇ ਠੇਕੇ 'ਤੇ ਦਿੱਤਾ ਗਿਆ ਪਰ ਕੋਈ ਵੀ ਲੰਮੇ ਸਮੇਂ ਤੱਕ ਨਹੀਂ ਟਿਕਿਆ। ਲਿਹਾਜ਼ਾ ਸਾਈਕਲ ਸਟੈਂਡ ਦੀ ਦੇਖ-ਰੇਖ ਫਿਰ ਤੋਂ ਰੇਲਵੇ ਵਿਭਾਗ ਦੇ ਮੋਢਿਆਂ 'ਤੇ ਆ ਗਈ ਹੈ।
ਹਰ ਰੋਜ਼ 20 ਤੋਂ 25 ਹਜ਼ਾਰ ਰੁਪਏ ਜਮ੍ਹਾ ਹੁੰਦੇ ਰਹੇ : ਹਾਕਮ ਸਿੰਘ 
ਚੀਫ ਇੰਸਪੈਕਟਰ ਟਿਕਟ ਹਾਕਮ ਸਿੰਘ ਨੇ ਦੱਸਿਆ ਕਿ ਸਾਈਕਲ ਸਟੈਂਡ ਦੀ ਦੇਖ-ਰੇਖ ਜਦੋਂ ਤੋਂ ਰੇਲਵੇ ਵਿਭਾਗ ਕੋਲ ਆਈ ਹੈ। ਹਰ ਰੋਜ਼ 20 ਤੋਂ 25 ਹਜ਼ਾਰ ਰੁਪਏ ਰੈਵੇਨਿਊ ਜਮ੍ਹਾ ਹੁੰਦਾ ਰਿਹਾ ਅਤੇ ਟਿਕਟ ਚੈਕਰ ਆਪਣੀ ਡਿਊਟੀ ਬਾਖੂਬੀ ਨਿਭਾਉਂਦੇ ਰਹੇ। ਇਸ ਦੌਰਾਨ ਘਪਲੇ ਦੀ ਗੱਲ ਬੇਈਮਾਨੀ ਹੈ। ਸਟੇਸ਼ਨ ਦੇ ਮੁੱਖ ਦੁਆਰ ਤੇ ਸਿਵਲ ਲਾਈਨ 'ਚ ਦੋ ਸਾਈਕਲ ਸਟੈਂਡ ਤੇ ਦੋ ਕਾਰ ਪਾਰਕਿੰਗਾਂ ਹਨ। ਇਨ੍ਹਾਂ ਚਾਰੇ ਯੂਨਿਟਾਂ ਤੋਂ ਜੋ ਵੀ ਪੈਸਾ ਇਕੱਠਾ ਹੁੰਦਾ ਰਿਹਾ, ਉਹ ਹਰ ਰੋਜ਼ ਜਮ੍ਹਾ ਹੁੰਦਾ ਰਿਹਾ। ਹੁਣ ਰੇਲ ਅਧਿਕਾਰੀਆਂ ਦੇ ਨਿਰਦੇਸ਼ 'ਤੇ ਠੇਕਾ ਬੰਦ ਕਰਵਾ ਦਿੱਤਾ ਹੈ ਅਤੇ ਪਾਰਕਿੰਗ ਮੁਫਤ ਕਰ ਦਿੱਤੀ ਗਈ ਹੈ। 
ਮਾਮਲੇ ਦੀ ਹੋ ਰਹੀ ਜਾਂਚ : ਮੋਨੂ ਲੁਥਰਾ 
ਫਿਰੋਜ਼ਪੁਰ ਰੇਲ ਡਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਮੋਨੂ ਲੁਥਰਾ ਨੇ ਸੰਪਰਕ ਕਰਨ 'ਤੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੇ ਹਫਤੇ ਤੱਕ ਸਾਈਕਲ ਸਟੈਂਡ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੇ ਲਈ ਟੈਂਡਰ ਮੰਗ ਲਏ ਗਏ ਹਨ।
ਠੇਕੇ ਦੀ ਰਕਮ ਜ਼ਿਆਦਾ ਹੋਣ 'ਤੇ ਨਹੀਂ ਟਿਕਦਾ ਠੇਕੇਦਾਰ 
ਰੇਲ ਵਿਭਾਗ ਦੇ ਸੂਤਰਾਂ ਦੀ ਮੰਨੀਏ ਤਾਂ ਸਾਈਕਲ ਸਟੈਂਡ ਦੇ ਠੇਕੇ ਦੀ ਰਕਮ ਜ਼ਿਆਦਾ ਹੋਣ 'ਤੇ ਕੋਈ ਠੇਕੇਦਾਰ ਨਹੀਂ ਟਿਕਦਾ। ਫਿਰ ਹਰ ਸਾਲ ਠੇਕੇ ਨੂੰ 10 ਫੀਸਦੀ ਵਧਾ ਦਿੱਤਾ ਜਾਂਦਾ ਹੈ। ਇਸ ਦੌਰਾਨ ਸਾਰਾ ਬੋਝ ਪਬਲਿਕ 'ਤੇ ਪਾ ਕੇ ਜ਼ਿਆਦਾ ਕਮਾਈ ਕਰ ਕੇ ਰੇਲ ਵਿਭਾਗ ਨੂੰ ਆਮਦਨ ਵਧਾ ਕੇ ਦਿਖਾਈ ਹੁੰਦੀ ਹੈ ਪਰ 24 ਘੰਟੇ ਸਾਈਕਲ ਸਟੈਂਡ ਚਲਾਉਣ ਲਈ ਠੇਕੇਦਾਰ ਨੂੰ ਵੱਡੀ ਗਿਣਤੀ 'ਚ ਕਰਮਚਾਰੀ ਰੱਖਣੇ ਪੈਂਦੇ ਹਨ। ਥੋੜ੍ਹੇ ਦਿਨਾਂ 'ਚ ਆਟੇ-ਦਾਲ ਦਾ ਭਾਅ ਪਤਾ ਲੱਗਣ 'ਤੇ ਉਹ ਵਿਚਾਲੇ ਠੇਕਾ ਛੱਡ ਦਿੰਦੇ ਹਨ। ਉਦਾਹਰਨ ਦੇ ਤੌਰ 'ਤੇ ਕਾਰ ਪਾਰਕਿੰਗ ਦੀ ਫੀਸ 30 ਰੁਪਏ 4 ਘੰਟੇ ਦੀ ਹੈ। ਉਸ ਤੋਂ ਬਾਅਦ 100 ਰੁਪਏ ਅਤੇ 24 ਘੰਟੇ ਦੇ 200 ਰੁਪਏ ਲਏ ਜਾਂਦੇ ਹਨ। ਇਸ ਤਰ੍ਹਾਂ ਹੀ ਸਕੂਟਰਾਂ ਆਦਿ ਲਈ ਰੇਟ ਤੈਅ ਕੀਤੇ ਗਏ। ਇਸ ਨਾਲ ਰੇਲਵੇ ਕੰਪਲੈਕਸ 'ਚ ਆਪਣੇ ਵਾਹਨ ਖੜ੍ਹੇ ਕਰਨ ਵਾਲਿਆਂ 'ਤੇ ਆਰਥਿਕ ਬੋਝ ਵਧਦਾ ਹੈ। ਪਰਚੀ ਦੇ ਪੈਸੇ ਨੂੰ ਲੈ ਕੇ ਰੋਜ਼ ਝਗੜੇ ਤੇ ਬਹਿਸ ਹੋਣਾ ਆਮ ਗੱਲ ਹੈ। 
ਰੇਲਵੇ ਸਟੇਸ਼ਨ 'ਤੇ ਰੌਣਕ ਹੋਈ ਘੱਟ, ਨੁਕਸਾਨ ਵਧਿਆ 
ਸਾਈਕਲ ਸਟੈਂਡ ਬੰਦ ਹੋਣ ਕਾਰਨ ਸੈਂਕੜੇ ਯਾਤਰੀ ਜੋ ਆਪਣੇ ਵਾਹਨ ਸਟੇਸ਼ਨ 'ਤੇ ਖੜ੍ਹੇ ਕਰ ਕੇ ਜਾਂਦੇ ਹਨ, ਦੀ ਗਿਣਤੀ 'ਚ ਭਾਰੀ ਕਮੀ ਆਈ ਹੈ। ਇਸ ਤੋਂ ਪਹਿਲਾਂ ਟਰੈਫਿਕ ਰੇਲ ਯਾਤਰੀਆਂ ਦੇ ਸਲੀਪਰ ਕੋਚ ਜੋ ਖਾਲੀ ਚੱਲ ਰਹੇ ਹਨ, ਵਿਚ ਬੈਠਣ 'ਤੇ ਰੋਕ ਲਾਉਣ ਅਤੇ ਅੰਮ੍ਰਿਤਸਰ ਤੋਂ ਅੰਬਾਲਾ ਵਿਚਕਾਰ ਆਉਣ-ਜਾਣ ਵਾਲੇ 17 ਹਜ਼ਾਰ ਰੇਲ ਯਾਤਰੀਆਂ 'ਚ ਵੀ ਭਾਰੀ ਘਾਟ ਆਈ ਹੈ। ਉਨ੍ਹਾਂ ਨੇ ਬੱਸ ਚਾਲਕਾਂ ਤੋਂ ਰੋਜ਼ਾਨਾ ਆਉਣ ਦੇ ਮੁੱਲ ਸੈੱਟ ਕਰ ਕੇ ਬੱਸਾਂ ਤੋਂ ਆਉਣਾ-ਜਾਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਨਿੱਜੀ ਬੱਸ ਆਪ੍ਰੇਟਰਾਂ ਦੀ ਵੀ ਖੂਬ ਚਾਂਦੀ ਹੋ ਰਹੀ ਹੈ। ਹਜ਼ਾਰਾਂ ਰੇਲ ਯਾਤਰੀਆਂ ਦੀ ਘਾਟ ਨਾਲ ਰੇਲਵੇ ਸਟੇਸ਼ਨਾਂ 'ਤੇ ਰੌਣਕ ਪਹਿਲਾਂ ਨਾਲੋਂ ਕਾਫੀ ਘੱਟ ਹੋ ਗਈ ਹੈ। 
ਸਟਾਲਾਂ ਦੇ ਠੇਕੇਦਾਰਾਂ ਦੀਆਂ ਮੁਸੀਬਤਾਂ ਵਧੀਆ, ਵਿਕਰੀ ਘਟੀ 
ਸਟੇਸ਼ਨ 'ਤੇ ਯਾਤਰੀਆਂ ਦੀ ਗਿਣਤੀ 'ਚ ਭਾਰੀ ਘਾਟ ਆਉਣ ਨਾਲ ਹੁਣ ਸਟੇਸ਼ਨਾਂ 'ਤੇ ਖਾਣ-ਪੀਣ ਦਾ ਸਾਮਾਨ ਵੇਚਣ ਵਾਲੇ ਸਟਾਲਾਂ ਦੀ ਵਿਰਕੀ 'ਚ ਭਾਰੀ ਕਮੀ ਆਈ ਹੈ। ਇਨ੍ਹਾਂ ਸਟਾਲਾਂ ਦੇ ਠੇਕੇਦਾਰਾਂ 'ਚ ਹੁਣ ਆਪਣੇ ਸਟਾਲ ਘਾਟੇ 'ਚ ਚੱਲਣ ਦੇ ਸ਼ੱਕ ਨਾਲ ਆਰਥਿਕ ਹਾਨੀ ਦਾ ਡਰ ਹੈ। ਇਨ੍ਹਾਂ 'ਚੋਂ ਕਈਆਂ ਦਾ ਕਹਿਣਾ ਹੈ ਕਿ ਰੇਲਵੇ 'ਚ ਅਧਿਕਾਰੀ ਹੀ ਇਸ ਦੇ ਦੁਸ਼ਮਣ ਸਿੱਧ ਹੋ ਰਹੇ ਹਨ। ਜੇਕਰ ਇਹੀ ਆਲਮ ਰਿਹਾ ਤਾਂ ਉਹ ਵੀ ਆਪਣੇ ਠੇਕੇ ਛੱਡ ਦੇਣਗੇ। ਜ਼ਿਕਰਯੋਗ ਹੈ ਕਿ ਠੇਕੇ ਦੇ ਭਾਰੀ ਮੁੱਲ ਕਾਰਨ ਡਵੀਜ਼ਨ ਅਧੀਨ ਆਉਂਦੇ ਕਈ ਸਟੇਸ਼ਨਾਂ 'ਤੇ ਦਰਜਨਾਂ ਸਟਾਲ ਬੰਦ ਪਏ ਹਨ। ਪੁਰਾਣੇ ਠੇਕੇਦਾਰ ਇਨ੍ਹਾਂ 'ਚ ਜ਼ਿਆਦਾ ਮੁੱਲ ਕਾਰਨ ਹੱਥ ਪਾਉਣ ਨੂੰ ਤਿਆਰ ਨਹੀਂ ਹਨ ਅਤੇ ਨਾ ਹੀ ਰੇਲਵੇ ਵਿਭਾਗ ਵੱਲੋਂ ਇਨ੍ਹਾਂ ਦੀ ਬੋਲੀ ਤੇ ਟੈਂਡਰ ਕੱਢਣ 'ਚ ਦਿਲਚਸਪੀ ਦਿਖਾਈ ਜਾ ਰਹੀ ਹੈ।