ਵਿਦੇਸ਼ ਭੇਜਣ ਦੇ ਨਾਂ ''ਤੇ ਲੱਖਾਂ ਰੁਪਏ ਠੱਗੇ

02/01/2018 1:07:52 AM

ਫਿਰੋਜ਼ਪੁਰ(ਮਲਹੋਤਰਾ)-ਕੈਨੇਡਾ ਭੇਜਣ ਦੇ ਨਾਂ 'ਤੇ ਇਕ ਲੜਕੇ ਦੇ ਪਿਤਾ ਤੋਂ ਪੰਜ ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਨੂਰਪੁਰ ਦੇ ਬਲਦੇਵ ਸਿੰਘ ਨੇ ਜੂਨ 2016 ਵਿਚ ਜ਼ਿਲਾ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਪੁੱਤਰ ਸਤਨਾਮ ਸਿੰਘ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਕਰਨੈਲ ਸਿੰਘ ਪਿੰਡ ਬਹਿਕ ਫੱਤੂ ਨੇ ਉਸ ਤੋਂ ਪੰਜ ਲੱਖ ਰੁਪਏ ਲੈ ਲਏ ਸਨ। ਉਸ ਨੇ ਦੱਸਿਆ ਕਿ ਪੈਸੇ ਦੇਣ ਦੇ ਬਾਵਜੂਦ ਨਾ ਤਾਂ ਉਸ ਨੇ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਥਾਣਾ ਸਦਰ ਜ਼ੀਰਾ ਦੇ ਏ. ਐੱਸ. ਆਈ. ਕੁਲਵੰਤ ਸਿੰਘ ਅਨੁਸਾਰ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਮੁਲਜ਼ਮ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ। ਵਰਕ ਪਰਮਿਟ 'ਤੇ ਵਿਦੇਸ਼ ਭੇਜਣ ਦੇ ਨਾਂ 'ਤੇ ਕਥਿਤ ਰੂਪ 'ਚ ਇਕ ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਥਾਣਾ ਸਿਟੀ ਦੀ ਪੁਲਸ ਨੇ ਇਕ ਵਿਅਕਤੀ ਖਿਲਾਫ ਧੋਖਾਦੇਹੀ ਦਾ ਪਰਚਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਤਿਰਲੋਕ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਤੇ ਬਿਆਨਾਂ 'ਚ ਅਭਿਸ਼ੇਕ ਵਾਸੀ ਗੋਲਡਨ ਇਨਕਲੇਵ ਫਿਰੋਜ਼ਪੁਰ ਸ਼ਹਿਰ ਨੇ ਦੋਸ਼ ਲਾਇਆ ਕਿ ਪੁਨੀਤ ਕੁਮਾਰ ਨੇ ਉਸ ਨੂੰ ਵਰਕ ਪਰਮਿਟ 'ਤੇ ਸਿੰਗਾਪੁਰ ਭੇਜਣ ਦੀ ਬਜਾਏ ਟੂਰਿਸਟ ਵੀਜ਼ਾ 'ਤੇ ਭੇਜ ਕੇ ਉਸ ਨਾਲ ਇਕ ਲੱਖ ਰੁਪਏ ਦੀ ਠੱਗੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਨਾਮਜ਼ਦ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।