ਧੋਖਾਦੇਹੀ ਕਰਨ ਵਾਲੇ ਪਤੀ-ਪਤਨੀ ਨੂੰ ਭੇਜਿਆ 14 ਦਿਨਾਂ ਦੀ ਨਿਆਇਕ ਹਿਰਾਸਤ ''ਚ

09/24/2017 2:10:21 AM

ਬਰੇਟਾ(ਬਾਂਸਲ)-ਕਾਟਨ ਫੈਕਟਰੀ ਵਿਚ ਆਪਣੇ ਹੀ ਹਿੱਸੇਦਾਰ ਨਾਲ ਜਾਇਦਾਦ ਨੂੰ ਲੈ ਕੇ ਧੋਖਾਦੇਹੀ ਕਰਨ ਵਾਲੀ ਫੈਕਟਰੀ ਦੀ ਮਾਲਕਣ ਅਤੇ ਉਸ ਦੇ ਪਤੀ ਖਿਲਾਫ ਪੁਲਸ ਵੱਲੋਂ ਧਾਰਾ 420 ਅਤੇ 406 ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਅੱਜ ਪੁਲਸ ਵੱਲੋਂ ਬੁਢਲਾਡਾ ਵਿਖੇ ਜੁਡੀਸ਼ੀਅਲ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਪਤੀ-ਪਤਨੀ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਵਰਨਣਯੋਗ ਹੈ ਕਿ ਰਜਿੰਦਰ ਕੁਮਾਰ ਨੇ ਜ਼ਿਲਾ ਪੁਲਸ ਮੁਖੀ ਮਾਨਸਾ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਲੜਕਾ ਭਾਰਤ ਭੂਸ਼ਨ ਰੂੰ ਕਾਟਨ ਫੈਕਟਰੀ ਵਿਚ 35 ਫੀਸਦੀ ਦਾ ਹਿੱਸੇਦਾਰ ਸੀ ਅਤੇ ਇਸ ਦੀ ਇਕ ਹਿੱਸੇਦਾਰ ਸੁਨੀਤਾ ਰਾਣੀ ਪਤਨੀ ਇੰਦਰਜੀਤ ਗੋਇਲ ਉਰਫ ਕਾਲਾ 55 ਫੀਸਦੀ ਦੀ ਹਿੱਸੇਦਾਰ ਸੀ। 5 ਫਰਵਰੀ 2015 ਨੂੰ ਭਾਰਤ ਭੂਸ਼ਨ ਨੇ ਆਪਣਾ 35 ਫੀਸਦੀ ਹਿੱਸਾ ਸੁਨੀਤਾ ਰਾਣੀ ਨੂੰ ਦੇ ਦਿੱਤਾ, ਜਿਸ ਦੇ ਬਦਲੇ ਸੁਨੀਤਾ ਰਾਣੀ ਨੇ ਕੁਝ ਥਾਵਾਂ 'ਤੇ ਪਈ ਆਪਣੀ ਜਾਇਦਾਦ ਭਾਰਤ ਭੂਸ਼ਨ ਨੂੰ ਦੇਣ ਦਾ ਸਮਝੌਤਾ ਕੀਤਾ ਸੀ। ਇਸ ਤੋਂ ਇਲਾਵਾ ਰਜਿੰਦਰ ਕੁਮਾਰ ਨੇ ਆਪਣੀ ਆੜ੍ਹਤ ਦੀ ਦੁਕਾਨ ਤੋਂ 20 ਲੱਖ ਰੁਪਏ ਦਾ ਨਰਮਾ/ਕਪਾਹ ਸੁਨੀਤਾ ਰਾਣੀ ਦੀ ਫੈਕਟਰੀ ਨੂੰ ਵੇਚਿਆ ਸੀ, ਜਿਸ ਬਦਲੇ ਵੀ ਸੁਨੀਤਾ ਰਾਣੀ ਨੇ ਉਸ ਨੂੰ ਕੁਝ ਸਾਮਾਨ ਦੇਣ ਦਾ ਵਾਅਦਾ ਕੀਤਾ ਸੀ ਪਰ ਸੁਨੀਤਾ ਰਾਣੀ ਨੇ ਬਾਅਦ ਵਿਚ ਧੋਖਾਦੇਹੀ ਕਰਦੇ ਹੋਏ ਨਾ ਤਾਂ ਭਾਰਤ ਭੂਸ਼ਨ ਨੂੰ ਫੈਕਟਰੀ ਦੇ ਹਿੱਸੇ ਬਦਲੇ ਕੋਈ ਜਾਇਦਾਦ ਦਿੱਤੀ ਅਤੇ ਨਾ ਹੀ ਰਜਿੰਦਰ ਕੁਮਾਰ ਨੂੰ ਨਰਮੇ ਦੀ ਰਕਮ ਦੇ ਬਦਲੇ ਬਿਨੋਲੇ ਦਿੱਤੇ, ਜਿਸ 'ਤੇ ਪੁਲਸ ਨੇ ਪੜਤਾਲ ਦੌਰਾਨ ਦੋਸ਼ੀਆਂ ਖਿਲਾਫ ਧਾਰਾ 420, 406 ਤਹਿਤ ਮੁਕੱਦਮਾ ਅਮਲ ਵਿਚ ਲਿਆਂਦਾ।