ਰੂੰ ਫੈਕਟਰੀ ''ਚ ਜਾਇਦਾਦ ਨੂੰ ਲੈ ਕੇ ਧੋਖਾਧੜੀ ਕਰਨ ''ਤੇ ਪਤੀ-ਪਤਨੀ ਖਿਲਾਫ ਮਾਮਲਾ ਦਰਜ

09/23/2017 2:33:45 AM

ਬਰੇਟਾ(ਬਾਂਸਲ)- ਕਾਟਨ ਫੈਕਟਰੀ 'ਚ ਆਪਣੇ ਹੀ ਹਿੱਸੇਦਾਰ ਨਾਲ ਜਾਇਦਾਦ ਨੂੰ ਲੈ ਕੇ ਧੋਖਾਧੜੀ ਕਰਨ ਵਾਲੀ ਫੈਕਟਰੀ ਦੀ ਮਾਲਕ ਅਤੇ ਉਸ ਦੇ ਪਤੀ ਖਿਲਾਫ ਪੁਲਸ ਵੱਲੋਂ ਧਾਰਾ ਅਧੀਨ 420 ਅਤੇ 406 ਦੇ ਤਹਿਤ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਰਜਿੰਦਰ ਕੁਮਾਰ ਪੁੱਤਰ ਜ਼ਿਲਾ ਰਾਮ ਨੇ ਜ਼ਿਲਾ ਪੁਲਸ ਮੁਖੀ ਮਾਨਸਾ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਲੜਕਾ ਭਾਰਤ ਭੂਸ਼ਣ ਰੂੰ ਕਾਟਨ ਫੈਕਟਰੀ 'ਚ 35 ਫੀਸਦੀ ਦਾ ਹਿੱਸੇਦਾਰ ਸੀ ਅਤੇ ਇਸ ਦੀ ਇੱਕ ਹਿੱਸੇਦਾਰ ਸੁਨੀਤਾ ਰਾਣੀ ਪਤਨੀ ਇੰਦਰਜੀਤ ਗੋਇਲ ਉਰਫ ਕਾਲਾ 55 ਫੀਸਦੀ ਦੀ ਹਿਸੇਦਾਰ ਸੀ। 5 ਫਰਵਰੀ 2015 ਨੂੰ ਭਾਰਤ ਭੂਸ਼ਣ ਨੇ ਅਪਣਾ 35 ਫੀਸਦੀ ਹਿੱਸਾ ਸੁਨੀਤਾ ਰਾਣੀ ਨੂੰ ਦੇ ਦਿੱਤਾ, ਜਿਸ ਦੇ ਬਦਲੇ ਸੁਨੀਤਾ ਰਾਣੀ ਨੇ ਕੁਝ ਥਾਵਾਂ 'ਤੇ ਪਈ ਆਪਣੀ ਜਾਇਦਾਦ ਭਾਰਤ ਭੂਸ਼ਣ ਨੂੰ ਦੇਣ ਦਾ ਸਮਝੌਤਾ ਕੀਤਾ ਸੀ, ਜਿਸ ਦੀ ਲਿਖਤ ਕਰ ਲਈ ਗਈ ਸੀ। ਇਸ ਤੋਂ ਇਲਾਵਾ ਰਜਿੰਦਰ ਕੁਮਾਰ ਨੇ ਆਪਣੀ ਆੜ੍ਹਤ ਦੀ ਦੁਕਾਨ ਤੋਂ ਲਗਭਗ 20 ਲੱਖ ਰੁਪਏ ਦਾ ਨਰਮਾ/ਕਪਾਹ ਸੁਨੀਤਾ ਰਾਣੀ ਦੀ ਫੈਕਟਰੀ ਨੂੰ ਵੇਚਿਆ ਸੀ ਜਿਸ ਬਦਲੇ ਵੀ ਸੁਨੀਤਾ ਰਾਣੀ ਨੇ ਉਸ ਨੂੰ ਬਿਨੋਲੇ ਦੇਣ ਦਾ ਵਾਅਦਾ ਕੀਤਾ ਸੀ ਪਰ ਸੁਨੀਤਾ ਰਾਣੀ ਨੇ ਬਾਅਦ 'ਚ ਧੋਖਾਧੜੀ ਕਰਦੇ ਹੋਏ ਨਾ ਤਾਂ ਭਾਰਤ ਭੂਸ਼ਣ ਨੂੰ ਫੈਕਟਰੀ ਦੇ ਹਿੱਸੇ ਬਦਲੇ ਕੋਈ ਜਾਇਦਾਦ ਦਿੱਤੀ ਅਤੇ ਨਾ ਹੀ ਰਜਿੰਦਰ ਕੁਮਾਰ ਨੂੰ ਨਰਮੇ ਦੀ ਰਕਮ ਦੇ ਬਦਲੇ ਬਿਨੌਲੇ ਦਿੱਤੇ। ਜਿਸ 'ਤੇ ਪੁਲਸ ਨੇ ਪੜਤਾਲ ਦੌਰਾਨ ਦੋਸ਼ੀਆਂ ਖਿਲਾਫ ਧਾਰਾ 420, 406 ਤਹਿਤ ਮੁਕੱਦਮਾ ਦਰਜ ਕੀਤਾ। ਐੱਸ. ਐੱਚ. ਓ. ਜਸਵੀਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।