ਡੂੰਮਵਾਲੀ ਬੈਰੀਅਰ ਤੱਕ ਹੀ ਚੱਲੀਆਂ ਬੱਸਾਂ, ਪੀ.ਆਰ.ਟੀ.ਸੀ. ਨੂੰ ਲੱਖਾਂ ਦਾ ਨੁਕਸਾਨ

07/11/2017 3:05:03 AM

ਬਠਿੰਡਾ(ਪਰਮਿੰਦਰ, ਮਨਜੀਤ)-ਇਨੈਲੋ (ਇੰਡੀਅਨ ਨੈਸ਼ਨਲ ਲੋਕਦਲ) ਵੱਲੋਂ ਐੱਸ. ਵਾਈ. ਐੱਲ. ਮੁੱਦੇ ਨੂੰ ਲੈ ਕੇ ਕੀਤੇ ਗਏ ਰੋਸ ਪ੍ਰਦਰਸ਼ਨ ਕਾਰਨ ਪੰਜਾਬ ਤੋਂ ਕਿਸੇ ਵੀ ਵਾਹਨ ਦੀ ਹਰਿਆਣਾ 'ਚ Âੈਂਟਰੀ ਨਹੀਂ ਹੋ ਸਕੀ। ਡੂੰਮਵਾਲੀ ਬੈਰੀਅਰ 'ਤੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਨਾਕੇਬੰਦੀ ਕੀਤੀ ਗਈ ਤੇ ਸੀਮਾ ਨਜ਼ਦੀਕ ਚੱਪੇ-ਚੱਪੇ 'ਤੇ ਪੁਲਸ ਤਾਇਨਾਤ ਰਹੀ। ਹੱਦ ਤੋਂ ਪਹਿਲਾਂ ਹੀ ਕਈ ਥਾਵਾਂ 'ਤੇ ਨਾਕਾਬੰਦੀ ਕਰ ਕੇ ਪੁਲਸ ਨੇ ਵਾਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਤੇ ਹੋਰ ਰਸਤਿਆਂ ਵੱਲ ਡਾਇਵਰਟ ਕਰ ਦਿੱਤਾ। ਪੁਲਸ ਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਵੀ ਅੰਦੋਲਨ ਨੂੰ ਦੇਖਦਿਆਂ ਪੂਰੇ ਸਮੇਂ ਮੌਕੇ 'ਤੇ ਮੌਜੂਦ ਰਹੇ। ਪੀ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਵੀ ਬੈਰੀਅਰ ਤੱਕ ਹੀ ਚਲਾਇਆ ਗਿਆ, ਜਿਸ ਕਾਰਨ ਵਿਭਾਗ ਨੂੰ ਨੁਕਸਾਨ ਵੀ ਹੋਇਆ।
ਹੱਦ 'ਤੇ ਹੀ ਉਤਾਰੀਆਂ ਗਈਆਂ ਸਵਾਰੀਆਂ
ਪੀ.ਆਰ.ਟੀ.ਸੀ. ਵੱਲੋਂ ਅੰਦੋਲਨ ਨੂੰ ਦੇਖਦਿਆਂ ਆਪਣੀਆਂ ਬੱਸਾਂ ਪੰਜਾਬ ਹਰਿਆਣਾ ਹੱਦ ਤੱਕ ਹੀ ਚਲਾਈਆਂ ਗਈਆਂ, ਜਿਸ ਕਾਰਨ ਪੀ.ਆਰ.ਟੀ.ਸੀ. ਨੂੰ 10-11 ਲੱਖ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਸਵਾਰੀਆਂ ਨੂੰ ਵੀ ਬਾਰਡਰ 'ਤੇ ਉਤਾਰਿਆ ਗਿਆ, ਜਿਥੋਂ ਅੱਗੇ ਲੋਕ ਕਰੀਬ ਅੱਧਾ ਕਿਲੋਮੀਟਰ ਪੈਦਲ ਚੱਲ ਕੇ ਗਏ। ਪੀ.ਆਰ.ਟੀ.ਸੀ. ਦੇ ਬਠਿੰਡਾ-ਡਬਵਾਲੀ ਵੱਲ ਜਾਣ ਵਾਲੇ ਕਰੀਬ 55 ਰੂਟ ਪ੍ਰਭਾਵਿਤ ਹੋਏ ਜਦਕਿ ਨਿੱਜੀ ਟਰਾਂਸਪੋਰਟ ਦੇ ਵੀ 100 ਦੇ ਕਰੀਬ ਰੂਟ ਬੰਦ ਰਹੇ, ਜਿਸ ਕਾਰਨ ਉਨ੍ਹਾਂ ਨੂੰ ਵੀ ਲੱਖਾਂ ਰੁਪਏ ਦਾ ਘਾਟਾ ਸਹਿਣਾ ਪਿਆ। ਇਨੈਲੋ ਦਾ ਪ੍ਰਦਰਸ਼ਨ ਸਵੇਰੇ 9 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਜਾਰੀ ਰਿਹਾ, ਜਿਸ ਦੌਰਾਨ ਦੋਵੇਂ ਪਾਸੇ ਤਣਾਅ ਦੀ ਸਥਿਤੀ ਬਣੀ ਰਹੀ।
ਅਧਿਕਾਰੀਆਂ ਨੇ ਰੱਖੀ ਤਿੱਖੀ ਨਜ਼ਰ
ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਤੇ ਐੱਸ.ਐੱਸ.ਪੀ. ਨਵੀਨ ਸਿੰਗਲਾ ਨੇ ਵੀ ਪੰਜਾਬ-ਹਰਿਆਣਾ ਸੀਮਾ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਰਦੇਸ਼ ਦਿੱਤੇ।
ਪੁਲਸ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਜਾਮ ਤੋਂ ਬਚਣ ਲਈ 6 ਵੱਖ-ਵੱਖ ਥਾਵਾਂ 'ਤੇ ਪੁਲਸ ਦੇ ਵਿਸ਼ੇਸ਼ ਨਾਕੇ ਲਾਏ ਗਏ, ਜਿਥੇ ਡੱਬਵਾਲੀ ਵੱਲ ਨੂੰ ਜਾਣ ਵਾਲੀ ਟ੍ਰੈਫਿਕ ਨੂੰ ਹੋਰ ਰਸਤਿਆਂ 'ਤੇ ਡਾਇਰਵਟ ਕੀਤਾ ਗਿਆ।
ਵਪਾਰੀਆਂ ਦਾ ਕਾਰੋਬਾਰ ਪ੍ਰਭਾਵਿਤ
ਪੰਜਾਬ-ਹਰਿਆਣਾ ਤੋਂ ਬੱਸਾਂ-ਟਰੱਕਾਂ ਤੇ ਹੋਰ ਵਾਹਨਾਂ ਦੀ ਆਵਾਜਾਈ ਰੁਕਣ ਕਾਰਨ ਵਪਾਰੀਆਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਇਆ। ਬਠਿੰਡਾ ਮਾਲ ਲੈ ਕੇ ਆਉਣ ਵਾਲੇ ਟਰੱਕ ਵੀ ਰਸਤਿਆਂ ਵਿਚ ਫਸੇ ਰਹੇ ਜਦਕਿ ਪੰਜਾਬ ਦੇ ਹੋਰ ਹਿੱਸਿਆਂ ਤੋਂ ਡੱਬਵਾਲੀ ਹੋ ਕੇ ਅੱਗੇ ਜਾਣ ਵਾਲਾ ਸਾਮਾਨ ਵੀ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਿਆ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਦਿਕੱਤਾਂ ਦਾ ਸਾਹਮਣਾ ਕਰਨਾ ਪਿਆ ਤੇ ਜ਼ਿਆਦਾਤਰ ਲੋਕ ਬੈਰੀਅਰ ਤੋਂ ਹੀ ਵਾਪਸ ਮੁੜਦੇ ਦਿਖੇ।