4 ਸਾਲਾ ਬੱਚੇ ਦੀ ਮੌਤ 'ਤੇ ਹਸਪਤਾਲ 'ਚ ਹੰਗਾਮਾ, ਹਿਰਾਸਤ 'ਚ ਲਏ ਚਾਚਾ ਤੇ ਮਾਮਾ, ਜਾਣੋ ਪੂਰਾ ਮਾਮਲਾ

10/13/2023 5:11:33 PM

ਅੰਮ੍ਰਿਤਸਰ (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਵਿਚ ਕੁਝ ਦਿਨ ਪਹਿਲਾਂ ਚੋਰੀ ਹੋਏ 2 ਦਿਨਾਂ ਦੇ ਬੱਚੇ ਦਾ ਮਾਮਲਾ ਅਜੇ ਤੱਕ ਸੁਲਝਿਆ ਨਹੀਂ ਸੀ ਕਿ ਹੁਣ 4 ਸਾਲ ਦੇ ਬੱਚੇ ਦੀ ਮੌਤ ਦਾ ਮਾਮਲਾ ਭੜਕ ਗਿਆ ਹੈ। ਮ੍ਰਿਤਕ ਬੱਚੇ ਦੇ ਰਿਸ਼ਤੇਦਾਰਾਂ ਨੇ ਇਲਾਜ ਦੌਰਾਨ ਲਾਪ੍ਰਵਾਹੀ ਦੇ ਦੋਸ਼ ਲਗਾਉਂਦੇ ਹੋਏ ਐਮਰਜੈਂਸੀ ਵਿਚ ਤਾਇਨਾਤ ਜੂਨੀਅਰ ਰੈਜ਼ੀਡੈਂਟ ਡਾਕਟਰ ਦੀ ਕੁੱਟਮਾਰ ਕੀਤੀ। ਮੌਕੇ ’ਤੇ ਮੌਜੂਦ ਹਸਪਤਾਲ ਦੇ ਸੁਰੱਖਿਆ ਕਰਮਚਾਰੀਆਂ ਨੇ ਕੁੱਟਮਾਰ ਕਰਨ ਵਾਲੇ ਮ੍ਰਿਤਕ ਬੱਚੇ ਦੇ ਚਾਚੇ ਅਤੇ ਮਾਮੇ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ । ਦੂਜੇ ਪਾਸੇ ਪੁਲਸ ਵਲੋਂ ਬੱਚੇ ਦੇ ਪਰਿਵਾਰਕ ਮੈਂਬਰਾਂ ’ਤੇ ਠੋਸ ਕਾਰਵਾਈ ਨਾ ਹੁੰਦੇ ਦੇਖਦਿਆਂ ਜੂਨੀਅਰ ਰੈਜੀਡੇਂਟ ਡਾਕਟਰ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਚਲੇ ਗਏ। ਡਾਕਟਰਾਂ ਦੀ ਇਸ ਹੜਤਾਲ ਵਿਚ ਸੀਨੀਅਰ ਰੈਜੀਡੇਂਟ ਅਤੇ ਹੋਰ ਸੀਨੀਅਰ ਡਾਕਟਰਾਂ ਦਾ ਵੀ ਉਨ੍ਹਾਂ ਨੂੰ ਸਮੱਰਥਨ ਮਿਲਣਾ ਸ਼ੁਰੂ ਹੋ ਗਿਆ ਹੈ।

ਜਾਣਕਾਰੀ ਅਨੁਸਾਰ ਜੇਠੂਵਾਲ ਦੇ ਪਿੰਡ ਲੁੱਧੜ ਦੀ ਰਹਿਣ ਵਾਲੀ ਅੰਜੂ ਆਪਣੇ ਪਰਿਵਾਰਕ ਮੈਂਬਰਾਂ ਸਮੇਤ 4 ਸਾਲਾ ਬੱਚੇ ਨੂੰ ਬੁਖਾਰ ਹੋਣ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ ਵਿਚ ਲੈ ਕੇ ਆਈ ਸੀ। ਬੱਚੇ ਦੀ ਮਾਂ ਅੰਜੂ ਨੇ ਦੱਸਿਆ ਕਿ ਡਾਕਟਰ ਵਲੋਂ ਉਸ ਦੇ ਬੱਚੇ ਦਾ ਸਹੀ ਇਲਾਜ ਨਾ ਹੋਣ ਕਾਰਨ ਅੱਜ ਉਸ ਦੇ ਇਕਲੌਤੇ ਬੱਚੇ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣੇ ਬੱਚੇ ਨੂੰ ਲੈ ਕੇ ਆਈ ਤਾਂ ਕਿਸੇ ਡਾਕਟਰ ਨੇ ਉਸ ਦੇ ਬੱਚੇ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਕਾਫ਼ੀ ਸਮੇਂ ਬਾਅਦ ਜਦੋਂ ਇਲਾਜ ਸ਼ੁਰੂ ਹੋਇਆ ਤਾਂ ਗੁਲੂਕੋਜ਼ ਵਿਚ ਕੋਈ ਟੀਕਾ ਨਹੀਂ ਪਾਇਆ ਗਿਆ, ਜਿਸ ਨਾਲ ਬੱਚੇ ਦਾ ਪੇਟ ਫੁੱਲਣ ਲੱਗਾ ਅਤੇ ਰੰਗ ਨੀਲਾ ਹੋਣ ਲੱਗਾ। ਇਸ ਦੌਰਾਨ ਜਦੋਂ ਉਸ ਨੇ ਡਾਕਟਰ ਅਤੇ ਹੋਰ ਸਟਾਫ਼ ਨਾਲ ਗੱਲ ਕਰਨੀ ਚਾਹੀ ਸੀ ਤਾਂ ਮੌਕੇ ’ਤੇ ਮੌਜੂਦ ਕਿਸੇ ਨੇ ਵੀ ਉਸ ਦੀ ਕੋਈ ਸਾਰ ਨਹੀਂ ਲਈ।

ਇਹ ਵੀ ਪੜ੍ਹੋ- ਰਾਜਕੁਮਾਰ ਵੇਰਕਾ ਨੇ ਛੱਡੀ ਭਾਜਪਾ, ਕਾਂਗਰਸ 'ਚ ਹੋਵੇਗੀ ਘਰ ਵਾਪਸੀ

ਇਸ ਦੌਰਾਨ ਐਮਰਜੈਂਸੀ ਵਿਚ ਮੌਜੂਦ ਡਾਕਟਰ ਨੇ ਜਦੋਂ ਉਨ੍ਹਾਂ ਨੂੰ ਕਿਹਾ ਕਿ ਬੱਚੇ ਦਾ ਟੈਸਟ ਕਰਵਾਉਣਾ ਹੈ ਤਾਂ ਸਬੰਧਤ ਡਾਕਟਰ ਨੇ ਬੱਚੇ ਦੇ ਮਾਮੇ ਅਤੇ ਚਾਚੇ ਨਾਲ ਦੁਰਵਿਵਹਾਰ ਕੀਤਾ ਅਤੇ ਟੈਸਟ ਲਿਖਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਇਸ ਦੌਰਾਨ ਮੌਕੇ ’ਤੇ ਕਿਹਾ-ਸੁਣੀ ਹੋਈ। ਹਸਪਤਾਲ ਪ੍ਰਸ਼ਾਸਨ ਨੇ ਬੱਚੇ ਦੀ ਮੌਤ ਦੀ ਨੈਤਿਕ ਜ਼ਿੰਮੇਵਾਰੀ ਲੈਣ ਦੀ ਬਜਾਏ, ਉਲਟਾ ਉਨ੍ਹਾਂ ਦੇ ਪਰਿਵਾਰ ਨੂੰ ਉਲਝਾਉਣਾ ਸ਼ੁਰੂ ਕਰ ਦਿੱਤਾ ਹੈ।ਬੱਚੇ ਦੇ ਮਾਮੇ ਅਤੇ ਚਾਚੇ ਨੂੰ ਸਵੇਰ ਤੋਂ ਹੀ ਹਿਰਾਸਤ ਵਿਚ ਲਿਆ ਗਿਆ ਹੈ।

ਉਹ ਕਈ ਘੰਟਿਆਂ ਤੋਂ ਮੈਡੀਕਲ ਸੁਪਰਡੈਂਟ ਦਫ਼ਤਰ ਦੇ ਬਾਹਰ ਆਪਣੇ ਮ੍ਰਿਤਕ ਬੱਚੇ ਦੀ ਲਾਸ਼ ਲੈ ਕੇ ਬੈਠੇ ਸਨ ਪਰ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਮਜ਼ਬੂਰ ਹੋ ਕੇ ਮਜੀਠਾ ਰੋਡ ’ਤੇ ਧਰਨਾ ਲਗਾਉਣਾ ਪਿਆ। ਦੂਜੇ ਪਾਸੇ ਬੱਚੇ ਦੇ ਦਾਦਾ ਹਰਬੰਸ ਲਾਲ ਨੇ ਦੱਸਿਆ ਕਿ ਉਨ੍ਹਾ ਦੇ ਪੋਤਰੇ ਨੂੰ ਬੁਖਾਰ ਕਾਰਨ ਦਾਖ਼ਲ ਕਰਵਾਇਆ ਗਿਆ ਸੀ ਪਰ ਬਾਅਦ ਵਿਚ ਡਾਕਟਰਾਂ ਨੇ ਬੱਚੇ ਨੂੰ ਇਨਫੈਕਸ਼ਨ ਹੋਣ ਦੀ ਗੱਲ ਆਖਣੀ ਸ਼ੁਰੂ ਕਰ ਦਿੱਤੀ। ਸਵੇਰੇ 5 ਵਜੇ ਬੱਚੇ ਦੀ ਹਾਲਤ ਠੀਕ ਸੀ ਅਤੇ ਚਾਹ-ਪਾਣੀ ਮੰਗ ਰਿਹਾ ਸੀ। ਇਸ ਦੌਰਾਨ ਬੱਚੇ ਦਾ ਪੇਟ ਬਹੁਤ ਫੁੱਲ ਗਿਆ ਸੀ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਹੀ ਬੱਚੇ ਦੀ ਹਾਲਤ ਵਿਗੜਨ ਲੱਗੀ ਅਤੇ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ, ਜਿਸ ਤੋਂ ਬਾਅਦ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦੇ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸਟਾਫ਼ ਦੀ ਅਣਗਹਿਲੀ ਕਾਰਨ ਬੱਚੇ ਦੀ ਮੌਤ ਹੋਈ ਹੈ ਪਰ ਹੁਣ ਇਸ ਮਾਮਲੇ ਨੂੰ ਦਬਾਉਣ ਅਤੇ ਉਨ੍ਹਾਂ ਨੂੰ ਫ਼ਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਬਿਲਕੁਲ ਵੀ ਠੀਕ ਨਹੀਂ ਹੈ, ਨਾ ਹੀ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਉਨ੍ਹਾਂ ਦੀ ਗੱਲ ਸੁਣ ਰਹੇ ਹਨ ਅਤੇ ਉਹ ਇਨਸਾਫ਼ ਲਈ ਦਰ-ਦਰ ਦੇ ਧੱਕੇ ਖਾ ਰਹੇ ਹਨ। ਉਨ੍ਹਾਂ ਦੇ ਬੱਚੇ ਦੀ ਲਾਸ਼ ਖ਼ਰਾਬ ਹੋ ਰਹੀ ਹੈ ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਸ ਹਿਰਾਸਤ ਤੋਂ ਨਹੀਂ ਛੱਡਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਮਾਮਲਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।

ਇਹ ਵੀ ਪੜ੍ਹੋ- ਰਾਜਕੁਮਾਰ ਵੇਰਕਾ ਨੇ ਛੱਡੀ ਭਾਜਪਾ, ਕਾਂਗਰਸ 'ਚ ਹੋਵੇਗੀ ਘਰ ਵਾਪਸੀ

ਕੁੱਟਮਾਰ ਦੀ ਨਿੰਦਣਯੋਗ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ : ਮੈਡੀਕਲ ਸੁਪਰਡੈਂਟ

ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਡਾਕਟਰ ਨਾਲ ਕੁੱਟਮਾਰ ਦੀ ਘਟਨਾ ਵਾਪਰੀ ਹੈ, ਜੋ ਕਿ ਅਤਿ ਨਿੰਦਣਯੋਗ ਹੈ। ਅਜਿਹੀਆਂ ਘਟਨਾਵਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਸਪਤਾਲ ਸਰਹੱਦੀ ਖੇਤਰ ਦੀ ਜੀਵਨ ਰੇਖਾ ਹੈ ਅਤੇ ਇਸ ਹਸਪਤਾਲ ਵਿੱਚ ਜ਼ਿਆਦਾਤਰ ਉਹ ਮਰੀਜ਼ ਆਉਂਦੇ ਹਨ, ਜਿਨ੍ਹਾਂ ਨੂੰ ਹੋਰ ਪ੍ਰਾਈਵੇਟ ਅਤੇ ਹੋਰ ਡਾਕਟਰਾਂ ਵੱਲੋਂ ਗੰਭੀਰ ਹਾਲਤ ਵਿੱਚ ਰੈਫ਼ਰ ਕੀਤਾ ਜਾਂਦਾ ਹੈ। ਡਾਕਟਰ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੇ ਮਰੀਜ਼ਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਜਾਨਾਂ ਬਚਾਉਣਾ ਡਾਕਟਰਾਂ ਦੀ ਬਜਾਏ ਰੱਬ ਦੇ ਹੱਥ ਹੈ। ਡਾਕਟਰਾਂ ਦੀ ਕੁੱਟਮਾਰ ਨਹੀਂ ਕਰਨੀ ਚਾਹੀਦੀ ਹੈ। ਇਸ ਘਟਨਾ ’ਤੇ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਭਾਜਪਾ ਮਗਰੋਂ ਹੁਣ ਅਕਾਲੀ ਦਲ ਵੱਲੋਂ ਵੀ ਖੁੱਲ੍ਹੀ ਬਹਿਸ 'ਚ ਸ਼ਾਮਲ ਨਾ ਹੋਣ ਦਾ ਐਲਾਨ, ਦੱਸੀ ਇਹ ਵਜ੍ਹਾ

ਕੁੱਟਮਾਰ ਤੋਂ ਬਾਅਦ ਜ਼ਖ਼ਮੀ ਡਾਕਟਰ ਹਸਪਤਾਲ ’ਚ ਜ਼ੇਰੇ ਇਲਾਜ : ਮੈਡੀਕਲ ਸੁਪਰਡੈਂਟ

ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਜਿਸ ਡਾਕਟਰ ’ਤੇ ਹਮਲਾ ਹੋਇਆ ਹੈ, ਉਹ ਸਰਜਰੀ ਵਾਰਡ 4 ਦਾ ਜੂਨੀਅਰ ਰੈਜ਼ੀਡੈਂਟ ਡਾਕਟਰ ਹੈ। ਡਾਕਟਰ ਦੇ ਨੱਕ ’ਤੇ ਸੱਟ ਲੱਗੀ ਹੈ ਅਤੇ ਉਸ ਦੇ ਪੇਟ ’ਤੇ ਵੀ ਸੱਟ ਲੱਗੀ ਹੈ। ਟੈਸਟ ਕੀਤੇ ਜਾ ਰਹੇ ਹਨ ਅਤੇ ਹਸਪਤਾਲ ਵਿਚ ਡਾਕਟਰ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਹੋਰ ਨਵੇਂ ਸੁਰੱਖਿਆ ਮੁਲਾਜ਼ਮ ਵੀ ਜਲਦੀ ਹੀ ਹਸਪਤਾਲ ਵਿੱਚ ਸ਼ਾਮਲ ਕੀਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਠੋਸ ਕਦਮ ਚੁੱਕੇ ਜਾ ਰਹੇ ਹਨ।

ਜੂਨੀਅਰ ਰੈਜ਼ੀਡੈਂਟ ਡਾਕਟਰ ’ਤੇ ਕੇਸ ਦਰਜ ਨਾ ਕਰਵਾਉਣ ਲਈ ਪਾਇਆ ਜਾ ਰਿਹੈ ਦਬਾਅ

ਹੜਤਾਲ ’ਤੇ ਬੈਠੇ ਡਾਕਟਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਉਨ੍ਹਾਂ ਦੇ ਡਾਕਟਰ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿਚ ਪੁਲਸ ਪ੍ਰਸ਼ਾਸਨ ਵਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਇਸ ਮਾਮਲੇ ਵਿਚ ਕੋਈ ਠੋਸ ਕਾਰਵਾਈ ਕਰਨ ਅਤੇ ਮਾਮਲਾ ਦਰਜ ਕਰਨ ਦੀ ਬਜਾਏ ਇਸ ਦੇ ਉਲਟ ਉਨ੍ਹਾਂ ’ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਰਾਜੀਨਾਵਾ ਕਰ ਲਉ। ਉਨ੍ਹਾਂ ਕਿਹਾ ਕਿ ਹੁਣ ਉਹ ਰਾਜੀਨਾਵਾ ਨਹੀ ਕਰਨਗੇ, ਕਿਉਂਕਿ ਉਨ੍ਹਾਂ ’ਤੇ ਵਾਰ-ਵਾਰ ਕੁੱਟਮਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਹ ਇਸ ਮਾਮਲੇ ਵਿਚ ਇਨਸਾਫ਼ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਮ੍ਰਿਤਕ ਬੱਚੇ ਦੇ ਪਰਿਵਾਰਿਕ ਮੈਂਬਰਾਂ ਦਾ ਦਰਦ ਸਮਝਦੇ ਹਨ ਪਰ ਕੁੱਟਮਾਰ ਦੀ ਘਟਨਾ ਨਿੰਦਣਯੋਗ ਹੈ ਅਤੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕਾਰਵਾਈ ਕਰਵਾਉਣਾ ਚਾਹੁੰਦੇ ਹਨ।

ਡਾਕਟਰ ਅਣਮਿੱਥੇ ਸਮੇਂ ਲਈ ਹੜਤਾਲ ’ਤੇ

ਦੂਜੇ ਪਾਸੇ ਬੱਚੇ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਜੂਨੀਅਰ ਰੈਜ਼ੀਡੈਂਟ ਡਾਕਟਰ ਦੀ ਅਗਵਾਈ ਹੇਠ ਹਸਪਤਾਲ ਵਿਚ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ। ਇਸ ਹੜਤਾਲ ਵਿਚ ਹਸਪਤਾਲ ਦੇ ਸੀਨੀਅਰ ਡਾਕਟਰਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਪਹਿਲਾਂ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਅਤੇ ਬਾਅਦ ਵਿਚ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਇਰੈਕਟਰ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਦੇਰ ਸ਼ਾਮ ਤੱਕ ਸਾਰੇ ਡਾਕਟਰ ਹਸਪਤਾਲ ਦੀ ਓ. ਪੀ. ਡੀ ਦੇ ਬਾਹਰ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਬੈਠੇ ਰਹੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan