ਨਾਜਾਇਜ਼ ਸ਼ਰਾਬ ਤੇ ਨਸ਼ੀਲੀਆਂ ਗੋਲੀਆਂ ਸਣੇ 4 ਸਮੱਗਲਰ ਕਾਬੂ

09/22/2017 12:06:38 AM

ਮੋਗਾ,   (ਆਜ਼ਾਦ)-  ਸਥਾਨਕ ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਅਤੇ ਨਸ਼ੀਲੀਆਂ ਗੋਲੀਆਂ ਸਣੇ 4 ਸਮੱਗਲਰਾਂ ਨੂੰ ਕਾਬੂ ਕਰਨ ਦਾ ਪਤਾ ਲੱਗਾ ਹੈ, ਜਿਨ੍ਹਾਂ ਖਿਲਾਫ ਵੱਖ-ਵੱਖ ਥਾਣਿਆਂ 'ਚ ਮਾਮਲੇ ਦਰਜ ਕੀਤੇ ਗਏ ਹਨ।
ਪਹਿਲਾ ਮਾਮਲਾ : ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਪੁਲਸ ਪਾਰਟੀ ਨਾਲ ਇਲਾਕੇ 'ਚ ਗਸ਼ਤ ਕਰਦੇ ਹੋਏ ਪੁਲ ਸੂਆ ਤ੍ਰਿਕੋਣੀ ਜ਼ੀਰਾ ਰੋਡ 'ਤੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸਰਬਜੀਤ ਸਿੰਘ ਨਿਵਾਸੀ ਪ੍ਰੀਤ ਨਗਰ ਬਹੋਨਾ ਚੌਕ ਮੋਗਾ ਅਤੇ ਲਛਮਣ ਸਿੰੰਘ ਨਿਵਾਸੀ ਸਾਧਾਂਵਾਲੀ ਬਸਤੀ, ਮੋਗਾ ਸ਼ਰਾਬ ਦਾ ਨਾਜਾਇਜ਼ ਧੰਦਾ ਕਰਦੇ ਹਨ ਅਤੇ ਉਹ ਬਾਹਰੋਂ ਸ਼ਰਾਬ ਲਿਆ ਕੇ ਇੱਥੇ ਵੇਚਦੇ ਹਨ, ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ, ਜਿਸ 'ਤੇ ਉਨ੍ਹਾਂ ਨਾਕਾਬੰਦੀ ਕਕੇ ਕੇ ਜਦੋਂ ਇਕ ਛੋਟੇ ਹਾਥੀ ਨੂੰ ਰੋਕਿਆ, ਜਿਸ 'ਚ ਸਰਬਜੀਤ ਸਿੰਘ ਅਤੇ ਲਛਮਣ ਸਿੰਘ ਸਵਾਰ ਸਨ। ਇਸ ਦੌਰਾਨ ਪੁਲਸ ਵੱਲੋਂ ਛੋਟੇ ਹਾਥੀ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ ਕੁਲ 204 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਤੋਂ ਇਲਾਵਾ ਉਨ੍ਹਾਂ ਕੋਲੋਂ 200 ਰੁਪਏ ਬਰਾਮਦ ਕੀਤੇ। ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਕਰਨ 'ਤੇ ਉਕਤ ਸਮੱਗਲਰਾਂ ਨੇ ਦੱਸਿਆ ਕਿ ਉਨ੍ਹਾਂ ਉਕਤ ਗੱਡੀ 'ਤੇ ਜਾਅਲੀ ਨੰਬਰ ਲਾਇਆ ਹੋਇਆ ਹੈ ਅਤੇ ਉਹ ਜਾਅਲੀ ਨੰਬਰ ਲਾ ਕੇ ਸ਼ਰਾਬ ਲਿਆਉਣ ਦਾ ਕੰਮ ਕਰਦੇ ਹਨ। ਪੁਲਸ ਨੇ ਉਕਤ ਦੋਵਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 
ਦੂਸਰਾ ਮਾਮਲਾ : ਥਾਣਾ ਧਰਮਕੋਟ ਦੇ ਹੌਲਦਾਰ ਰੇਸ਼ਮ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਸਮੇਤ ਪਿੰਡ ਨਸੀਰੇ ਵਾਲਾ ਕੋਲ ਜਾ ਰਹੇ ਸੀ ਤਾਂ ਸ਼ੱਕ ਦੇ ਆਧਾਰ 'ਤੇ ਗਗਨ ਸਿੰਘ ਉਰਫ ਕੱਟਾ ਨਿਵਾਸੀ ਪਿੰਡ ਕਿਸ਼ਨਪੁਰਾ ਕਲਾਂ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਸਵਾ 60 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ, ਜਿਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। 
ਤੀਸਰਾ ਮਾਮਲਾ : ਥਾਣਾ ਸਿਟੀ ਸਾਊਥ ਦੇ ਇੰਚਾਰਜ ਇੰਸਪੈਕਟਰ ਲਵਦੀਪ ਸਿੰਘ ਗਿੱਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਇਲਾਕੇ 'ਚ ਗਸ਼ਤ ਕਰਦੇ ਹੋਏ ਪਿੰਡ ਤਾਰੇਵਾਲਾ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਸੁਖਦੇਵ ਸਿੰਘ ਉਰਫ ਕਾਕਾ ਨਿਵਾਸੀ ਪਿੰਡ ਬੁੱਧ ਸਿੰਘ ਵਾਲਾ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 70 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।