ਲੈਦਰ ਦੀਆਂ ਗੇਂਦਾਂ ਅਤੇ ਕਿਰਪਾਨਾਂ ਨਾਲ ਕੀਤਾ ਹਮਲਾ, 4 ਜ਼ਖਮੀ

01/15/2018 4:16:19 PM

ਲੁਧਿਆਣਾ (ਰਿਸ਼ੀ)- ਲੋਹੜੀ ਦੇ ਤਿਓਹਾਰ ਮੌਕੇ ਪਤੰਗ ਦੀ ਡੋਰ ਤੋੜਨ ਨੂੰ ਲੈ ਕੇ ਗੁਆਂਢੀਆਂ ਵਿਚ ਬਹਿਸ ਹੋ ਗਈ, ਜਿਸ ਦੌਰਾਨ ਇਕ ਧਿਰ ਨੇ ਦੂਸਰੀ ਧਿਰ ਦੇ ਘਰ ਵਿਚ ਦਾਖਲ ਹੋ ਕੇ ਹਮਲਾ ਕਰਦਿਆਂ ਦੋ ਜੀਆਂ ਨੂੰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਇਕ ਲੜਕੀ ਦੇ ਸਿਰ 'ਤੇ 14 ਟਾਂਕੇ ਲੱਗੇ ਹਨ ਪਰ ਥਾਣਾ ਕੋਤਵਾਲੀ ਦੀ ਟੀਮ ਨੇ ਹਾਲੇ ਤੱਕ ਕੇਸ ਦਰਜ ਨਹੀਂ ਕੀਤਾ ਸੀ ਕਿ ਦੂਜੀ ਧਿਰ ਨੇ ਐਤਵਾਰ ਰਾਤ ਕਰੀਬ 9.30 ਵਜੇ ਫਿਰ ਤੋਂ ਲੈਦਰ ਦੀਆਂ ਗੇਂਦਾਂ ਅਤੇ ਕਿਰਪਾਨਾਂ ਨਾਲ ਹਮਲਾ ਕਰ ਕੇ 3 ਹੋਰ ਲੋਕਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਰੌਲਾ ਪਾਉਣ 'ਤੇ ਹਮਲਾਵਰ ਆਪਣੀ ਐਕਟਿਵਾ ਛੱਡ ਕੇ ਭੱਜ ਗਏ, ਜਿਸ ਤੋਂ ਬਾਅਦ ਪੀੜਤਾਂ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਸ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ। ਜ਼ਖਮੀਆਂ ਦੀ ਪਛਾਣ ਹਸਪਤਾਲ ਵਿਚ ਜ਼ੇਰੇ ਇਲਾਜ ਭਰਾ ਚਰਨਜੀਤ ਸਿੰਘ (38) ਭੈਣ ਮਨਪ੍ਰੀਤ ਕੌਰ (24) ਜੇਠਾਣੀ ਕੁਲਜਿੰਦਰ ਕੌਰ (40) ਅਤੇ ਪਿਤਾ ਰਮੇਸ਼ ਸਿੰਘ (70) ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਦਿੰਦੇ ਹੋਏ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕੂਚਾ ਨੰ. 10 ਦੇ ਸਾਹਮਣੇ ਘਰ ਹੈ, ਸ਼ਨੀਵਾਰ ਦੁਪਹਿਰ 1 ਵਜੇ ਪਤੰਗ ਦੀ ਡੋਰ ਨੂੰ ਲੈ ਕੇ ਗੁਆਂਢੀਆਂ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਭੜਕੇ ਗੁਆਂਢੀਆਂ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਉਸ ਦੀ ਭੂਆ ਮਨਪ੍ਰੀਤ ਕੌਰ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ, ਜਿਸ ਦੇ ਸਿਰ 'ਤੇ 14 ਟਾਂਕੇ ਲੱਗੇ। ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਕਾਰਵਾਈ ਦੀ ਮੰਗ ਨੂੰ ਲੈ ਕੇ ਉਹ ਥਾਣਾ ਨੰ. 2 ਗਏ ਪਰ ਥਾਣਾ ਕੋਤਵਾਲੀ ਦਾ ਇਲਾਕਾ ਹੋਣ ਕਾਰਨ ਉਨ੍ਹਾਂ ਨੂੰ ਉਥੋਂ ਭਜਾ ਦਿੱਤਾ ਗਿਆ, ਹਾਲੇ ਪੁਲਸ ਨੇ ਕਾਰਵਾਈ ਕੀਤੀ ਵੀ ਨਹੀਂ ਸੀ ਕਿ ਦੂਜੀ ਧਿਰ ਦੇ 1 ਦਰਜਨ ਤੋਂ ਜ਼ਿਆਦਾ ਲੋਕਾਂ ਨੇ ਅੱਜ ਫਿਰ ਉਨ੍ਹਾਂ ਦੇ ਘਰ 'ਤੇ ਹਮਲਾ ਬੋਲ ਦਿੱਤਾ। ਇਸ ਦੌਰਾਨ ਹਮਲਾਵਰਾਂ ਨੇ ਲੈਦਰ ਦੀਆਂ ਗੇਂਦਾਂ ਤੇ ਕਿਰਪਾਨਾਂ ਨਾਲ ਵਾਰ ਕੀਤੇ, ਜਿਸ ਵਿਚ ਉਸ ਦਾ ਚਾਚਾ ਚਰਨਜੀਤ ਸਿੰਘ, ਦਾਦਾ ਰਮੇਸ਼ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਜ਼ਖਮੀ ਹੋ ਗਏ। ਰੌਲਾ ਪਾਉਣ 'ਤੇ ਆਸ-ਪਾਸ ਦੇ ਲੋਕਾਂ ਨੂੰ ਇਕੱਠੇ ਹੁੰਦੇ ਦੇਖ ਹਮਲਾਵਾਰ ਫਰਾਰ ਹੋ ਗਏ। ਏ. ਸੀ. ਪੀ. ਸਚਿਨ ਗੁਪਤਾ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।