ਕਿਸਾਨਾਂ ਦੇ ਡੇਰੇ ਤੋਂ 4 ਮੱਝਾਂ ਚੋਰੀ

11/25/2017 5:37:07 AM

ਨਡਾਲਾ, (ਸ਼ਰਮਾ)- ਬੀਤੀ ਰਾਤ ਇਕ ਚੋਰ ਗਿਰੋਹ ਨੇ ਨਡਾਲਾ-ਢਿੱਲਵਾਂ ਸੜਕ 'ਤੇ ਸਥਿਤ ਡੇਰੇ ਤੋਂ 2 ਕਿਸਾਨਾਂ ਦੀਆਂ ਚਾਰ ਮੱਝਾਂ ਚੋਰੀ ਕਰ ਲਈਆਂ। ਪੀੜਤ ਕਿਸਾਨ ਅਵਤਾਰ ਸਿੰਘ ਕਲਸੀ ਵਾਸੀ ਨਡਾਲਾ ਨੇ ਦੱਸਿਆ ਕਿ ਲੰਘੀਂ ਸ਼ਾਮ ਕਰੀਬ 7-30 ਵਜੇ ਦੁੱਧ ਚੋਅ ਕੇ, ਡੇਰੇ ਨੂੰ ਤਾਲਾ ਲਾ ਕੇ ਘਰ ਚਲੇ ਗਏ। ਸਵੇਰੇ ਕਰੀਬ 6 ਵਜੇ ਦੂਸਰੇ ਕਿਸਾਨ ਅਮਰਜੀਤ ਸਿੰਘ ਦਾ ਬੇਟਾ ਅਤੇ ਉਸਦੀ ਪਤਨੀ ਦੁੱਧ ਚੋਣ ਲਈ ਆਏ ਤਾਂ ਵੇਖਿਆ ਕਿ ਡੇਰੇ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਅੰਦਰੋਂ ਕਰੀਬ 2.50 ਲੱਖ ਦੀਆਂ 4 ਮੱਝਾਂ ਗਾਇਬ ਸਨ, ਜਿਨ੍ਹਾਂ 'ਚੋਂ ਇਕ ਸੱਜਰੀ ਸੂਈ ਹੋਈ ਸੀ। ਇਨ੍ਹਾਂ 'ਚੋਂ 2 ਮੱਝਾਂ ਅਮਰਜੀਤ ਸਿੰਘ ਦੀਆਂ ਹਨ, ਜੋ ਉਨ੍ਹਾਂ ਦੀ ਹਵੇਲੀ ਦੀ ਨਵ-ਉਸਾਰੀ ਦਾ ਕੰਮ ਚਲਦਾ ਹੋਣ ਕਾਰਨ ਇਥੇ ਬੱਝੀਆਂ ਸਨ।  ਅਵਤਾਰ ਸਿੰਘ ਕਲਸੀ ਭਾਰਤੀ ਕਿਸਾਨ ਯੂਨੀਅਨ ਦੇ ਸਰਗਰਮ ਆਗੂ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਚੌਕੀ ਮੁਖੀ ਸਬ ਇੰਸਪੈਕਟਰ ਗੁਰਦੇਵ ਸਿੰਘ, ਮੁਨਸ਼ੀ ਗਿਆਨ ਸਿੰਘ ਤੇ ਹੋਰ ਮੁਲਾਜ਼ਮ ਮੌਕੇ 'ਤੇ ਪੁੱਜੇ ਅਤੇ ਚੋਰਾਂ ਦੀ ਭਾਲ ਅਰੰਭ ਕਰ ਦਿੱਤੀ।