ਸਰਕਾਰ ਵਲੋਂ ਅਰਥਵਿਵਸਥਾ ਦੇ ਸੁਧਾਰ ਲਈ ਚੁੱਕੇ ਜਾ ਰਹੇ ਕਦਮ : ਰਾਠੌਰ

09/27/2019 8:33:20 PM

ਲੁਧਿਆਣਾ,(ਨਰਿੰਦਰ): ਭਾਰਤੀ ਜਨਤਾ ਪਾਰਟੀ ਵਲੋਂ ਇਕ ਰਾਸ਼ਟਰ ਇਕ ਸੰਵਿਧਾਨ ਦੇ ਨਾਅਰੇ ਤਹਿਤ ਚਲਾਏ ਜਾ ਰਹੇ ਰਾਸ਼ਟਰੀ ਏਕਤਾ ਅਭਿਆਨ ਤਹਿਤ ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਰਾਜਵਰਧਨ ਰਾਠੌਰ ਵਲੋਂ ਲੁਧਿਆਣਾ 'ਚ ਭਾਜਪਾ ਵਰਕਰਾਂ ਦੀ ਇਕ ਸਭਾ ਨੂੰ ਸੰਬੋਧਿਤ ਕੀਤਾ ਗਿਆ। ਜਿਨ੍ਹਾਂ ਨੇ ਇਸ ਦੇ ਬਾਅਦ ਇਕ ਪੱਤਰਕਾਰ ਸੰਮੇਲਨ ਨੂੰ ਵੀ ਸੰਬੋਧਿਤ ਕੀਤਾ। ਰਾਠੌਰ ਦੇ ਨਾਲ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਤੇ ਜ਼ਿਲਾ ਕਾਰਜਕਰਨੀ ਦੇ ਮੈਂਬਰ ਵੀ ਮੌਜੂਦ ਸਨ।

ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਰਾਠੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਕ ਰਾਸ਼ਟਰ ਇਕ ਸੰਵਿਧਾਨ ਦੀ ਸੋਚ ਤਹਿਤ ਭਾਰਤ ਦੇ ਸਾਰੇ ਸਰੋਤਾਂ ਨੂੰ ਇੱਕਠਾ ਕਰਨ ਲਈ ਕੋਸ਼ਿਸ਼ ਕੀਤੀ ਹੈ। ਜਿਸ ਦੇ ਤਹਿਤ ਕਸ਼ਮੀਰ 'ਚ ਧਾਰਾ 370 ਨੂੰ ਹਟਾਉਣਾ ਵੀ ਸ਼ਾਮਲ ਹੈ। ਉਨ੍ਹਾਂ ਨੇ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਹਾਊੜੀ ਮੋਦੀ ਪ੍ਰੋਗਰਾਮ ਨੂੰ ਮਿਲੇ ਉਤਸਾਹ ਦਾ ਵੀ ਜ਼ਿਕਰ ਕੀਤਾ। ਅਰਥਵਿਵਸਥਾ ਦੀ ਬੂਰੀ ਹਾਲਤ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਅਰਥਵਿਵਸਥਾ ਦੇ ਸੁਧਾਰ 'ਚ ਕਦਮ ਚੁੱਕੇ ਜਾ ਰਹੇ ਹਨ। ਜਦਕਿ ਹਰਿਆਣਾ, ਮਹਾਰਾਸ਼ਟਰ ਤੇ ਹੋਰ ਸੂਬਿਆਂ ਦੇ ਉਪ ਚੋਣਾਂ 'ਚ ਉਨ੍ਹਾਂ ਨੇ ਜਿੱਤ ਦਾ ਦਾਅਵਾ ਕੀਤਾ। ਹਾਲਾਂਕਿ ਬੀਤੇ ਦਿਨ ਹਰਿਆਣਾ ਤੋਂ ਅਕਾਲੀ ਦਲ ਦੇ ਇਕ ਵਿਧਾਇਕ ਨੂੰ ਭਾਜਪਾ 'ਚ ਸ਼ਾਮਲ ਕਰਨ ਤੋਂ ਬਾਅਦ ਅਕਾਲੀ ਦਲ ਵਲੋਂ ਉਸ ਨਾਲ ਰਿਸ਼ਤਾ ਤੋੜਨ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਐਨ. ਡੀ. ਏ. ਦੇ ਗਠਬੰਧਨ 'ਚ ਸਾਰੇ ਦਲ ਬਣੇ ਰਹਿਣਗੇ ਤੇ ਪ੍ਰਧਾਨ ਮੰਤਰੀ ਸਾਰੇ ਦਲਾਂ ਨੂੰ ਐਨ. ਡੀ. ਏ. 'ਚ ਬਣਾਏ ਰੱਖਣ ਲਈ ਵਚਨਬੱਧ ਹਨ।