90 ਲੱਖ ਦਾ ਕਰਜ਼ਾ ਨਾ ਦੇਣ ''ਤੇ ਬੈਂਕ ਅਫਸਰਾਂ ਨੇ ਘੇਰੀ ਸਾਬਕਾ ਮੰਤਰੀ ਦੀ ਕੋਠੀ

12/21/2017 6:29:27 PM

ਕਪੂਰਥਲਾ—  ਡਿਫਾਲਟਰਾਂ ਦੇ ਘਰ ਦੇ ਬਾਹਰ ਕਰਜ਼ ਵਸੂਲੀ ਲਈ ਧਰਨਾ ਪ੍ਰਦਰਸ਼ਨ ਦੀ ਮੁਹਿੰਮ ਤਹਿਤ ਖੇਤੀਬਾੜੀ ਵਿਕਾਸ ਬੈਂਕ ਕਪੂਰਥਲਾ ਦੇ ਅਫਸਰਾਂ ਅਤੇ ਮੁਲਾਜ਼ਮਾਂ ਨੇ ਬੁੱਧਵਾਰ ਨੂੰ ਪਿੰਡ ਹੋਠੀਆਂ 'ਚ ਸਾਬਕਾ ਟਰਾਂਸਪੋਰਟ ਮੰਤਰੀ ਰਘੁਬੀਰ ਸਿੰਘ ਦੇ ਘਰ ਦੇ ਬਾਹਰ 5 ਘੰਟੇ ਧਰਨਾ ਪ੍ਰਦਰਸ਼ਨ ਕੀਤਾ। ਬੁੱਧਵਾਰ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮੁਲਾਜ਼ਮ ਇਥੇ ਡਟੇ ਰਹੇ। 
ਬੈਂਕ ਅਧਿਕਾਰੀਆਂ ਮੁਤਾਬਕ ਸਾਬਕਾ ਟਰਾਂਸਪੋਰਟ ਮੰਤਰੀ ਰਘੁਬੀਰ  ਸਿੰਘ ਨੇ 2004 'ਚ ਖੇਤੀਬਾੜੀ ਵਿਕਾਸ ਬੈਂਕ ਕਪੂਰਥਲਾ ਤੋਂ ਆਪਣੀ ਜ਼ਮੀਨ ਗਿਰਵੀ ਰੱਖ ਕੇ 32 ਲੱਖ ਦਾ ਕਰਜ਼ਾ ਲਿਆ ਸੀ। ਇਸ ਦੇ ਨਾਲ ਹੀ ਆਪਣੇ ਬੇਟੇ ਦੇ ਨਾਂ 'ਤੇ ਵੀ 13 ਲੱਖ ਦਾ ਕਰਜ਼ਾ ਲਿਆ ਸੀ। ਕੁਝ ਸਮਾਂ ਤਾਂ ਕਿਸ਼ਤਾਂ ਭਰ ਦਿੱਤੀਆਂ ਪਰ ਉਸ ਦੇ ਬਾਅਦ ਕਿਸ਼ਤ ਦੇਣੀ ਬੰਦ ਕਰ ਦਿੱਤੀ। ਕਰਜ਼ੇ ਦੀ ਰਕਮ ਹੁਣ ਤੱਕ ਬਿਆਜ਼ ਲਗਾ ਕੇ 90 ਲੱਖ ਰੁਪਏ ਬਣ ਚੁੱਕੀ ਹੈ। ਤੁਹਾਨੂੰ ਦੱਸ ਦਈਏ ਰਘੁਬੀਰ ਸਿੰਘ ਅਕਾਲੀ-ਭਾਜਪਾ ਸਰਕਾਰ 'ਚ 1997 ਤੋਂ 2002 ਤੱਕ ਟਰਾਂਸਪੋਰਟ ਮੰਤਰੀ ਰਹੇ ਹਨ। ਇਸ ਸਬੰਧ 'ਚ ਜਦੋਂ ਰਘੁਬੀਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਮੋਬਾਇਲ ਕਵਰੇਜ ਖੇਤਰ ਤੋਂ ਬਾਹਰ ਆ ਰਿਹਾ ਸੀ। 
ਖੇਤੀਬਾੜੀ ਵਿਕਾਸ ਬੈਂਕ ਕਪੂਰਥਲਾ ਦੇ ਮੈਨੇਜਰ ਗੁਰਪ੍ਰੇਮ ਪਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਮੁੰਡੀ ਮੋੜ 'ਚ ਬੈਂਕ ਡਿਫਾਲਟਰ ਦੇ ਘਰ ਦੇ ਬਾਹਰ ਅੱਗੇ ਧਰਨਾ ਦਿੱਤਾ ਜਾ ਚੁੱਕਾ ਹੈ। ਧਰਨੇ ਦੇ ਬਾਅਦ ਉਸ ਨੇ ਕੁਝ ਕਿਸ਼ਤਾਂ ਵਾਪਸ ਕਰ ਦਿੱਤੀਆਂ ਹਨ। ਇਸ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਭਵਿੱਖ 'ਚ ਕਰਜ਼ੇ ਦੀ ਵਸੂਲੀ ਲਈ ਡਿਫਾਲਟਰਾਂ ਦੇ ਘਰਾਂ ਦੇ ਅੱਗੇ ਧਰਨਾ ਪ੍ਰਦਰਸ਼ਨ ਦਿੱਤੇ ਜਾਣ ਦਾ ਫੈਸਲਾ ਕੀਤਾ ਹੈ। ਜੇਕਰ ਫਿਰ ਵੀ ਕਰਜ਼ੇਦਾਰ ਬੈਂਕ ਦੇ ਕਰਜ਼ੇ ਨੂੰ ਵਾਪਸ ਨਹੀਂ ਕਰਦਾ ਤਾਂ ਬੈਂਕ ਆਪਣੀ ਕਾਰਵਾਈ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਧਰਨਾ ਪ੍ਰਦਰਸ਼ਨ ਕਰਕੇ ਖਰੀਦ ਸੀਜ਼ਨ 'ਚ ਬੈਂਕ ਨੇ 1 ਕਰੋੜ 83 ਲੱਖ ਰੁਪਏ ਦੀ ਰਿਕਵਰੀ ਕੀਤੀ ਹੈ। ਆਉਣ ਵਾਲੇ ਦਿਨਾਂ 'ਚ ਬੈਂਕ ਦੀ ਲਿਸਟ 'ਚ ਟਾਪ 50 ਕਰਜ਼ੇਦਾਰਾਂ ਦੇ ਘਰਾਂ ਦੇ ਅੱਗੇ ਧਰਨਾ ਦਿੱਤਾ ਜਾਵੇਗਾ।