ਵੱਡੀ ਖ਼ਬਰ: ਜਲੰਧਰ ਵੈਸਟ ਹਲਕੇ ਦੇ ਸਾਬਕਾ MLA ਸੁਸ਼ੀਲ ਕੁਮਾਰ ਰਿੰਕੂ 'ਆਪ' 'ਚ ਹੋਏ ਸ਼ਾਮਲ

04/05/2023 6:52:33 PM

ਜਲੰਧਰ (ਵੈੱਬ ਡੈਸਕ) - ਜਲੰਧਰ ਵੈਸਟ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਰਿੰਕੂ ਨੂੰ ਫਗਵਾੜਾ ਦੇ ਐੱਲ. ਪੀ. ਯੂ. ਵਿਖੇ ਰੱਖੇ ਗਏ ਇਕ ਪ੍ਰੋਗਰਾਮ ਵਿਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਫਗਵਾੜਾ ਵਿੱਚ ਯੋਗਸ਼ਾਲਾ ਦਾ ਉਦਘਾਟਨ ਕੀਤਾ ਗਿਆ। ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਸ਼ੀਲ ਰਿੰਕੂ ਦਾ ਪਾਰਟੀ ਵਿਚ ਆਉਣ 'ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸੁਸ਼ੀਲ ਰਿੰਕੂ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਸੁਸ਼ੀਲ ਰਿੰਕੂ ਨੇ ਕਿਹਾ ਕਿ ਮੈਂ 'ਆਪ' ਸੁਪਰੀਮੋ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਤੇ ਰਾਘਵ ਚੱਢਾ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਮੇਰੇ 'ਤੇ ਵਿਸ਼ਵਾਸ ਕਰਕੇ ਮੈਨੂੰ ਪਾਰਟੀ 'ਚ ਸ਼ਾਮਲ ਕੀਤਾ ਅਤੇ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਪਾਰਟੀ ਨੂੰ ਹੋਰ ਬੁਲੰਦੀਆਂ 'ਤੇ ਪਹੁੰਚਾਵਾਂਗਾ। ਮੀਡੀਆ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਪਰਿਵਾਰ ਦਿਨੋ-ਦਿਨ ਵਧਦਾ ਅਤੇ ਮਜ਼ਬੂਤ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ, ਉਨ੍ਹਾਂ ਦਾ ‘ਆਪ’ ਵਿਚ ਹਮੇਸ਼ਾ ਸਵਾਗਤ ਹੈ। ਇਕ ਵੱਡੇ ਪਰਿਵਾਰ ਦੇ ਨਾਲ ਅਸੀਂ ਲੋਕਾਂ ਦੀ ਬਿਹਤਰ ਸੇਵਾ ਕਰ ਸਕਾਂਗੇ।

ਪਹਿਲਾਂ ਇਹ ਸਨਮਾਨ ਮਾਲਵਾ ਨੂੰ ਮਿਲਿਆ ਸੀ, ਹੁਣ ਜਨਤਾ ਦੀ ਆਵਾਜ਼ ਨੂੰ ਸੰਸਦ ਤੱਕ ਪਹੁੰਚਾਉਣ ਦੀ ਵਾਰੀ ਦੋਆਬਾ ਦੀ : ਭਗਵੰਤ ਮਾਨ
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਸੁਸ਼ੀਲ ਕੁਮਾਰ ਦੇ ਪਾਰਟੀ ਵਿਚ ਸ਼ਾਮਲ ਹੋਣ ਦਾ ਤਹਿ-ਦਿਲੋਂ ਸਵਾਗਤ ਕੀਤਾ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇਕ ਕ੍ਰਾਂਤੀਕਾਰੀ ਮੁੱਖ ਮੰਤਰੀ ਹਨ। ਉਹ ਸਾਡੇ ਦੇਸ਼ ਦੇ 130 ਕਰੋੜ ਲੋਕਾਂ ਲਈ ਉਮੀਦ ਦੀ ਕਿਰਨ ਹਨ। ਉਨ੍ਹਾਂ ਕਿਹਾ ਕਿ ਅਸੀਂ ਸਿੱਖਿਆ, ਸਿਹਤ, ਰੋਜ਼ਗਾਰ, ਬੁਨਿਆਦੀ ਢਾਂਚੇ ਅਤੇ ਵਿਕਾਸ ਦੀ ਰਾਜਨੀਤੀ ਕਰਦੇ ਹਾਂ, ਅਸੀਂ ਨਫ਼ਰਤ ਦੀ ਰਾਜਨੀਤੀ ਨਹੀਂ ਕਰਦੇ ਹਾਂ। ਜਲੰਧਰ ਦੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਮਾਨ ਨੇ ਕਿਹਾ ਕਿ ਪਹਿਲਾਂ ਮਾਲਵਾ ਨੂੰ ਇਹ ਸਨਮਾਨ ਮਿਲਿਆ ਸੀ, ਹੁਣ ਆਮ ਜਨਤਾ ਦੀ ਆਵਾਜ਼ ਨੂੰ ਸੰਸਦ ਤੱਕ ਪਹੁੰਚਾਉਣ ਦੀ ਵਾਰੀ ਦੋਆਬਾ ਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜਨਤਾ ਦੇ ਦਰਵਾਜ਼ੇ ’ਤੇ ਜਾਂਦੇ ਹਾਂ ਅਤੇ ਆਪਣੇ ਕੰਮ ਦੇ ਦਮ ’ਤੇ ਚੋਣ ਲੜਦੇ ਹਾਂ। ਸੀ. ਐੱਮ. ਕੇਜਰੀਵਾਲ ਇਕਲੌਤੇ ਰਾਜਨੇਤਾ ਹਨ ਜੋ ਦਿੱਲੀ ’ਚ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਤੋਂ ਬਾਅਦ ਚੋਣਾਂ ਸਮੇਂ ਲੋਕਾਂ ਕੋਲ ਗਏ ਅਤੇ ਕਿਹਾ ਕਿ ਜੇਕਰ ਤੁਹਾਨੂੰ ਸਾਡਾ ਕੰਮ ਪਸੰਦ ਆਇਆ ਤਾਂ ਤੁਸੀਂ ਸਾਨੂੰ ਵੋਟ ਦਿਓ। ਦਿੱਲੀ ਦੀ ਜਨਤਾ ਨੇ ਉਨ੍ਹਾਂ ਨੂੰ ਹੋਰ ਵੀ ਵੱਡਾ ਜਨਾਦੇਸ਼ ਦਿੱਤਾ, ਜੋ ਸਾਡੇ ਕੰਮ ਦਾ ਸਬੂਤ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਕੰਪਨੀ ਬਾਗ ਨੇੜੇ ਵਾਪਰੀ ਵੱਡੀ ਵਾਰਦਾਤ, ਬੈਂਕ 'ਚ ਗਏ ਵਿਅਕਤੀ ਕੋਲੋਂ 4 ਲੱਖ ਰੁਪਏ ਲੁੱਟੇ

ਜ਼ਿਮਨੀ ਚੋਣ ਲਈ ਜਲਦੀ ਐਲਾਨਿਆ ਜਾਵੇਗਾ ਪਾਰਟੀ ਦਾ ਉਮੀਦਵਾਰ 

ਭਗਵੰਤ ਮਾਨ ਨੇ ਕਿਹਾ ਕਿ ਸੁਸ਼ੀਲ ਰਿੰਕੂ ਦੇ ਤਜਰਬੇ ਦਾ ਇਸਤੇਮਾਲ ਸਾਡੀ ਪਾਰਟੀ ਕਰੇਗੀ ਅਤੇ ਪਾਰਟੀ ਹੋਰ ਮਜ਼ਬੂਤ ਹੋਵੇਗੀ। ਜਲੰਧਰ ਸੀਟ ਤੋਂ ਉਮੀਦਵਾਰ ਦੇ ਐਲਾਨ ਦੇ ਨਾਂ ਨੂੰ ਲੈ ਕੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਲਦ ਹੀ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਇਸ ਵਾਰ ਜਲੰਧਰ ਤੋਂ ਆਮ ਆਦਮੀ ਪਾਰਟੀ ਦਾ ਹੀ ਐੱਮ. ਪੀ. ਬਣੇਗਾ। ਰਿੰਕੂ ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਤੋਂ ਵਿਧਾਨ ਸਭਾ ਦੀ ਚੋਣ ਹਾਰ ਗਏ ਸਨ।

ਮਾਨ ਸਰਕਾਰ ਨੇ ਇਕ ਸਾਲ ’ਚ ਅਸਧਾਰਨ ਕੰਮ ਕੀਤਾ: ਕੇਜਰੀਵਾਲ
ਇਸ ਮੌਕੇ ਬੋਲਦੇ ਹੋਏ ਅਰਵਿੰਦ ਕੇਜਰੀਵਾਲ ਨੇ ਮਾਨ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ‘ਆਪ’ ਸਰਕਾਰ ਤੋਂ ਪਹਿਲਾਂ ਪੰਜਾਬ ਵਿਚ ਰਾਜੇ-ਮਹਾਰਾਜਿਆਂ ਦੀਆਂ ਸਰਕਾਰਾਂ ਸਨ ਪਰ ਹੁਣ ਪੰਜਾਬ ਵਿਚ ਆਮ ਲੋਕਾਂ ਦਾ ਦਰਦ ਸਮਝਣ ਵਾਲੀ ਸਰਕਾਰ ਹੈ। ‘ਆਪ’ ਸਰਕਾਰ ਪੰਜਾਬ ਦੇ ਵਿਦਿਆਰਥੀਆਂ, ਕਿਸਾਨਾਂ ਅਤੇ ਨੌਜਵਾਨਾਂ ਦੀ ਸਰਕਾਰ ਹੈ। ਕੇਜਰੀਵਾਲ ਨੇ ਕਿਹਾ ਕਿ ਅਸੀਂ ਬਿਜਲੀ ਫ੍ਰੀ ਕੀਤੀ, ਅਸੀਂ ਬੱਚਿਆਂ ਨੂੰ ਪੜ੍ਹਾ ਰਹੇ ਹਾਂ। ਕਿਸਾਨਾਂ ਨੂੰ ਬੇਮੌਸਮੇ ਮੀਂਹ ਅਤੇ ਗੜੇਮਾਰੀ ਨਾਲ ਹੋਏ ਨੁਕਸਾਨ ਦੀ ਭਰਪਾਈ ਕਰ ਰਹੇ ਹਾਂ। ਅਸੀਂ ਸਕੂਲ, ਹਸਪਤਾਲ ਅਤੇ ਮੁਹੱਲਾ ਕਲੀਨਿਕ ਬਣਾ ਰਹੇ ਹਾਂ। ਅੱਜ ਅਸੀਂ ਪੰਜਾਬ ਨੂੰ ਤੰਦਰੁਸਤ ਬਣਾਉਣ ਲਈ ਸੀ. ਐੱਮ. ਦੀ ਯੋਗਸ਼ਾਲਾ’ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਵਿਕਾਸ ਦੇ ਰਸਤੇ ’ਤੇ ਹੈ ਅਤੇ ਮਾਨ ਸਰਕਾਰ ਹਰ ਦਿਨ ਪੰਜਾਬ ਅਤੇ ਲੋਕ ਹਿਤੈਸ਼ੀ ਕਦਮ ਉਠਾ ਰਹੀ ਹੈ ਅਤੇ ਇਸ ਨੇ ਇਕ ਸਾਲ ਵਿਚ ਅਸਧਾਰਨ ਕੰਮ ਕੀਤਾ ਹੈ। ਇਕ ਸਵਾਲ ਦੇ ਜਵਾਬ ਵਿਚ ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਧਿਰ ਦੀ ਏਕਤਾ ਮਹੱਤਵਪੂਰਨ ਨਹੀਂ ਹੈ, ਲੋਕਤੰਤਰ ਵਿਚ ਜਨਤਾ ਦੀ ਏਕਤਾ ਮਹੱਤਵਪੂਰਨ ਹੈ।

ਸੁਸ਼ੀਲ ਰਿੰਕੂ ਦੀ ਮੌਜੂਦਗੀ ਜਲੰਧਰ ਦੇ ਨਾਲ-ਨਾਲ ਪੂਰੇ ਦੋਆਬਾ ਖੇਤਰ ’ਚ ਪਾਰਟੀ ਨੂੰ ਮਜ਼ਬੂਤ ਕਰੇਗੀ: ਰਾਘਵ ਚੱਢਾ
ਰਿੰਕੂ ਦਾ ਪਾਰਟੀ ’ਚ ਸਵਾਗਤ ਕਰਦੇ ਹੋਏ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਸੁਸ਼ੀਲ ਕੁਮਾਰ ਰਿੰਕੂ ਦੀ ਮੌਜੂਦਗੀ ਨਾਲ ਨਾ ਸਿਰਫ਼ ਜਲੰਧਰ, ਸਗੋਂ ਪੂਰੇ ਦੁਆਬੇ ਖੇਤਰ ’ਚ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਉਥੇ ਹੀ ਸੁਸ਼ੀਲ ਕੁਮਾਰ ਰਿੰਕੂ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਪ੍ਰਤੀ ਆਮ ਆਦਮੀ ਪਾਰਟੀ ਦੇ ਸਮਰਪਣ ਤੋਂ ਪ੍ਰਭਾਵਿਤ ਹਨ। ਇਹੀ ਕਾਰਨ ਹੈ ਕਿ ਉਹ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ’ਚ ‘ਆਪ’ ਸਰਕਾਰ ਨੇ ਹਰ ਖੇਤਰ ਖਾਸਕਰ ਸਿੱਖਿਆ, ਸਿਹਤ ਅਤੇ ਕਾਨੂੰਨ ਵਿਵਸਥਾ ’ਚ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ, ‘‘ਮੇਰਾ ਟੀਚਾ ਜਲੰਧਰ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ‘ਆਪ’ ਦੀਆਂ ਲੋਕ ਪੱਖੀ ਨੀਤੀਆਂ ਪੰਜਾਬ ਦੇ ਹਰ ਘਰ ਤੱਕ ਪਹੁੰਚਣ।’’

ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ: ਖ਼ੁਦ ਨੂੰ ਬਿਹਤਰ ਦੱਸਣ ਤੇ ਭਾਜਪਾ ਸੰਗਠਨ ਦਾ ਭੱਠਾ ਬਿਠਾਉਣ ’ਚ ਜੁਟੇ ‘ਨੇਤਾ ਜੀ’

ਕਾਂਗਰਸ ਹਾਈਕਮਾਨ ਨੇ ਸੁਸ਼ੀਲ ਰਿੰਕੂ ਨੂੰ ਕੱਢਿਆ ਪਾਰਟੀ ਵਿਚੋਂ ਬਾਹਰ
ਇਥੇ ਇਹ ਵੀ ਦੱਸਣਯੋਗ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਖ਼ਿਲਾਫ਼ ਅੱਜ ਕਾਂਗਰਸ ਹਾਈਕਮਾਨ ਨੇ ਵੱਡਾ ਐਕਸ਼ਨ ਲੈਂਦੇ ਹੋਏ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਸੀ। ਇਸ ਦੀ ਜਾਣਕਾਰੀ ਹਰੀਸ਼ ਚੌਧਰੀ ਵੱਲੋਂ ਦਿੱਤੀ ਗਈ। ਪਾਰਟੀ ਵੱਲੋਂ ਇਹ ਐਕਸ਼ਨ ਰਿੰਕੂ ਵੱਲੋਂ ਪਾਰਟੀ ਵਿਰੋਧੀ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੋਂ ਬਾਅਦ ਲਿਆ ਗਿਆ। ਇਸ ਸਬੰਧੀ ਹਰੀਸ਼ ਚੌਧਰੀ ਵਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਕਾਂਗਰਸ ਨੇ ਪਾਰਟੀ 'ਚੋਂ ਕੱਢਿਆ ਬਾਹਰ

ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਪਾਰਟੀ ਦਾ ਇਕ ਖੇਮਾ ਵੀ ਕਾਫ਼ੀ ਨਾਰਾਜ਼ ਹੈ। ਇਹ ਖੇਮਾ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਲਈ ਟਿਕਟ ਦੀ ਮੰਗ ਕਰ ਰਿਹਾ ਸੀ ਪਰ ਫਿਲਹਾਲ ਪਾਰਟੀ ਦੇ ਆਲਾ ਆਗੂਆਂ ਨੇ ਪਰਿਵਾਰਵਾਦ ਨਾ ਚੱਲਣ ਦੇਣ ਦਾ ਦਲੀਲ ਦੇ ਕੇ ਇਸ ਮੰਗ ਨੂੰ ਖਾਰਿਜ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਜਲੰਧਰ ਲੋਕ ਸਭਾ ਸੀਟ ’ਤੇ ਜ਼ਿਮਨੀ ਚੋਣ 10 ਮਈ ਨੂੰ ਹੋਵੇਗੀ ਅਤੇ 13 ਮਈ ਨੂੰ ਇਸ ਦਾ ਨਤੀਜਾ ਐਲਾਨਿਆ ਜਾਵੇਗਾ। ਯਾਦ ਰਹੇ ਕਿ ਕਾਂਗਰਸ ਵੱਲੋਂ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਇਥੋਂ ਉਮੀਦਵਾਰ ਐਲਾਨਿਆ ਗਿਆ ਹੈ। ਜਦਕਿ ਅਕਾਲੀ ਦਲ ਅਤੇ ਭਾਜਪਾ ਵਲੋਂ ਅਜੇ ਤਕ ਆਪਣੇ ਪੱਤੇ ਨਹੀਂ ਖੋਲ੍ਹੇ ਗਏ ਹਨ। 

ਇਹ ਵੀ ਪੜ੍ਹੋ : ਲੁਧਿਆਣਾ ਸਟੇਸ਼ਨ 'ਤੇ ਪਾਣੀ ਲੈਣ ਉੱਤਰੀ ਮਾਂ, ਟਰੇਨ 'ਚ ਰਹਿ ਗਏ 2 ਬੱਚੇ, ਰੋ-ਰੋ ਹੋਇਆ ਬੁਰਾ ਹਾਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri