ਕਾਂਗਰਸ ਦੇ ਚਾਰ ਮਹੀਨਿਆਂ ਦੇ ਰਾਜ ਦੌਰਾਨ ਹਲਕਾ ਖੇਮਕਰਨ ''ਚ ਕਈ ਘਪਲੇ ਆਏ ਸਾਹਮਣੇ

Saturday, Aug 05, 2017 - 07:08 PM (IST)

ਭਿੱਖੀਵਿੰਡ/ਖਾਲੜਾ(ਆਮਨ/ਸੁਖਚੈਨ/ਭਾਟੀਆਂ)— ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਪ੍ਰੋ.ਵਿਰਸਾ ਸਿੰਘ ਵਲਟੋਹਾ ਨੇ ਸ਼ਨੀਵਾਰ ਨੂੰ ਨੰਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਸੱਦੀ ਗਈ ਪ੍ਰੈੱਸ ਕਾਨਫਰੰਸ 'ਚ ਸ਼ਿਰਕਤ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਅੰਦਰ ਜਿਸ ਦਿਨ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ, ਉਸ ਦਿਨ ਤੋਂ ਹੀ ਵਿਧਾਨ ਸਭਾ ਹਲਕਾ ਖੇਮਕਰਨ 'ਚੋਂ ਕੋਈ ਨਾ ਕੋਈ ਨਵੇਂ ਤੋਂ ਨਵਾਂ ਘੋਟਾਲਾ ਸਾਹਮਣੇ ਆ ਰਿਹਾ ਹੈ ਅਤੇ ਸਰਕਾਰੀ ਪੈਸੇ ਵੀ ਜਿੱਥੇ ਲੁੱਟਿਆ ਜਾ ਰਿਹਾ ਹੈ, ਉਥੇ ਹੀ ਲੋਕ ਭਲਾਈ ਸਕੀਮਾਂ ਜੋ ਲੋਕਾਂ ਤੱਕ ਪਹੁੰਚਾਉਣਆਂ ਹੁੰਦੀਆਂ ਹਨ, ਉਨ੍ਹਾਂ ਵਿੱਚ ਘਪਲੇ ਨੂੰ ਲੈ ਕੇ ਕਾਂਗਰਸੀ ਆਪਸ 'ਚ ਲੜਾਈ-ਝਗੜੇ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਜੋ ਇਕ ਕਾਂਗਰਸੀ ਦੇ ਘਰੋਂ ਸਰਕਾਰੀ ਕਣਕ ਪਿੰਡ ਸੁੱਗੇ ਤੋਂ ਫੜੀ ਹੈ, ਉਸ 'ਚ ਵੀ ਪੁਲਸ ਦੀ ਕਾਰਵਾਈ ਵਾਲੀ ਭੂਮਿਕਾ ਸ਼ੱਕੀ ਹੈ ਜਦਕਿ ਸਾਡੀ ਜਾਣਕਾਰੀ ਮੁਤਾਬਕ ਕਣਕ ਜਾਂਦੀ ਸੀ ਪਰ 200 ਤੋੜੇ ਕਣਕ ਦਾ ਪਰਚਾ ਹੀ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜਿਹੜੀ ਕਣਕ ਸਟੋਰ ਕੀਤੀ ਗਈ ਸੀ ਉਹ ਹਲਕਾ ਵਿਧਾਇਕ ਦੀ ਸ਼ਹਿ 'ਤੇ ਡਿੱਪੂਆਂ ਅਤੇ ਮਿਡ-ਡੇ-ਮੀਲ ਵਾਲੀ ਕਣਕ ਸਟੋਰ ਸੀ, ਇਸ ਦੀ ਉੱਚ ਪੱਧਰ 'ਤੇ ਜਾਂਚ ਹੋਣੀ ਚਾਹੀਦੀ ਹੈ। 
ਉਨ੍ਹਾਂ ਨੇ ਕਿਹਾ ਕਿ ਅਸੀਂ ਦੋਸ਼ ਲਗਾਉਂਦੇ ਹਾਂ ਕਿ ਪਹਿਲਾਂ ਪੈਨਸ਼ਨ ਅਤੇ ਹੁਣ ਕਣਕ ਦਾ ਘਪਲਾ ਇਹ ਸਭ ਕੁਝ ਕਿਸ ਦੀ ਸ਼ਹਿ 'ਤੇ ਹੋ ਰਿਹਾ ਹੈ। ਜੇਕਰ ਪੰਚਾਇਤਾਂ ਸਬੰਧੀ ਗੱਲ ਕੀਤੀ ਜਾਵੇ ਤਾਂ ਸਰਪੰਚਾਂ ਨੂੰ ਪੰਚਾਇਤਾਂ ਦੇ ਪੈਸੇ ਕੱਢ ਕੇ ਨਹੀਂ ਦਿੱਤੇ ਜਾ ਰਹੇ ਸਗੋਂ ਪੈਸੇ ਕੱਢਵਾਉਣ ਲਈ ਸਰਪੰਚਾਂ ਨਾਲ ਮਤੇ ਪਾਸ ਕਰਨ ਲਈ ਸੌਦੇ ਕੀਤੇ ਜਾ ਰਹੇ ਹਨ। ਪੰਚਾਇਤੀ ਬੋਲੀਆਂ 'ਚ ਵੱਡੇ ਪੱਧਰ 'ਤੇ ਵਿਧਾਇਕ ਦੀ ਸ਼ਹਿ ਦੇ ਅੰਦਰ ਖਾਤੇ ਬੋਲੀਆਂ ਕਰਵਾਈਆਂ, ਉਸ 'ਚ ਵੀ ਵੱਡੇ ਪੱਧਰ 'ਤੇ ਹੇਰਾ-ਫੇਰੀ ਕੀਤੀ ਗਈ ਅਤੇ ਉਨ੍ਹਾਂ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ। 
ਉਨ੍ਹਾਂ ਨੇ ਕਿਹਾ ਕਿ ਲੋਕਤੰਤਰ 'ਚ ਪੰਚਾਇਤੀ ਰਾਜ ਵੱਡਾ ਧਰਮ ਹੁੰਦਾ ਹੈ ਪਰ ਪੰਚਾਇਤਾਂ ਨੂੰ ਨੁਕਰੇ ਲਾ ਕੇ ਘਪਲੇ ਕੀਤੇ ਜਾ ਰਹੇ ਹਨ। ਹਲਕੇ ਅੰਦਰ ਅਹਿਮਦਸ਼ਾਹ ਅਬਦਾਲੀ ਵਾਲਾ ਰਾਜ ਚੱਲ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕਰਦੇ ਹੋਏ ਕਿਹਾ ਕਿ ਉਹ ਸਾਡੇ ਹਲਕੇ ਅੰਦਰ ਵੱਡੇ ਘੋਟਾਲਿਆਂ ਦੀ ਜਾਂਚ ਕਰਵਾਉਣ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਕੌਂਸਲਰ ਸਤਵਿੰਦਰ ਸਿੰਘ ਪਾਸੀ, ਕੱਪਲ ਮਲਹੋਤਰਾ, ਸਾਬਕਾ ਚੇਅਰਮੈਨ ਕ੍ਰਿਸ਼ਨਪਾਲ ਜੱਜ, ਹਰਜੀਤ ਸਿੰਘ ਬਲੇਰ ਆਦਿ ਮੌਜੂਦ ਸਨ।


Related News