ਸਾਬਕਾ ਵਿਧਾਇਕ ਬਾਂਸਲ ਦੀ ਕੁੱਟਮਾਰ ਤੇ ਫਿਰੌਤੀ ਮੰਗਣ ਦੇ ਮਾਮਲੇ ’ਚ ਇਕ ਗ੍ਰਿਫ਼ਤਾਰ, 4 ਨਾਮਜ਼ਦ

02/26/2023 12:20:30 AM

ਬੁਢਲਾਡਾ (ਬਾਂਸਲ) : ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਬੰਦੀ ਬਣਾ ਕੇ ਕੁੱਟਮਾਰ ਕਰਦਿਆਂ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ ’ਚ ਭਾਵੇਂ ਪੁਲਸ ਨੇ 4 ਅਣਪਛਾਤੇ ਵਿਅਕਤੀਆਂ ਦੀ ਭਾਲ ਕਰਦਿਆਂ ਨਾਮਜ਼ਦ ਕਰ ਦਿੱਤੇ ਹਨ, ਜਿਨ੍ਹਾਂ ’ਚੋਂ ਇਨੋਵਾ ਕਾਰ ਦੇ ਡਰਾਈਵਰ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਾਬਕਾ ਵਿਧਾਇਕ ਨਾਲ ਵਾਪਰੀ ਇਸ ਘਟਨਾ ਨੂੰ ਲੈ ਕੇ ਜਿੱਥੇ ਹਲਕੇ ਦੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉਥੇ ਸਿਆਸੀ ਹਲਕਿਆਂ ’ਚ ਸਰਕਾਰ ਨੂੰ ਹਰ ਫਰੰਟ ’ਤੇ ਫੇਲ੍ਹ ਕਰਾਰ ਦਿੰਦਿਆਂ ਨਿੰਦਾ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ 2 ਦਿਨ ਬਾਅਦ ਮੁੜ ਬਦਲੇਗਾ ਮੌਸਮ, ਵਰ੍ਹਨਗੇ ਬੱਦਲ, ਜਾਣੋ ਮੌਸਮ ਦੀ ਤਾਜ਼ਾ ਅਪਡੇਟ

ਕਾਂਗਰਸ ਸੀ. ਪੀ. ਐੱਲ. ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਘਟਨਾ ਦੀ ਨਿੰਦਾ ਕੀਤੀ। ਉਨ੍ਹਾ ਕਿਹਾ ਕਿ ਅੱਜ ਪੰਜਾਬ ਅੰਦਰ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਦੂਸਰੇ ਪਾਸੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਸੰਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਪਰੋਕਤ ਘਟਨਾ ’ਚ ਬਿੰਦਰ ਸਿੰਘ, ਮਨਵੀਰ ਸਿੰਘ, ਹਰਜਿੰਦਰ ਸਿੰਘ ਢੀਂਡਸਾ, ਜੋ ਤਿੰਨੋਂ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹਨ, ਦੀ ਭਾਲ ਲਈ ਪੁਲਸ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਉਧਰ ਬੰਧਕ ਬਣਾ ਕੇ ਕੁੱਟਮਾਰ ਦੇ ਮਾਮਲੇ ’ਚ ਸਾਬਕਾ ਵਿਧਾਇਕ ਨੱਕ ਦੀ ਹੱਡੀ ਟੁੱਟਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਸਿਟੀ ਸਕੈਨ ਅਤੇ ਹੋਰ ਜਾਂਚ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਹੈ। ਜਿੱਥੇ ਦੇਰ ਸ਼ਾਮ ਤੱਕ ਰਿਪੋਰਟ ਆਉਣ ਤੋਂ ਬਾਅਦ ਪੁਲਸ ਉਪਰੋਕਤ ਵਿਅਕਤੀਆਂ ਖਿਲਾਫ਼ ਧਾਰਾਵਾਂ ’ਚ ਵਾਧਾ ਵੀ ਕਰ ਸਕਦੀ ਹੈ। ਪੁਲਸ ਵੱਲੋਂ ਦਰਜ ਐੱਫ. ਆਈ. ਆਰ. ਅਨੁਸਾਰ ਮੁਲਜ਼ਮਾਂ ਦੇ ਖਿਲਾਫ਼ ਧਾਰਾ 451, 323, 342, 385, 506, 427, 34 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਹਮਲੇ ਨੂੰ ਲੈ ਕੇ ਜਿੱਥੇ ਹਮਦਰਦੀ ਦੀ ਲਹਿਰ ਦਿਖਾਈ ਦੇ ਰਹੀ ਹੈ, ਉਥੇ ਉਨ੍ਹਾਂ ਦਾ ਪਤਾ ਲੈਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਜਿੱਥੇ ਮੌਜੂਦਾ ਵਿਧਾਇਕਾਂ ਤੋਂ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਉਨ੍ਹਾਂ ਦੇ ਘਰ ਪਹੁੰਚ ਕਰ ਰਹੇ ਹਨ।

ਸਾਬਕਾ ਵਿਧਾਇਕ ਕੋਲ ਕੋਈ ਸੁਰੱਖਿਆ ਨਹੀਂ, ਦਿੱਤੀ ਸੀ ਦਰਖਾਸਤ 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਅਤੇ ਉਨ੍ਹਾਂ ਦੀ ਪਤਨੀ ਡਾ. ਮਨੋਜ ਮੰਜੂ ਬਾਂਸਲ, ਜੋ ਵਿਧਾਨ ਸਭਾ ਹਲਕਾ ਮੌੜ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ, ਚੋਣਾਂ ਤੋਂ ਬਾਅਦ ਇਨ੍ਹਾਂ ਦੀ ਸੁਰਖਿਆ ਵਾਪਸ ਲੈ ਲਈ ਗਈ ਸੀ। ਇਸ ਸਬੰਧੀ ਸਾਬਕਾ ਵਿਧਾਇਕ ਨੇ ਸੁਰੱਖਿਆ ਲੈਣ ਲਈ ਪੁਲਸ ਵਿਭਾਗ ਨੂੰ ਲਿਖਤੀ ਪੱਤਰ ਵੀ ਦਿੱਤਾ ਸੀ ਪਰ ਅੱਜ ਤੱਕ ਉਨ੍ਹਾਂ ਨੂੰ ਸੁਰੱਖਿਆ ਨਹੀਂ ਦਿੱਤੀ ਗਈ। ਸਿਆਸੀ ਹਲਕਿਆਂ ਅਨੁਸਾਰ ਜੇਕਰ ਸਾਬਕਾ ਵਿਧਾਇਕ ਕੋਲ ਸੁਰਖਿਆ ਹੁੰਦੀ ਤਾਂ ਇਹ ਘਟਨਾ ਨਾ ਵਾਪਰਦੀ।

Manoj

This news is Content Editor Manoj