ਕਾਂਗਰਸ ਸਰਕਾਰ ਨੇ 4 ਮਹੀਨਿਆਂ ''ਚ ਹੀ ਲੋਕਾਂ ਦਾ ਭਰੋਸਾ ਗਵਾ ਲੈਣ ਦਾ ਰਿਕਾਰਡ ਕਾਇਮ ਕੀਤਾ : ਮਜੀਠੀਆ

08/31/2017 9:35:32 PM

ਅੰਮ੍ਰਿਤਸਰ (ਪੁਰੀ, ਛੀਨਾ) — ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ 'ਚ ਹਲਕਾ ਬਾਬਾ ਬਕਾਲਾ ਤੋਂ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਸਾਬਕਾ ਸਰਪੰਚ ਬਲਜੀਤ ਸਿੰਘ ਭੱਟੀ ਵਾਸੀ ਪਿੰਡ ਸਠਿਆਲਾ ਅਤੇ ਸਾਬਕਾ ਸਰਪੰਚ ਨੰਬਰਦਾਰ ਬਾਬਾ ਨਰਿੰਦਰ ਸਿੰਘ ਸਠਿਆਲਾ ਨੇ ਸਾਬਕਾ ਵਿਧਾਇਕ ਮਲਕੀਅਤ ਸਿੰਘਏ, ਆਰ. ਦੀ ਪ੍ਰੇਰਨਾਸਦਕਾ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਮਜੀਠੀਆ ਨੇ ਭੱਟੀ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੀ ਹੈ। ਪਾਰਟੀ 'ਚ ਭੱਟੀ ਜਾ ਬਣਦਾ ਪੂਰਾ ਮਾਣ-ਸਤਿਕਾਰ ਕੀਤਾ ਜਾਵੇਗਾ। ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਇਕ ਅਜਿਹੀ ਸਰਕਾਰ ਹੈ, ਜਿਸ ਨੇ 4 ਮਹੀਨਿਆਂ 'ਚ ਹੀ ਲੋਕਾਂ ਦਾ ਭਰੋਸਾ ਗਵਾ ਲੈਣ ਦਾ ਰਿਕਾਰਡ ਕਾਇਮ ਕੀਤਾ ਹੈ। ਕਾਂਗਰਸ ਦੀ ਚੋਣਾਂ ਦੌਰਾਨ ਕੀਤੇ ਗਏ ਝੂਠੇ ਵਾਅਦਿਆਂ ਦੀ ਪੋਲ ਖੁੱਲ੍ਹ ਚੁੱਕੀ ਹੈ ਤੇ ਅੱਜ 4 ਮਹੀਨਿਆਂ 'ਚ ਹੀ 200 ਤੋਂ ਵੱਧ ਕਿਸਾਨਾਂ ਨੇ ਕਰਜ਼ਿਆਂ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰਨ ਦੌਰਾਨ ਸਰਕਾਰ ਦੇ ਝੂਠੇ ਵਾਅਦਿਆਂ 'ਤੇ ਯਕੀਨ ਕਰਨ ਦੀ ਭੁੱਲ ਸਵੀਕਾਰ ਕੀਤੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸੀ ਸਰਕਾਰ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਦੀ ਥਾਂ ਵਾਅਦੇ ਮੁਤਾਬਕ ਕਿਸਾਨਾਂ ਦਾ ਕਰਜ਼ਾ ਹਰ ਹਾਲ 'ਚ ਮੁਆਫ ਕਰਨਾ ਚਾਹੀਦਾ ਹੈ। ਉਨ੍ਹਾਂ ਕਾਂਗਰਸ ਸਰਕਾਰ ਵਲੋਂ ਰਾਜ ਦਾ ਵਿਕਾਸ ਠੱਪ ਕਰ ਕੇ ਰੱਖ ਦੇਣ ਦੀ ਵੀ ਸਖਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਰਾਜ ਨੂੰ ਵਿਕਾਸ ਪੱਖੋਂ ਉਚਾਈਆਂ 'ਤੇ ਪਹੁੰਚਾਇਆ ਤੇ ਕਾਂਗਰਸ ਨੇ ਵਿਕਾਸ ਸਕੀਮਾਂ ਠੱਪ ਕਰ ਕੇ ਰਾਜ ਦੇ ਲੋਕਾਂ ਨੂੰ ਬੇਰੁਜ਼ਗਾਰੀ ਵੱਲ ਤੋਰਿਆ ਹੈ।