ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਮੁੜ ਤਿੰਨ ਦਿਨ ਦੇ ਰਿਮਾਂਡ ''ਤੇ, ਹੁਣ ਇਸ ਮਾਮਲੇ ''ਚ ਪੁੱਛਗਿੱਛ ਕਰੇਗੀ ਵਿਜੀਲੈਂਸ

10/12/2022 12:02:28 AM

ਚੰਡੀਗੜ੍ਹ : ਜ਼ਿਲ੍ਹਾ ਐੱਸ.ਬੀ.ਐੱਸ ਨਗਰ ਦੀ ਅਦਾਲਤ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 14 ਅਕਤੂਬਰ ਤੱਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਅਦਾਲਤ ਨੇ ਪੰਜਾਬ ਵਿਜੀਲੈਂਸ ਬਿਊਰੋ ਦੀ ਅਪੀਲ 'ਤੇ ਸ਼ਹੀਦ ਭਗਤ ਸਿੰਘ (ਐਸ.ਬੀ.ਐਸ.) ਨਗਰ ਵਿਖੇ ਖ਼ਰੀਦ ਏਜੰਸੀਆਂ ਅਤੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਜ਼ਰੀਏ ਠੇਕੇਦਾਰਾਂ ਨੂੰ ਅਨਾਜ ਮੰਡੀਆਂ ਲਈ ਲੇਬਰ ਕਾਰਟੇਜ ਅਤੇ ਟਰਾਂਸਪੋਰਟ ਟੈਂਡਰਾਂ ਦੀ ਅਲਾਟਮੈਂਟ 'ਚ ਹੋਈ ਧੋਖਾਧੜੀ ਦੇ ਦੋਸ਼ਾਂ ਦੀ ਅਗਲੇਰੀ ਜਾਂਚ ਲਈ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 14 ਅਕਤੂਬਰ ਤੱਕ ਰਿਮਾਂਡ 'ਤੇ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ 14 ਅਕਤੂਬਰ ਦੀ ਮੀਟਿੰਗ ਦੌਰਾਨ SYL ਸਬੰਧੀ ਜ਼ੋਰਦਾਰ ਢੰਗ ਨਾਲ ਰੱਖੇਗੀ ਆਪਣਾ ਪੱਖ : CM ਮਾਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਐਸ.ਬੀਐ.ਸ ਨਗਰ ਦੀਆਂ ਅਨਾਜ ਮੰਡੀਆਂ 'ਚ ਲੇਬਰ ਤੇ ਟਰਾਂਸਪੋਰਟੇਸ਼ਨ ਦੇ ਟੈਂਡਰਾਂ 'ਚ ਹੋਏ ਵੱਡੇ ਘਪਲੇ ਦੀ ਜਾਂਚ ਕਰਨ ਉਪਰੰਤ ਦੋਸ਼ੀ ਠੇਕੇਦਾਰ ਤੇਲੂ ਰਾਮ, ਯਸ਼ਪਾਲ ਅਤੇ ਅਜੈਪਾਲ (ਦੋਵੇਂ ਭਰਾ) ਵਾਸੀ ਪਿੰਡ ਉਧਨਵਾਲ, ਤਹਿਸੀਲ ਬਲਾਚੌਰ ਦੇ ਖ਼ਿਲਾਫ਼ ਧਾਰਾ 420, 409, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13 (2) ਤਹਿਤ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਵਿਖੇ ਮੁਕੱਦਮਾ ਨੰ. 18 ਮਿਤੀ 22-09-2022 ਤਹਿਤ ਕੇਸ ਦਰਜ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਟਰਾਂਸਪੋਰਟ ਮੰਤਰੀ ਵੱਲੋਂ ਐਸ.ਟੀ.ਸੀ. ਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਦਫ਼ਤਰਾਂ ਦੀ ਚੈਕਿੰਗ, ਕੰਮਕਾਜ ਦਾ ਲਿਆ ਜਾਇਜ਼ਾ

ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੁੱਖ ਦੋਸ਼ੀ ਤੇਲੂ ਰਾਮ ਠੇਕੇਦਾਰ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਉਸਨੇ ਆਪਣੇ ਪਿੰਡ ਦੇ ਰਹਿਣ ਵਾਲੇ ਯਸ਼ਪਾਲ ਅਤੇ ਅਜੈਪਾਲ ਦੀ ਡੀ.ਐੱਫ.ਐੱਸ.ਸੀ ਰਾਕੇਸ਼ ਭਾਸਕਰ ਨਾਲ ਮੁਲਾਕਾਤ ਕਰਾਉਣ 'ਚ ਮਦਦ ਕੀਤੀ, ਜਿਨ੍ਹਾਂ ਨੇ ਬਾਅਦ 'ਚ ਸਾਬਕਾ ਮੰਤਰੀ ਆਸ਼ੂ ਰਾਹੀਂ ਟੈਂਡਰ ਵੀ ਪ੍ਰਾਪਤ ਕੀਤੇ ਸਨ। ਤੇਲੂ ਰਾਮ ਨੇ ਆਪਣੀ ਡਾਇਰੀ ਵਿੱਚ ਬਹੁਤ ਸਾਰੀਆਂ ਐਂਟਰੀਆਂ ਅਤੇ ਲੇਖਾ-ਜੋਖਾ ਕੀਤਾ ਹੋਇਆ ਸੀ, ਜੋ ਪਹਿਲਾਂ ਹੀ ਵਿਜੀਲੈਂਸ ਦੁਆਰਾ ਜ਼ਬਤ ਕਰ ਲਈ ਗਈ ਹੈ ਜਿਸ ਦੇ ਅਧਾਰ ਤੇ ਵਿਜੀਲੈਂਸ ਬਿਊਰੋ ਨੇ ਉਪਰੋਕਤ ਮੁਲਜ਼ਮਾਂ ਤੇ ਹੋਰਨਾਂ ਨੂੰ ਇਸ ਮਾਮਲੇ ਵਿੱਚ ਸ਼ਾਮਲ ਕੀਤਾ ਹੈ।

ਇਹ ਵੀ ਪੜ੍ਹੋ : ਜੰਗ ਦੌਰਾਨ ਰੂਸੀ ਸਰਕਾਰ ਦਾ ਵੱਡਾ ਐਕਸ਼ਨ, ਜ਼ੁਕਰਬਰਗ ਦੀ ਕੰਪਨੀ ਮੇਟਾ ਨੂੰ ਅੱਤਵਾਦੀ ਸੰਗਠਨ ਐਲਾਨਿਆ

ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਉਪਰੋਕਤ ਸਾਰੇ ਦੋਸ਼ੀਆਂ ਦੇ ਆਪਸੀ ਸਬੰਧ ਸਾਹਮਣੇ ਆਏ ਹਨ, ਜਿਸ ਤਹਿਤ ਦੋਸ਼ੀ ਸਾਬਕਾ ਮੰਤਰੀ ਨੂੰ ਮੁਕੱਦਮੇ ਵਿੱਚ ਸ਼ਾਮਲ ਕਰਕੇ ਅਦਾਲਤ ਤੋਂ ਉਨ੍ਹਾਂ ਦਾ ਪ੍ਰੋਡਕਸ਼ਨ ਵਾਰੰਟ ਲਿਆ ਗਿਆ ਹੈ। ਪੁਲਿਸ ਰਿਮਾਂਡ ਦੌਰਾਨ ਉਕਤ ਮੰਤਰੀ ਤੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਏ ਭ੍ਰਿਸ਼ਟਾਚਾਰ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੋਂ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
 

Mandeep Singh

This news is Content Editor Mandeep Singh