ਸਾਬਕਾ ਸੈਨਿਕ ਨੇ ਪੁਲਸ ਕਰਮਚਾਰੀ ''ਤੇ ਲਗਾਏ ਬੁਰਾ ਵਿਵਹਾਰ ਕਰਨ ਦੇ ਦੋਸ਼

02/22/2018 4:58:13 PM

ਬਠਿੰਡਾ (ਵਿਜੈ) — ਸਾਬਕਾ ਸੈਨਿਕ ਸੂਬੇਦਾਰ ਮੇਜਰ ਦੇ ਨਾਲ ਬੁੱਧਵਾਰ ਨੂੰ ਛਾਉਣੀ ਗੇਟ 'ਤੇ ਸੈਨਾ ਕਰਮੀ ਵਲੋਂ ਬੁਰਾ ਵਿਵਹਾਰ ਕੀਤਾ ਗਿਆ, ਜਿਸ ਦੀ ਸ਼ਿਕਾਇਤ ਸਾਬਕਾ ਸੈਨਿਕ ਨੇ ਰੱਖਿਆ ਮੰਤਾਰਲੇ ਨੂੰ ਭੇਜੀ। ਜਾਣਕਾਰੀ ਮੁਤਾਬਕ 10 ਸਾਲ ਪਹਿਲਾਂ ਸੂਬੇਦਾਰ ਜੀਤ ਸਿੰਘ ਸੈਨਾ ਤੋਂ ਰਿਟਾਇਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਛਾਉਣੀ 'ਚ ਸਾਮਾਨ ਲੈਣ ਜਾ ਰਹੇ ਸਨ, ਉਦੋਂ ਗੇਟ 'ਤੇ ਤਾਇਨਾਤ ਮਿਲਟਰੀ ਪੁਲਸ ਦੇ ਜਵਾਨ ਪੀ. ਕੇ. ਪਾਂਡੇ ਨੇ ਉਨ੍ਹਾਂ ਨਾਲ ਬੁਰਾ ਵਿਵਹਾਰ ਕੀਤਾ। ਇਸ ਸੰਬੰਧੀ ਸੂਬੇਦਾਰ ਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਪਹਿਚਾਣ ਪੱਤਰ ਵੀ ਦਿਖਾਇਆ ਪਰ ਉਥੇ ਮੌਜੂਦ ਪਾਂਡੇ ਨੇ ਇਸ ਪੱਤਰ ਨੂੰ ਫਰਜ਼ੀ ਕਰਾਰ ਦਿੱਤਾ ਤੇ ਬੁਰਾ ਵਿਵਹਾਰ ਕੀਤਾ। ਇਥੋਂ ਤਕ ਕਿ ਉਨ੍ਹਾਂ ਦਾ ਕਾਰਡ ਆਪਣੇ ਕੋਲ ਰੱਖ ਲਿਅ। ਲਗਭਗ 2 ਘੰਟੇ ਉਨ੍ਹਾਂ ਨੂੰ ਜਬਰਨ ਬੰਧਕ ਬਣਾ ਕੇ ਰੱਖਿਆ ਗਿਆ। ਸਾਬਕਾ ਸੈਨਿਕ ਨੇ ਸੈਨਾ ਪੁਲਸ ਕੰਟਰੋਲ ਰੂਮ ਨੂੰ ਇਸ ਦੀ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਫਿਰ ਉਨ੍ਹਾਂ ਨੂੰ ਰੱਖਿਆ ਮੰਤਰਾਲੇ 'ਚ ਸ਼ਿਕਾਇਤ ਕਰਨੀ ਪਈ।
ਗੇਟ 'ਤੇ ਭੀੜ ਸੀ, ਗੁੱਸੇ 'ਚ ਕੁੱਝ ਕਹਿ ਦਿੱਤਾ ਹੋਵੇਗਾ : ਪੁਲਸ ਕਰਮੀ
ਮੌਕੇ 'ਤੇ ਮੌਜੂਦ ਸੈਨਾ ਪੁਲਸ ਕਰਮੀ ਪਾਂਡੇ ਨੇ ਕਿਹਾ ਕਿ ਗੇਟ 'ਤੇ ਵੱਧ ਭੀੜ ਸੀ, ਗੁੱਸੇ 'ਚ ਕੁਝ ਕਹਿ ਦਿੱਤਾ ਹੋਵੇਗਾ, ਉਨ੍ਹਾਂ ਨੂੰ ਪਤਾ ਨਹੀਂ। ਉਨ੍ਹਾਂ ਕਿਹਾ ਕਿ ਸੈਨਾ ਵਲੋਂ ਸਖਤ ਹੁਕਮ ਜਾਰੀ ਹਨ ਕਿ ਬਿਨ੍ਹਾਂ ਪਛਾਣ ਪੱਤਰ ਦੇ ਕਿਸੇ ਨੂੰ ਅੰਦਰ ਨਾ ਜਾਣ ਦਿੱਤਾ ਜਾਵੇ। ਉਸ ਨੂੰ ਉਕਤ ਪਛਾਣ ਪੱਤਰ 'ਤੇ ਸ਼ੱਕ ਹੋਇਆ, ਜਦ ਕਿ ਸਾਬਕਾ ਸੈਨਿਕ ਉਸ ਨਾਲ ਬਹਿਸ ਕਰਨ ਲੱਗਾ। ਇਸ ਤੋਂ ਬਾਅਦ ਜਦ ਕੰਟਰੋਲ ਰੂਮ 'ਚ ਤਾਇਨਾਤ ਸੈਨਾ ਪੁਲਸ ਕਰਮੀ ਸਾਂਘਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸ਼ਿਕਾਇਤ ਮਿਲ ਚੁੱਕੀ ਹੈ, ਜਿਸ ਦੀ ਨਿਰਪੱਖ ਤਰੀਕੇ ਨਾਲ ਜਾਂਚ ਕੀਤੀ ਜਾਵੇਗੀ।
ਸਾਬਕਾ ਸੈਨਿਕ ਦੀਆਂ ਭਾਵਨਾਵਾਂ ਨੂੰ ਪੁੱਜੀ ਠੇਸ : ਸਾਬਕਾ ਸੈਨਿਕ ਐਸੋ.
ਸਾਬਕਾ ਸੈਨਿਕ ਐਸੋ. ਦੇ ਅਹੁਦਾ ਅਧਿਕਾਰੀ ਸਾਬਕਾ ਕਰਨਲ ਦਯਾ ਸਿੰਘ ਨੇ ਇਸ ਮਾਮਲੇ ਸੰਬੰਧੀ ਕਿਹਾ ਕਿ ਇਹ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰਾਲਾ ਤਕ ਸਾਬਕਾ ਸੈਨਿਕਾਂ ਨੂੰ ਸਨਮਾਨ ਦਿੰਦਾ ਹੈ, ਜਦ ਕਿ ਗੇਟ 'ਤੇ ਖੜ੍ਹਾ ਸੈਨਿਕ ਪੁਲਸ ਕਰਮੀ ਨਾਲ ਬੁਰਾ ਵਿਵਹਾਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਬਕਾ ਸੈਨਿਕ ਦੇ ਨਾਲ ਕੀਤੇ ਬੁਰੇ ਵਿਵਹਾਰ ਨਾਲ ਸਾਬਕਾ ਸੈਨਿਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ, ਸੈਨਾ ਪੁਲਸ ਕਰਮੀ ਨੂੰ ਸੂਬੇਦਾਰ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।