ਭਰਤੀ ਘਪਲੇ ''ਚ ਸਾਬਕਾ ਚੇਅਰਮੈਨ ਰਵੀ ਸਿੱਧੂ ਦੋਸ਼ੀ ਕਰਾਰ

01/10/2018 11:38:25 PM

ਮੋਹਾਲੀ— ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ. ਪੀ. ਸੀ. ਸੀ.) ਵਿਚ 15 ਸਾਲ ਪਹਿਲਾਂ 2002 ਵਿਚ ਹੋਏ ਭਰਤੀ ਘੋਟਾਲੇ ਦੀ ਸੁਣਵਾਈ ਅੱਜ ਮੋਹਾਲੀ ਦੀ ਅਦਾਲਤ ਵਿਚ ਹੋਈ । ਅਦਾਲਤ ਨੇ ਇਸ ਕੇਸ ਵਿਚ ਪੀ. ਪੀ. ਸੀ. ਸੀ. ਦੇ ਸਾਬਕਾ ਚੇਅਰਮੈਨ ਰਵਿੰਦਰਪਾਲ ਸਿੰਘ ਰਵੀ ਸਿੱਧੁ, ਜੋ ਕਿ ਮੁੱਖ ਮੁਲਜ਼ਮ ਹੈ, ਨੂੰ ਅੱਜ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਇਸ ਕੇਸ ਦੇ 5 ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਰਵੀ ਸਿੱਧੂ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਰੋਪੜ ਜੇਲ ਭੇਜ ਦਿੱਤਾ ਗਿਆ। ਅਦਾਲਤ ਨੇ ਫੈਸਲਾ ਸੁਣਾਉਣ ਲਈ ਅਗਲੀ ਤਰੀਕ 15 ਜਨਵਰੀ ਤੈਅ ਕੀਤੀ ਹੈ।
ਜ਼ਿਲਾ ਅਤੇ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਵੱਲੋਂ ਸਿੱਧੂ ਨੂੰ ਇਹ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਇਸ ਕੇਸ ਦੇ 5 ਮੁਲਜ਼ਮਾਂ ਗੁਰਦੀਪ ਸਿੰਘ ਮਨਚੰਦਾ, ਸੁਰਿੰਦਰ ਕੌਰ, ਪ੍ਰੇਮ ਸਾਗਰ, ਪਰਮਜੀਤ ਸਿੰਘ, ਰਣਧੀਰ ਸਿੰਘ ਧੀਰਾ ਨੂੰ ਬਰੀ ਕਰ ਦਿੱਤਾ ਹੈ। 
ਇਹ ਹੈ ਮਾਮਲਾ : ਸਾਲ 2002 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਪਟਿਆਲਾ ਵਿਚ ਚੌਕਸੀ ਵਿਭਾਗ ਨੇ ਪੈਸੇ ਲੈ ਕੇ ਭਰਤੀ ਕਰਨ ਦੇ ਮਾਮਲੇ ਵਿਚ ਰਵੀ ਸਿੱਧੂ ਅਤੇ ਉਸ ਦੇ ਸਾਥੀਆਂ ਖਿਲਾਫ 25 ਮਾਰਚ 2002 ਨੂੰ ਆਈ. ਪੀ. ਸੀ. ਦੀ ਧਾਰਾ 467, 468, 471, 120-ਬੀ ਅਤੇ ਪ੍ਰੀਵੈਂਸ਼ਨ ਆਫ ਕੁਰੱਪਸ਼ਨ ਐਕਟ ਦੀਆਂ ਧਾਰਾਵਾਂ 7, 13 ਰੈੱਡ ਵਿੱਦ ਸੈਕਸ਼ਨ 13 (2) ਤਹਿਤ ਕੇਸ ਦਰਜ ਕੀਤਾ ਸੀ।