ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਕਾਂਗਰਸ ਤੋਂ ਦੇਣਗੇ ਅਸਤੀਫਾ?

04/22/2018 3:31:49 PM

ਜਲੰਧਰ (ਚੋਪੜਾ)— ਦੋਆਬਾ ਤੋਂ ਕਾਂਗਰਸ ਦੇ ਚੋਟੀ ਦੇ ਨੇਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਹੋਣ ਦੇ ਬਾਵਜੂਦ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਸ਼ਨੀਵਾਰ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਕੀਤਾ ਗਿਆ, ਜਿਸ ਕਾਰਨ ਨਾਰਾਜ਼ ਰਾਣਾ ਗੁਰਜੀਤ ਸਿੰਘ ਕਾਂਗਰਸ ਤੋਂ ਕੀ ਅਸਤੀਫਾ ਦੇ ਸਕਦੇ ਹਨ? ਇਸ ਵੱਡੇ ਸਵਾਲ ਨੇ ਕਾਂਗਰਸੀ ਹਲਕਿਆਂ 'ਚ ਹਲਚਲ ਮਚਾਈ ਹੋਈ ਹੈ। 
ਰਾਣਾ ਗੁਰਜੀਤ ਦੇ ਨੇੜਲੇ ਸੂਤਰਾਂ ਦੀ ਮੰਨੀਏ ਤਾਂ ਉਹ ਇਕ ਅਜਿਹੇ ਕਾਂਗਰਸੀ ਨੇਤਾ ਹਨ, ਜਿਨ੍ਹਾਂ ਨੇ ਵਿਰੋਧੀ ਧਿਰ 'ਚ ਰਹਿੰਦਿਆਂ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾਈ ਕਾਂਗਰਸ ਲਈ ਸਭ ਤੋਂ ਵੱਧ ਫੰਡਿੰਗ ਕੀਤੀ। ਰਾਣਾ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੇ ਫਰਕ ਨਾਲ ਜਿੱਤ ਦਿਵਾਈ। ਇਸ ਚੋਣ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਮੌਜੂਦਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਰਮਿਆਨ ਵੱਡਾ ਮੁਕਾਬਲਾ ਸੀ।
ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਦੀ ਸਰਕਾਰ ਬਣਨ ਪਿੱਛੋਂ ਰਾਣਾ ਗੁਰਜੀਤ ਨੂੰ ਕੈਬਨਿਟ ਮੰਤਰੀ ਬਣਾ ਕੇ ਬਿਜਲੀ ਅਤੇ ਸਿੰਚਾਈ ਵਿਭਾਗ ਸੌਂਪਿਆ ਗਿਆ ਸੀ ਪਰ ਮਾਈਨਿੰਗ ਦੀ ਈ-ਨੀਲਾਮੀ 'ਚ ਰਾਣਾ ਗੁਰਜੀਤ ਸਿੰਘ ਦੀ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਰੇਤ ਦੀਆਂ ਖੱਡਾਂ ਦਾ ਠੇਕਾ ਹਾਸਲ ਕਰਨ ਦੇ ਮਾਮਲੇ 'ਚ ਮਚੇ ਰੌਲੇ ਅਤੇ ਵਿਰੋਧੀ ਧਿਰ ਵੱਲੋਂ ਰਾਣਾ ਦੇ ਅਸਤੀਫੇ ਨੂੰ ਲੈ ਕੇ ਪਏ ਦਬਾਅ ਕਾਰਨ ਮੁੱਖ ਮੰਤਰੀ ਨੇ ਸਾਰੇ ਮਾਮਲੇ ਦੀ ਜਾਂਚ ਲਈ ਜੁਡੀਸ਼ੀਅਲ ਕਮਿਸ਼ਨ ਗਠਿਤ ਕਰ ਕੇ ਸੇਵਾਮੁਕਤ ਜਸਟਿਸ ਜੇ. ਐੱਸ. ਨਾਰੰਗ ਨੂੰ ਮਾਮਲੇ ਦੀ ਜਾਂਚ ਸੌਂਪੀ। ਰਾਣਾ ਗੁਰਜੀਤ ਸਿੰਘ ਨੇ ਆਪਣੀ ਕੰਪਨੀ ਰਾਣਾ ਸ਼ੂਗਰ ਲਿਮਟਿਡ ਦੀ ਰੇਤ ਦੀ ਨੀਲਾਮੀ ਨਾਲ ਕੋਈ ਵੀ ਸਬੰਧ ਹੋਣ ਤੋਂ ਇਨਕਾਰ ਕਰਦਿਆਂ ਸਪੱਸ਼ਟ ਕਿਹਾ ਕਿ ਉਨ੍ਹਾਂ ਦੀ ਕੰਪਨੀ ਦਾ ਸਿੱਧਾ ਜਾਂ ਅਸਿੱਧਾ ਰੇਤ ਦੀ ਮਾਈਨਿੰਗ ਨਾਲ ਕੋਈ ਸਬੰਧ ਨਹੀਂ ਹੈ ਪਰ ਰਾਹੁਲ ਦੇ ਦਬਾਅ ਕਾਰਨ ਉਨ੍ਹਾਂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੂਤਰਾਂ ਦੀ ਮੰਨੀਏ ਤਾਂ ਕੈਪਟਨ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਜਸਟਿਸ ਨਾਰੰਗ ਦੀ ਜਾਂਚ ਦੌਰਾਨ ਜੇ ਉਨ੍ਹਾਂ ਨੂੰ ਨਿਰਦੋਸ਼ ਸਾਬਿਤ ਕੀਤਾ ਗਿਆ ਤਾਂ ਉਹ ਮੰਤਰੀ ਮੰਡਲ ਵਿਚ ਵਾਧੇ ਸਮੇਂ ਉਨ੍ਹਾਂ ਨੂੰ ਮੰਤਰੀ ਬਣਾ ਦੇਣਗੇ।
ਜਸਟਿਸ ਨਾਰੰਗ ਨੇ ਆਪਣੀ ਜਾਂਚ ਰਿਪੋਰਟ 'ਚ ਰਾਣਾ ਗੁਰਜੀਤ ਨੂੰ ਕਲੀਨ ਚਿੱਟ ਦੇ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਦੇ ਮੁੜ ਤੋਂ ਮੰਤਰੀ ਬਣਨ ਦੇ ਚਰਚੇ ਚੱਲ ਰਹੇ ਸਨ ਪਰ ਕੈਪਟਨ ਵੱਲੋਂ ਜਿਨ੍ਹਾਂ 9 ਨਵੇਂ ਮੰਤਰੀਆਂ ਦੀ ਸੂਚੀ ਬਣਾਈ ਗਈ, 'ਚ ਰਾਣਾ ਦਾ ਨਾਂ ਨਹੀਂ ਸੀ। ਹੁਣ ਸਿਆਸੀ ਸਮੀਕਰਨ ਅਜਿਹੇ ਹਨ ਕਿ ਕੈਪਟਨ ਦੇ ਮੰਤਰੀ ਮੰਡਲ ਵਿਚ ਹੋਰ ਵਾਧਾ ਸੰਭਵ ਨਹੀਂ ਹੈ, ਜਿਸ ਕਾਰਨ ਭਵਿੱਖ ਵਿਚ ਰਾਣਾ ਗੁਰਜੀਤ ਦਾ ਮੰਤਰੀ ਬਣਨ ਸਕਣਾ ਸੰਭਵ ਨਹੀਂ ਹੈ।  ਸੂਤਰਾਂ ਦੀ ਮੰਨੀਏ ਤਾਂ ਇਸ ਸਾਰੇ ਘਟਨਾਚੱਕਰ ਕਾਰਨ ਰਾਣਾ ਪੂਰੀ ਤਰ੍ਹਾਂ ਗੁੱਸੇ 'ਚ ਹਨ। ਉਨ੍ਹਾਂ ਦੇ ਇਕ ਬੇਹੱਦ ਨੇੜਲੇ ਸਾਥੀ ਨੇ ਦੱਸਿਆ ਕਿ ਉਹ ਅੱਜਕਲ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ 'ਤੇ ਗਏ ਹੋਏ ਹਨ, ਵਾਪਸ ਆਉਂਦਿਆਂ ਹੀ ਉਹ ਪਾਰਟੀ ਤੋਂ ਅਸਤੀਫਾ ਦੇ ਦੇਣਗੇ। ਇਸ ਸਬੰਧੀ ਰਾਣਾ ਗੁਰਜੀਤ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਮੋਬਾਇਲ ਸਵਿਚ ਆਫ ਮਿਲਿਆ।