ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਭਤੀਜਾ ਪ੍ਰਭਦੀਪ ਸਿੰਘ ਗ੍ਰਿਫਤਾਰ

05/02/2018 7:19:03 AM

ਖਰੜ (ਅਮਰਦੀਪ) – ਕਾਂਗਰਸ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਭਤੀਜਾ ਪ੍ਰਭਦੀਪ ਸਿੰਘ, ਜਿਸ ਨੂੰ ਇਕ ਮਾਮਲੇ 'ਚ ਖਰੜ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਸੀ, ਨੂੰ ਸਿਟੀ ਪੁਲਸ ਨੇ ਅੱਜ ਗ੍ਰਿਫਤਾਰ ਕਰ ਲਿਆ। ਅਦਾਲਤ ਕੰਪਲੈਕਸ 'ਚ ਪਹੁੰਚੇ ਬਜ਼ੁਰਗ ਲਾਭ ਸਿੰਘ ਵਾਸੀ ਪਿੰਡ ਮੋਹਾਲੀ ਨੇ ਖਰੜ ਸਿਟੀ ਪੁਲਸ ਨੂੰ ਦੱਸਿਆ ਕਿ ਉਸ ਨੇ ਮੈਸਰਜ਼ ਐਗਰੋ ਬੋਰਡ ਲਿਮਟਿਡ ਅਤੇ ਰਾਣਾ ਮੋਹਿੰਦਰ ਪੇਪਰ ਮਿੱਲ ਫਤਿਹਪੁਰ, ਸਿਆਲਬਾ ਵਿਚ 1 ਮਾਰਚ 1990 ਵਿਚ ਨੌਕਰੀ ਪ੍ਰਾਪਤ  ਕੀਤੀ ਸੀ। ਉਸ ਨੂੰ ਕੰਪਨੀ ਦੇ ਮਾਲਕਾਂ ਨੇ ਬਿਨਾਂ ਚਾਰਜਸ਼ੀਟ ਕੀਤੇ 4 ਅਪ੍ਰੈਲ 2001 ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਉਦੋਂ ਉਸ ਦੀ ਤਨਖਾਹ 3375 ਰੁਪਏ ਪ੍ਰਤੀ ਮਹੀਨਾ ਸੀ। ਸਾਲ 2002 ਵਿਚ ਉਸ ਨੇ ਲੇਬਰ ਕੋਰਟ ਮੋਹਾਲੀ 'ਚ ਕੇਸ ਦਾਇਰ ਕੀਤਾ ਸੀ।
ਕੇਸ ਪਟਿਆਲਾ ਸਥਿਤ ਇੰਡਸਟਰੀਅਲ ਟ੍ਰਿਬਿਊਨਲ ਤਕ ਨੌਕਰੀ ਤੋਂ ਕੱਢੇ ਜਾਣ ਦੇ ਕਰੀਬ 10 ਸਾਲ ਲੰਬੀ ਲੜਾਈ ਦੇ ਬਾਅਦ ਉਸ ਨੂੰ ਨਿਆਂ ਤਾਂ ਮਿਲਿਆ ਪਰ ਉਹ ਕਾਗਜ਼ਾਂ ਤਕ ਹੀ ਸੀਮਤ ਰਿਹਾ। ਉਸ ਨੇ ਦੱਸਿਆ ਕਿ ਲੇਬਰ ਕੋਰਟ ਵਲੋਂ ਸਿਵਲ ਕੋਰਟ ਖਰੜ 'ਚ ਉਕਤ ਕੇਸ ਵਿਚ ਸੈਕਸ਼ਨ 36 ਦੇ ਤਹਿਤ ਚਲਾਨ ਦੀ ਕਾਰਵਾਈ ਸ਼ੁਰੂ ਹੋਈ ਅਤੇ 4 ਸਾਲ ਕੇਸ ਚੱਲਣ ਤੋਂ ਬਾਅਦ ਮਾਣਯੋਗ ਅਦਾਲਤ ਨੇ 15 ਫਰਵਰੀ 2018 ਨੂੰ ਉਕਤ ਦੋਸ਼ੀ ਨੂੰ ਅਦਾਲਤ 'ਚ ਪੇਸ਼ ਨਾ ਹੋਣ ਕਾਰਨ ਭਗੌੜਾ ਕਰਾਰ ਦਿੱਤਾ ਹੋਇਆ ਸੀ। ਅੱਜ ਖਰੜ ਅਦਾਲਤ ਕੰਪਲੈਕਸ 'ਚੋਂ ਪ੍ਰਭਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਸਿਟੀ ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੂੰ ਅੱਜ ਇਸ ਮਾਮਲੇ 'ਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।