ਪੰਜਾਬ ''ਚ ਕਾਂਗਰਸ ਦਾ ਰਾਜ ਔਰੰਗਜ਼ੇਬ ਤੋਂ ਵੀ ਮਾੜਾ : ਮਜੀਠੀਆ

03/12/2018 5:50:14 PM

ਪਟਿਆਲਾ/ਸਮਾਣਾ (ਜੋਸਨ, ਦਰਦ, ਅਨੇਜਾ)–ਸਾਬਕਾ ਕੈਬਨਿਟ ਮੰਤਰੀ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਥੇ ਪੰਜਾਬ ਦੇ ਮੌਜੂਦਾ ਕਾਂਗਰਸ ਰਾਜ ਨੂੰ ਔਰੰਗਜੇਬ ਦੇ ਰਾਜ ਤੋਂ ਵੀ ਵੱਧ ਮਾੜਾ ਐਲਾਨਿਆਂ ਹੈ। ਸ. ਮਜੀਠੀਆ ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਹੋ ਰਹੀ ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। 
ਇਸ ਮੌਕੇ ਉਨ੍ਹਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਤਿੱਖਾ ਵਿਅੰਗ ਕਸਦਿਆਂ ਆਖਿਆ ਕਿ ਜਿਹੜਾ ਆਪਣੇ ਤਾਏ ਦਾ ਨਹੀਂ ਹੋ ਸਕਿਆ, ਉਹ ਅਮਰਿੰਦਰ ਦਾ ਕਦੇ ਵੀ ਨਹੀਂ ਹੋ ਸਕੇਗਾ। ਮਜੀਠੀਆ ਨੇ ਆਖਿਆ ਕਿ ਅਸਲ ਵਿਚ ਮਨਪ੍ਰੀਤ ਦਾ ਏਜੰਡਾ ਅਮਰਿੰਦਰ ਦੀ ਕੁਰਸੀ ਨੂੰ ਖੋਹਣਾ ਹੈ। ਇਸੇ ਕਾਰਨ ਉਹ ਪੰਜਾਬ ਦਾ ਸਰਵਨਾਸ਼ ਕਰ ਰਿਹਾ ਹੈ। ਮਨਪ੍ਰੀਤ ਨੇ ਇਕ ਸਾਲ ਵਿਚ ਪੰਜਾਬ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ। ਮਜੀਠੀਆ ਨੇ ਕਿਹਾ ਕਿ ਜਿਹੜਾ ਮਨਪ੍ਰੀਤ ਅੱਜ ਖ਼ਜ਼ਾਨਾ ਖਾਲੀ ਹੋਣ ਦੀ ਦੁਹਾਈ ਦਿੰਦਾ ਹੈ, ਉਹ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਚੋਣ ਮੈਨੀਫੈਸਟੋ ਕਮੇਟੀ ਦਾ ਡਿਪਟੀ ਚੇਅਰਮੈਨ ਸੀ। ਕਾਂਗਰਸ ਦੇ ਸਾਰੇ ਵਾਅਦੇ ਮਨਪ੍ਰੀਤ ਦੇ ਹਸਤਾਖਰਾਂ ਹੇਠ ਹੀ ਰਿਲੀਜ਼ ਹੋਏ ਸਨ। ਅੱਜ ਉਹ ਮਨਪ੍ਰੀਤ ਆਪਣੇ ਕਹੇ ਤੋਂ ਆਪ ਮੁਕਰ ਰਿਹਾ ਹੈ, ਚਾਹੀਦਾ ਇਹ ਹੈ ਕਿ ਉਸਨੂੰ ਤੁਰੰਤ ਕਰਜ਼ਾ ਮੁਆਫੀ ਸਮੇਤ ਸਮੁੱਚੇ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ।
ਬਿਕਰਮ ਮਜੀਠੀਆ ਨੇ ਦੋਸ਼ ਲਾਇਆ ਕਿ ਕਾਂਗਰਸ ਦੇ 360 ਦਿਨਾਂ ਦੇ ਰਾਜ ਵਿਚ 366 ਕਿਸਾਨਾਂ ਨੇ ਪੰਜਾਬ ਵਿਚ ਖੁਦਕੁਸ਼ੀ ਕਰ ਲਈ ਹੈ। ਅਸਲ ਵਿਚ ਕਾਂਗਰਸ ਦੀ ਸਰਕਾਰ ਨੂੰ ਕਿਸਾਨਾਂ ਦੀ ਦੋਸ਼ੀ ਸਰਕਾਰ ਮੰਨਿਆ ਜਾਵੇਗਾ। ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਨੇ ਪੰਜਾਬ ਦਾ ਵਾਲ-ਵਾਲ ਕਰਜ਼ਾਈ ਕਰ ਦਿੱਤਾ ਹੈ, ਫਿਰ ਵੀ ਉਸ ਕੋਲ ਤਨਖਾਹਾਂ ਦੇਣ ਲਈ ਪੈਸੇ ਨਹੀਂ ਹਨ। ਪੰਜਾਬ ਦੇ ਇਤਿਹਾਸ ਵਿਚ ਇਸ ਤੋਂ ਵੱਧ ਨਕੰਮੀ ਸਰਕਾਰ ਕਦੇ ਨਹੀਂ ਆਈ।
ਉਨ੍ਹਾਂ ਆਖਿਆ ਕਿ ਪੰਜਾਬ ਦੇ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਲਾਏ ਜਾ ਰਹੇ ਹਨ ਤੇ ਪ੍ਰਤੀ ਕਿਸਾਨ 8500 ਰੁਪਏ ਸਕਿਓਰਟੀ ਲਈ ਜਾ ਰਹੀ ਹੈ। ਇਸ ਤਰ੍ਹਾਂ ਪੰਜਾਬ ਸਰਕਾਰ 125 ਕਰੋੜ ਰੁਪਏ ਕਿਸਾਨਾਂ ਤੋਂ ਹੀ ਇਕੱਠੇ ਕਰ ਰਹੀ ਹੈ ਪਰ ਅਸੀਂ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਨਹੀਂ ਲੱਗਣ ਦਿਆਂਗੇ।  ਇਸ ਮੌਕੇ ਚਰਨਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਹਰਪਾਲ ਜੁਨੇਜਾ ਸ਼ਹਿਰੀ ਪ੍ਰਧਾਨ, ਨਰਦੇਵ ਸਿੰਘ ਆਕੜੀ ਸਕੱਤਰ ਜਨਰਲ, ਰਣਧੀਰ ਸਿੰਘ ਰੱਖੜਾ ਸਾਬਕਾ ਪ੍ਰਧਾਨ ਅਤੇ ਹੋਰ ਵੀ ਨੇਤਾ ਹਾਜ਼ਰ ਸਨ।