ਦੁਕਾਨਦਾਰਾਂ ਦੇ ਹੱਕ ''ਚ ਧਰਨਾ ਦੇਣ ਵਾਲੇ ਸਾਬਕਾ ਅਕਾਲੀ ਵਿਧਾਇਕ ਸਣੇ 20 ਆਗੂਆਂ ''ਤੇ ਕੇਸ ਦਰਜ

05/06/2021 11:24:42 AM

ਸਮਰਾਲਾ (ਗਰਗ) : ਕੋਰੋਨਾ ਲਾਗ ਦੀ ਬੀਮਾਰੀ ਕਾਰਨ ਬਣੇ ਭਿਆਨਕ ਹਾਲਾਤ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋ ਸੂਬੇ ਵਿੱਚ ਮਿੰਨੀ ਲਾਕਡਾਊਨ ਲਾਇਆ ਗਿਆ ਹੈ। ਇਸ ਦੇ ਵਿਰੋਧ ਵਿੱਚ ਸਮਰਾਲਾ ਵਿਖੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਖੋਲ੍ਹਣ ਦੀ ਮੰਗ ਨੂੰ ਲੈ ਕੇ ਲਾਏ ਗਏ ਧਰਨੇ ਦੌਰਾਨ ਦੁਕਾਨਦਾਰਾਂ ਦੇ ਹੱਕ ਵਿੱਚ ਨਿੱਤਰੇ ਸਥਾਨਕ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖ਼ੀਰਨੀਆਂ ਸਣੇ ਹਲਕੇ ਦੇ 20 ਹੋਰ ਪ੍ਰਮੁੱਖ ਆਗੂਆਂ 'ਤੇ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਆਪ ਪਾਰਟੀ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਦਿਆਲਪੁਰਾ ਅਤੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਢਿੱਲੋਂ ਵੀ ਸ਼ਾਮਲ ਹਨ।

ਸਮਰਾਲਾ ਪੁਲਸ ਵੱਲੋਂ ਉਕਤ ਆਗੂਆਂ 'ਤੇ ਧਾਰਾ-188 ਤੇ ਮਹਾਮਾਰੀ ਐਕਟ 2005 ਤਹਿਤ ਐਫ. ਆਈ. ਆਰ. ਦਰਜ  ਕੀਤੀ ਗਈ ਹੈ। ਸਮਰਾਲਾ ਥਾਣੇ ਵਿੱਚ ਦਰਜ ਕੀਤੇ ਗਏ ਇਸ ਮਾਮਲੇ ਵਿੱਚ ਅਕਾਲੀ ਦਲ ਦੇ ਕੌਂਸਲਰ ਲਾਲਾ ਮੰਗਤ ਰਾਏ ਮਾਲਵਾ, ਸਾਬਕਾ ਕੌਂਸਲਰ ਯੋਗੇਸ਼ ਸ਼ਰਮਾ, ਸਮਾਜ ਸੇਵੀ ਐਡਵੋਕੇਟ ਗਗਨ ਸ਼ਰਮਾ, ਸ਼ਿਵ ਸੈਨਾ ਆਗੂ ਰਮਨ ਵਡੇਰਾ ਸਮੇਤ ਕਈ ਹੋਰ ਆਗੂਆਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਅੱਜ ਜਿਵੇ ਹੀ ਹਲਕੇ ਦੇ ਲੋਕਾਂ ਨੂੰ ਲੋਕ ਮਸਲੇ ਤੇ ਜਨਤਾ ਦਾ ਸਾਥ ਦੇਣ ਵਾਲੇ ਇਨ੍ਹਾਂ ਆਗੂਆਂ 'ਤੇ ਪੁਲਸ ਵੱਲੋਂ ਐਫ. ਆਈ. ਆਰ. ਦਰਜ ਕੀਤੇ ਜਾਣ ਦਾ ਪਤਾ ਲੱਗਿਆ ਤਾਂ ਸ਼ਹਿਰ ਦੇ ਦੁਕਾਨਦਾਰਾਂ ਅਤੇ ਲੋਕਾਂ ਵਿੱਚ ਸਰਕਾਰ ਤੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਗੁੱਸੇ ਦੀ ਲਹਿਰ ਦੌੜ ਗਈ।

ਲੋਕਾਂ ਵੱਲੋਂ ਇਕਜੁੱਟ ਹੋ ਕੇ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਡਟਵਾਂ ਵਿਰੋਧ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਗਿਆ ਕਿ ਪੁਲਸ ਨੂੰ ਕਿਸੇ ਵੀ ਆਗੂ ਦੀ ਗ੍ਰਿਫ਼ਤਾਰੀ ਨਹੀਂ ਕਰਨ ਦਿੱਤੀ ਜਾਵੇਗੀ। ਇੱਥੋਂ ਦੀਆਂ ਵਪਾਰਕ ਅਤੇ ਸਮਾਜ ਸੇਵੀ ਜੱਥੇਬੰਦੀਆਂ ਨੇ ਕਿਹਾ ਕਿ ਜੇਕਰ ਪੁਲਸ ਨੇ ਕੋਈ ਧੱਕਾ ਕਰਨ ਦੀ ਕੋਸ਼ਿਸ ਕੀਤੀ ਤਾਂ ਪ੍ਰਸ਼ਾਸ਼ਨ ਲੋਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਉਧਰ ਸਾਬਕਾ ਵਿਧਾਇਕ ਜਗਜੀਵਨ ਸਿੰਘ ਖ਼ੀਰਨੀਆਂ ਅਤੇ ਪਰਮਜੀਤ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਤਾਨਾਸ਼ਾਹੀ 'ਤੇ ਉੱਤਰ ਆਈ ਹੈ ਅਤੇ ਲੋਕਾਂ ਦੇ ਹੱਕ ਵਿਚ ਖੜ੍ਹਨ ਵਾਲੇ ਆਗੂਆਂ ਤੇ ਇੱਥੋਂ ਦੇ ਸਿਆਸੀ ਆਗੂ ਦੇ ਇਸ਼ਾਰੇ 'ਤੇ ਹੋਏ ਇਸ ਪਰਚੇ ਤੋਂ ਉਹ ਡਰਨ ਵਾਲੇ ਨਹੀਂ।

ਖ਼ੀਰਨੀਆਂ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਲਈ ਲੜਦੇ ਰਹਿਣਗੇ, ਪੁਲਸ ਨੇ ਜਿੰਨੇ ਪਰਚੇ ਕਰਨੇ ਹਨ, ਕਰ ਲਵੇ। ਉਨ੍ਹਾਂ ਕਿਹਾ ਕਿ ਹਿੰਮਤ ਹੈ ਤਾਂ ਪੁਲਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇ, ਉਹ ਸਰਕਾਰੀ ਜ਼ਬਰ ਅੱਗੇ ਕਿਸੇ ਕੀਮਤ 'ਤੇ ਝੁਕਣਗੇ ਨਹੀਂ। ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਬਜਾਏ ਉਲਟਾ ਪੁਲਸ ਵੱਲੋਂ ਮਾਮਲਾ ਦਰਜ ਕੀਤੇ ਜਾਣ ਦੀ ਕਾਰਵਾਈ ਮਗਰੋਂ ਦੁਕਨਦਾਰ ਜੱਥੇਬੰਦੀਆਂ ਦੇ ਵੀ ਤੇਵਰ ਹੋਰ ਤਿੱਖੇ ਹੋ ਗਏ ਹਨ ਅਤੇ ਪੁਲਸ ਨੂੰ ਹੁਣ ਦੁਕਾਨਦਾਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
 

Babita

This news is Content Editor Babita