ਜੰਗਲਾਤ ਮੁਲਾਜ਼ਮਾਂ ਨੂੰ 9 ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ

08/19/2018 1:40:58 AM

ਹੁਸ਼ਿਆਰਪੁਰ,   (ਘੁੰਮਣ)-  ਜੰਗਲਾਤ ਵਰਕਰਜ਼ ਯੂਨੀਅਨ ਜ਼ਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਗੁਰਦਿਆਲ ਸਿੰਘ ਅਤੇ ਵਣ ਮੰਡਲ ਹੁਸ਼ਿਆਰਪੁਰ ਦੇ ਪ੍ਰਧਾਨ ਪਵਨ ਕੁਮਾਰ ਨੇ ਕਿਹਾ ਕਿ ਜੰਗਲਾਤ ਮੁਲਾਜ਼ਮਾਂ ਨੂੰ ਪਿਛਲੇ 9 ਮਹੀਨਿਆਂ  ਤੋਂ ਤਨਖਾਹ ਨਹੀਂ ਮਿਲੀ, ੲਿਸ ਲਈ ਵਣ ਮੰਡਲ ਅਫਸਰ  ਵਿਰੁੱਧ ਸੰਘਰਸ਼ ਕੀਤਾ ਜਾਵੇਗਾ। 
ਆਗੂਆਂ ਨੇ ਕਿਹਾ ਕਿ ਬਡ਼ੇ ਦੁੱਖ ਦੀ ਗੱਲ ਹੈ ਕਿ ਅਜੇ ਤੱਕ  ਜੰਗਲਾਤ ਮੁਲਾਜ਼ਮਾਂ ਨੂੰ ਤਨਖਾਹਾਂ ਦਾ ਭੁਗਤਾਨ ਨਹੀਂ ਕੀਤਾ ਗਿਆ।  ਪਿਛਲੇ 9 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰ ਕੇ ਉਨ੍ਹਾਂ ਲਈ ਘਰਾਂ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਲ ਹੋ ਗਿਆ ਹੈ ਅਤੇ ਇਹ ਪਰਿਵਾਰ ਆਰਥਕ ਤੰਗੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ   ਪਰ ਉਕਤ ਅਧਿਕਾਰੀ ਨੂੰ ਮੁਲਾਜ਼ਮਾਂ ਦੀ ਤੰਗੀ ਦਾ ਕੋਈ ਅਹਿਸਾਸ ਨਹੀਂ ਹੈ। 
ਉਨ੍ਹਾਂ ਕਿਹਾ ਕਿ  ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਮੁਲਾਜ਼ਮਾਂ ਦੇ ਰੋਸ ਨੂੰ ਮੁੱਖ ਰੱਖਦਿਆਂ  20 ਅਗਸਤ ਤੋਂ ਸਮੂਹ ਰੇਂਜਾਂ ਦਾ ਕੰਮ ਬੰਦ ਕਰ ਕੇ ਆਪਣੇ-ਆਪਣੇ ਦਫਤਰਾਂ ਅੱਗੇ ਸਮੂਹ ਮੁਲਾਜ਼ਮ  ਹਡ਼ਤਾਲ ਕਰ ਕੇ ਰੈਲੀਆਂ ਕਰਨਗੇ ਅਤੇ ਇਹ ਸੰਘਰਸ਼ ਤਨਖਾਹਾਂ ਮਿਲਣ ਤੱਕ ਜਾਰੀ ਰਹੇਗਾ। ਇਸ ਸੰਘਰਸ਼ ਵਿਚੋਂ ਨਿਕਲਣ ਵਾਲੇ ਮਾਡ਼ੇ ਸਿੱਟਿਆਂ ਦੀ ਸਾਰੀ ਜ਼ਿੰਮੇਵਾਰੀ ਵਣ ਮੰਡਲ ਅਫਸਰ ਦੀ ਹੋਵੇਗੀ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਜੈ ਪਾਲ, ਰਵੀ ਕੁਮਾਰ, ਅਮਰਜੀਤ ਸਿੰਘ, ਗੁਰਬਚਨ ਸਿੰਘ, ਮਨੋਜ ਕੁਮਾਰ, ਬਲਵੀਰ ਚੰਦ, ਕਰਮੀ ਦੇਵੀ, ਕਸ਼ਮੀਰ ਕੌਰ ਆਦਿ ਆਗੂ ਵੀ ਹਾਜ਼ਰ ਸਨ।