ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰਨ ''ਤੇ ਤੁਲੇ ਵਿਦੇਸ਼ੀ ਡਰੱਗ ਪੈਡਲਰਸ

01/09/2019 12:12:01 PM

ਜਲੰਧਰ (ਕਮਲੇਸ਼)— ਪੰਜਾਬ 'ਚ ਹੈਰੋਇਨ ਦੀ ਸਪਲਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਅਤੇ ਪੰਜਾਬ 'ਚ ਖੇਪ ਦੀ ਸਪਲਾਈ ਕਰਨ ਲਿਆਉਣ ਵਾਲਿਆਂ 'ਚ 80 ਫੀਸਦੀ ਵਿਦੇਸ਼ੀ ਹਨ। ਕੁਝ ਪੈਸਿਆਂ ਦੇ ਲਾਲਚ 'ਚ ਵਿਦੇਸ਼ੀ ਡਰੱਗ ਪੈਡਲਰਜ਼ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰਨ 'ਤੇ ਤੁਲੇ ਹਨ। ਪੰਜਾਬ ਪੁਲਸ ਨੇ ਸਾਲ 2018 'ਚ 46 ਵਿਦੇਸ਼ੀ ਡਰੱਗ ਪੈਡਲਰਜ਼ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਲਗਭਗ 25 ਕਿਲੋ ਹੈਰੋਇਨ ਅਤੇ 8 ਕਿਲੋ ਅਫੀਮ ਬਰਾਮਦ ਕੀਤੀ ਸੀ ਗਈ ਸੀ। ਵਿਦੇਸ਼ੀ ਡਰੱਗ ਪੈਡਲਰਾਂ 'ਚੋਂ ਜਿਆਦਾਤਰ ਅਫਰੀਕਾ ਅਤੇ ਨਾਈਜੀਰੀਆ ਦੇ ਰਹਿਣ ਵਾਲੇ ਹਨ।
ਵਿਦੇਸ਼ੀ ਡਰੱਗ ਪੈਡਲਰਜ਼ 'ਚੋਂ ਜਿਆਦਾਤਰ ਸਟੂਡੈਂਟ ਵੀਜ਼ਾ 'ਤੇ ਭਾਰਤ ਆਉਂਦੇ ਹਨ ਅਤੇ ਇਸ ਤੋਂ ਇਲਾਵਾ ਭਾਰਤ 'ਚ ਡਰੱਗ ਟ੍ਰੇਡ 'ਚ ਆਸਾਨੀ ਨਾਲ ਪੈਸਾ ਕਮਾਉਣ ਲਈ ਕਈ ਲੋਕ ਵਿਜ਼ੀਟਰ ਵੀਜ਼ਾ ਲੈ ਕੇ ਵੀ ਭਾਰਤ ਆ ਰਹੇ ਹਨ। ਇਥੇ ਲੋਕਲ ਸਮੱਗਲਰਾਂ ਨਾਲ ਮਿਲ ਕੇ ਵਿਦੇਸ਼ੀ ਡਰੱਗ ਪੈਡਲਰ ਪੰਜਾਬ 'ਚ ਹੈਰੋਇਨ ਸਪਲਾਈ ਕਰ ਰਹੇ ਹਨ। ਵਿਦੇਸ਼ੀ ਡਰੱਗ ਪੈਡਲਰਾਂ ਨੂੰ ਪੰਜਾਬ 'ਚ ਇਕ ਸਪਲਾਈ ਦੇ ਬਦਲੇ 15-20 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਡਰੱਗ ਪੈਡਲਰ ਹਰ ਵਾਰ ਸਮੱਗਲਿੰਗ ਦਾ ਨਵਾਂ ਤਰੀਕਾ ਲੱਭਦੇ ਹਨ, ਜਿਨ੍ਹਾਂ 'ਚ ਮਰੀ ਹੋਈ ਮੱਛੀ, ਹੀਲਸ 'ਚ ਹੈਰੋਇਨ ਲੁਕਾਉਣ, ਟੈਡੀ ਬੀਅਰ ਅਤੇ ਜੂਸ ਦੇ ਡੱਬਿਆਂ 'ਚ ਹੈਰੋਇਨ ਨੂੰ ਲੁਕੋ ਕੇ ਲਿਆਉਣਾ ਆਦਿ ਸ਼ਾਮਲ ਹਨ। ਪੁਲਸ ਦੀਆਂ ਨਜ਼ਰਾਂ 'ਚ ਘੱਟਾ ਪਾਉਣ ਲਈ ਅਜਿਹੇ ਤਰੀਕੇ ਇਜ਼ਾਦ ਕੀਤੇ ਜਾਂਦੇ ਹਨ।

ਡਰੱਗ ਪੈਡਲਰਜ਼ 'ਚ ਵਿਦੇਸ਼ੀ ਔਰਤਾਂ ਵੀ ਸ਼ਾਮਲ
ਪੰਜਾਬ 'ਚ ਹੈਰੋਇਨ ਸਪਲਾਈ ਦੇ ਨੈੱਟਵਰਕ 'ਚ ਵਿਦੇਸ਼ੀ ਔਰਤਾਂ ਵੀ ਸ਼ਾਮਲ ਹਨ। ਕਈ ਵਿਦੇਸ਼ੀ ਡਰੱਗ ਪੈਡਲਰਜ਼ ਔਰਤਾਂ ਨੂੰ ਪੰਜਾਬ 'ਚ ਕਾਬੂ ਕੀਤਾ ਹੈ। ਅਜਿਹੇ ਕੇਸਾਂ ਵਿਚ ਕਾਬੂ ਔਰਤਾਂ ਆਉਂਦੀਆਂ ਤਾਂ ਭਾਰਤ 'ਚ ਪੜ੍ਹਣ ਲਈ ਹਨ ਪਰ ਭਾਰਤ ਆ ਕੇ ਡਰੱਗ ਨੈੱਟਵਰਕ ਦਾ ਹਿੱਸਾ ਬਣ ਜਾਂਦੀਆਂ ਹਨ।

ਅਫਗਾਨ ਦੇ ਡਰੱਗ ਪੈਡਲਰਜ਼ ਦੇ ਨਾਲ ਕਾਂਟੈਕਟ ਦਾ ਵੀ ਹੋਇਆ ਖੁਲਾਸਾ
ਐੈੱਸ. ਐੱਸ. ਪੀ. ਰੋਪੜ ਸਵਪਨ ਸ਼ਰਮਾ ਨੇ ਦੱਸਿਆ ਕਿ ਅਫਰੀਕਰ ਤੇ ਨਾਈਜੀਰੀਅਨ ਡਰੱਗ ਪੈਡਲਰਾਂ ਦਾ ਅਫਗਾਨੀ ਡਰੱਗ ਪੈਡਲਰਜ਼ ਨਾਲ ਵੀ ਸੰਬੰਧ ਹੈ ਤੇ ਅਫਗਾਨੀ ਡਰੱਗ ਪੈਡਲਰਜ਼ ਦਿੱਲੀ ਵਿਚ ਅਫਰੀਕਨ ਨੌਜਵਾਨਾਂ ਤੇ ਲੜਕੀਆਂ ਨੂੰ ਕਾਂਟੈਕਟ ਕਰ ਹੈਰੋਇਨ ਸਪਲਾਈ ਦੇ ਧੰਦੇ ਨਾਲ ਜੋੜ ਲੈਂਦੇ ਹਨ ਅਤੇ ਹਰੇਕ ਡਿਲੀਵਰੀ ਦੇ ਹਿਸਾਬ ਨਾਲ ਉਨ੍ਹਾਂ ਦਾ ਹਿੱਸਾ ਦਿੰਦੇ ਹਨ। ਇਹ ਖੁਲਾਸਾ ਇਕ ਵਿਦੇਸ਼ੀ ਡਰੱਗ ਪੈਡਲਰ ਦੀ ਗ੍ਰਿਫਤਾਰੀ ਤੋਂ ਬਾਅਦ ਹੋਇਆ ਸੀ, ਮੁਲਜ਼ਮ ਕੋਲੋਂ ਰੋਪੜ ਪੁਲਸ ਨੇ 3.5 ਕਿਲੋ ਹੈਰੋਇਨ ਬਰਾਮਦ ਕੀਤੀ ਸੀ।

ਨਾਭਾ ਜੇਲ ਤੋਂ ਹੀ ਚੱਲਦਾ ਹੈ ਹੈਰੋਇਨ ਸਮੱਗਲਿੰਗ ਦਾ ਨੈੱਟਵਰਕ
ਪੰਜਾਬ ਦੀ ਨਾਭਾ ਜੇਲ ਤੋਂ ਹੀ ਵਿਦੇਸ਼ੀ ਡਰੱਗ ਪੈਡਲਰਜ਼ ਹੈਰੋਇਨ ਸਪਲਾਈ ਨੈੱਟਵਰਕ ਨੂੰ ਚਲਾ ਰਹੇ ਹਨ। ਜੇਲ ਜਾਣ ਤੋਂ ਬਾਅਦ ਵਿਦੇਸ਼ੀ ਡਰੱਗ ਪੈਡਲਰਜ ਪਹਿਲਾਂ ਤੋਂ ਹੀ ਜੇਲ 'ਚ ਬੰਦ ਨਸ਼ਾ ਸਮੱਗਲਰਾਂ ਨਾਲ ਜਾਣ-ਪਛਾਣ ਕਰ ਲੈਂਦੇ ਹਨ। ਉਸ ਤੋਂ ਬਾਅਦ ਉਨ੍ਹਾਂ 'ਚ ਡੀਲ ਤੈਅ ਹੁੰਦੀ ਹੈ ਕਿ ਡਿਲੀਵਰੀ ਕਿਥੇ ਕਰਵਾਉਣੀ ਹੈ ਅਤੇ ਫੋਨ ਰਾਹੀਂ ਦਿੱਲੀ 'ਚ ਬੈਠੇ ਡਰੱਗ ਸਮੱਗਲਰਾਂ ਨੂੰ ਗਾਈਡ ਕੀਤਾ ਜਾਂਦਾ ਹੈ ਕਿ ਹੈਰੋਇਨ ਦੀ ਕਿਥੋ ਪਿਕ ਕਰਨੀ ਹੈ ਅਤੇ ਕਿਥੇ ਡਿਲੀਵਰੀ ਦੇਣੀ ਹੈ। ਇਸ ਗੱਲ ਦਾ ਖੁਲਾਸਾ ਏ. ਆਈ. ਜੀ. ਹਰਪ੍ਰੀਤ ਸਿੰਘ ਖੱਖ ਵੀ ਕਰ ਚੁੱਕੇ ਹਨ। ਉਨ੍ਹਾਂ ਖੁਲਾਸਾ ਕੀਤਾ ਸੀ ਕਿ ਮਾਈਕਲ ਨਾਂ ਦਾ ਡਰੱਗ ਸਮੱਗਲਰ ਨਾਭਾ ਜੇਲ ਤੋਂ ਹੈਰੋਇਨ ਦਾ ਨੈੱਟਵਰਕ ਚਲਾ ਰਿਹਾ ਸੀ।

ਇਸ ਗੱਲ ਦਾ ਪਤਾ ਉਸ ਸਮੇਂ ਲੱਗਾ ਸੀ ਜਦੋਂ ਇਕ ਯੁਗਾਂਡਾ ਦੀ ਲੜਕੀ ਨੂੰ ਪੁਲਸ ਨੇ ਹੈਰੋਇਣ ਸਣੇ ਗ੍ਰਿਫਤਾਰ ਕੀਤਾ ਸੀ। ਪੁਲਸ ਇਨਵੈਸਟੀਗੇਸ਼ਨ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਜੇਲ ਤੋਂ ਮਾਈਕਲ ਉਸ ਨੂੰ ਗਾਈਡ ਕਰਦਾ ਸੀ ਅਤੇ ਫੋਨ 'ਤੇ ਉਸ ਨੂੰ ਹੈਰੋਇਨ ਪਿਕ ਕਰਨ ਅਤੇ ਡਿਲੀਵਰ ਕਰਨ ਦੀ ਥਾਂ ਦੱਸਦਾ ਸੀ। ਮਾਈਕਲ ਜੇਲ 'ਚ ਬੈਠਿਆਂ ਹੀ ਦੌਲੇਵਾਲਾ 'ਚ ਯੁਗਾਂਡੀ ਦੀ ਲੜਕੀ ਦੇ ਜਰੀਏ ਹੈਰੋਇਨ ਸਪਲਾਈ ਦੇ ਧੰਦੇ ਨੂੰ ਅੰਜਾਮ ਦੇ ਰਿਹਾ ਸੀ।

ਦੇਸ਼ ਦੀ ਰਾਜਧਾਨੀ ਬਣੀ ਵਿਦੇਸ਼ੀ ਡਰੱਗ ਪੈਡਲਰਾਂ ਦਾ ਅੱਡਾ
ਦੇਸ਼ ਦੀ ਰਾਜਧਾਨੀ ਦਿੱਲੀ ਇਸ ਸਮੇਂ ਵਿਦੇਸ਼ੀ ਡਰੱਗ ਪੈਡਲਰਾਂ ਦਾ ਅੱਡਾ ਬਣੀ ਹੋਈ ਹੈ। ਡਰੱਗ ਪੈਡਲਰ ਦਿੱਲੀ ਦੀਆਂ ਵੱਖ-ਵੱਖ ਥਾਵਾਂ 'ਚ ਕਿਰਾਏ ਦੇ ਫਲੈਟਾਂ ਵਿਚ ਰਹਿ ਰਹੇ ਹਨ। ਦਿੱਲੀ ਸਰਕਾਰ ਤੇ ਪੁਲਸ ਦੋਵੇਂ ਡਰੱਗ ਪੈਡਲਰਾਂ 'ਤੇ ਸ਼ਿਕੰਜਾ ਕੱਸਣ ਵਿਚ ਨਾਕਾਮਯਾਬ ਰਹੇ ਹਨ। ਜਦੋਂਕਿ ਪੰਜਾਬ ਪੁਲਸ ਕਈ ਵਾਰ ਰਿਟਨ ਵਿਚ ਦਿੱਲੀ ਪੁਲਸ ਨੂੰ ਇਹ ਲਿਖ ਚੁੱਕੀ ਹੈ ਕਿ ਦਿੱਲੀ ਨੂੰ ਅੱਡਾ ਬਣਾ ਕੇ ਡਰੱਗ ਪੈਡਲਰ ਪੰਜਾਬ ਵਿਚ ਹੈਰੋਇਨ ਸਪਲਾਈ ਦਾ ਮੁੱਖ ਜਰੀਆ ਬਣੇ ਹੋਏ ਹਨ।

shivani attri

This news is Content Editor shivani attri