ਸਿੱਖ ਸੰਗਤਾਂ ਲਈ ਵੱਡੀ ਖੁਸ਼ਖਬਰੀ, 1 ਫਰਵਰੀ ਨੂੰ ਚੱਲੇਗੀ ਇਹ ਵਿਸ਼ੇਸ਼ ਰੇਲ

01/13/2019 2:32:06 PM

ਅੰਮ੍ਰਿਤਸਰ— ਕੇਂਦਰ ਸਰਕਾਰ ਨੇ ਸਿੱਖ ਸੰਗਤਾਂ ਨੂੰ ਤੋਹਫਾ ਦਿੰਦੇ ਹੋਏ ਇਕ ਵਿਸ਼ੇਸ਼ ਰੇਲ ਗੱਡੀ ਸ਼ੁਰੂ ਕੀਤੀ ਹੈ। ਸਿੱਖ ਪੰਥ ਦੇ ਪੰਜ ਤਖਤਾਂ ਦੇ ਦਰਸ਼ਨ ਕਰਵਾਉਣ ਲਈ ਇਹ ਵਿਸ਼ੇਸ਼ ਰੇਲ ਗੱਡੀ 1 ਫਰਵਰੀ ਨੂੰ ਦਿੱਲੀ ਤੋਂ ਰਵਾਨਾ ਹੋਵੇਗੀ।ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ 'ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਿਟਡ (ਆਈ. ਆਰ. ਸੀ. ਟੀ. ਸੀ.)' ਵੱਲੋਂ ਇਹ ਵਿਸ਼ੇਸ਼ ਰੇਲ ਗੱਡੀ ਚਲਾਈ ਜਾ ਰਹੀ ਹੈ, ਜਿਸ ਦਾ ਨਾਂ ਪੰਜ ਤਖਤ ਐਕਸਪ੍ਰੈੱਸ ਰੱਖਿਆ ਗਿਆ ਹੈ
ਇਹ ਗੱਡੀ 10 ਦਿਨ ਅਤੇ 9 ਰਾਤਾਂ ਵਿਚ ਭਾਰਤ ਦੇ ਪੰਜੇ ਸਿੱਖ ਤਖਤ ਜਿਨ੍ਹਾਂ ਵਿਚ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ), ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ), ਸ੍ਰੀ ਅਕਾਲ ਤਖਤ ਸਾਹਿਬ (ਅੰਮ੍ਰਿਤਸਰ), ਤਖਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਦੇ ਦਰਸ਼ਨ ਕਰਵਾਏਗੀ।
 

ਇਕ ਵਾਰ 'ਚ ਜਾ ਸਕਦੇ ਹਨ 800 ਯਾਤਰੀ-
800 ਸੀਟਾਂ ਵਾਲੀ ਇਹ ਏ. ਸੀ. ਰੇਲ ਗੱਡੀ 1 ਫਰਵਰੀ ਨੂੰ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਕੇ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਜਾਵੇਗੀ, ਫਿਰ ਨਾਂਦੇੜ ਤੋਂ ਪਟਨਾ ਸਾਹਿਬ, ਫਿਰ ਅਨੰਦਪੁਰ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ, ਫਿਰ ਤਖਤ ਸ੍ਰੀ ਦਮਦਮਾ ਸਾਹਿਬ ਬਠਿੰਡਾ ਤੋਂ ਦਿੱਲੀ ਤੱਕ ਦਾ ਸਫਰ ਕਰੇਗੀ।ਇਸ ਸਫਰ ਦੌਰਾਨ ਸੰਗਤ ਦਾ ਪੂਰਾ ਪੂਰਾ ਖਿਆਲ ਕਾਰਪੋਰੇਸ਼ਨ ਵੱਲੋਂ ਰੱਖਿਆ ਜਾਵੇਗਾ।ਸੰਗਤ ਨੂੰ ਸ਼ਾਕਾਹਾਰੀ ਭੋਜਨ ਦਿੱਤਾ ਜਾਵੇਗਾ ਅਤੇ ਰਾਤ ਸਮੇਂ ਰਿਹਾਇਸ਼ ਦਾ ਪ੍ਰਬੰਧ ਵੀ ਕਾਰਪੋਰੇਸ਼ਨ ਵੱਲੋਂ ਕੀਤਾ ਜਾਵੇਗਾ।ਇਸ ਯਾਤਰਾ ਦਾ ਪੈਕੇਜ 15750/- ਰੁਪਏ ਹੈ।ਪੈਕੇਜ 'ਚ ਆਉਣ-ਜਾਣ ਦਾ ਕਿਰਾਇਆ, ਯਾਤਰਾ ਦੌਰਾਨ ਠਹਿਰਣ, ਖਾਣ-ਪੀਣ ਸਮੇਤ ਸਾਰੇ ਖਰਚ ਸ਼ਾਮਲ ਹਨ। ਯਾਤਰੀ ਇਸ ਲਈ ਆਈ. ਆਰ. ਸੀ. ਟੀ. ਸੀ. ਟੂਰਿਜ਼ਮ ਦੀ ਵੈੱਬਸਾਈਟ 'ਤੇ ਬੁਕਿੰਗ ਕਰ ਸਕਦੇ ਹਨ।