20 ਸਾਲਾਂ ਤੋਂ ਨਿਲਾਮੀ ਲਈ ਤਰਸ ਰਹੀਆਂ ਨੇ ਪਰਾਧੀਆਂ ਤੋਂ ਬਰਾਮਦ ਗੱਡੀਆਂ

05/05/2018 5:13:14 AM

ਕਪੂਰਥਲਾ (ਭੂਸ਼ਣ)- ਬੀਤੇ ਡੇਢ ਸਾਲ ਤੋਂ ਸੂਬੇ ਭਰ 'ਚ ਚਲਾਈ ਜਾ ਰਹੀ ਡਰੱਗ ਵਿਰੋਧੀ ਮੁਹਿੰਮ ਦੌਰਾਨ ਸਮੱਗਲਰਾਂ ਤੋਂ ਫੜੀਆਂ ਗਈਆਂ ਲਗਜ਼ਰੀ ਗੱਡੀਆਂ ਦਾ ਜਿਥੇ ਜ਼ਿਲੇ ਭਰ ਦੇ ਸਾਰੇ 16 ਥਾਣਿਆਂ 'ਚ ਅੰਬਾਰ ਲੱਗ ਗਿਆ ਹੈ ਉਥੇ ਹੀ ਬੀਤੇ 2 ਦਹਾਕਿਆਂ ਤੋਂ ਕਪੂਰਥਲਾ ਪੁਲਸ ਵੱਲੋਂ ਵੱਖ-ਵੱਖ ਅਪਰਾਧੀ ਗੈਂਗਾਂ ਤੋਂ ਬਰਾਮਦ ਕੀਤੀਆਂ ਗਈਆਂ ਗੱਡੀਆਂ ਦੀ ਨਿਲਾਮੀ ਨਾ ਹੋਣ ਕਾਰਨ ਬਰਾਮਦ ਕੀਤੀਆਂ ਗਈਆਂ ਜ਼ਿਆਦਾਤਰ ਗੱਡੀਆਂ ਕਬਾੜ ਬਣ ਗਈਆਂ ਹਨ, ਜਿਸ ਕਾਰਨ ਥਾਣਿਆਂ 'ਚ ਜਗ੍ਹਾ ਦੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ । 
ਨਸ਼ਾ ਸਮੱਗਲਰਾਂ ਤੋਂ ਫੜੀਆਂ ਗਈਆਂ ਵੱਡੀ ਗਿਣਤੀ 'ਚ ਲਗਜ਼ਰੀ ਗੱਡੀਆਂ : ਬੀਤੇ ਡੇਢ ਸਾਲ ਦੌਰਾਨ ਪੰਜਾਬ ਪੁਲਸ ਵੱਲੋਂ ਸੂਬੇ ਭਰ 'ਚ ਡਰੱਗ ਸਮੱਗਲਰਾਂ ਖਿਲਾਫ ਛੇੜੀ ਗਈ ਵੱਡੀ ਮੁਹਿੰਮ ਦੌਰਾਨ ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਜਿਥੇ ਡਰੱਗ ਦੀ ਕਾਲੀ ਕਮਾਈ ਨਾਲ ਬਣਾਈਆਂ ਗਈਆਂ ਕਰੋੜਾਂ ਰੁਪਏ ਮੁੱਲ ਦੀਆਂ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ, ਉਥੇ ਹੀ ਵੱਡੀ ਗਿਣਤੀ 'ਚ ਸਮੱਗਲਰਾਂ ਨੂੰ ਵਾਹਨਾਂ ਨਾਲ ਕਾਬੂ ਕਰ ਕੇ ਸਲਾਖਾਂ ਪਿੱਛੇ ਭੇਜਿਆ ਗਿਆ ਹੈ ਪਰ ਹੁਣ ਸਮੱਗਲਰਾਂ ਤੋਂ ਬਰਾਮਦ ਇਨ੍ਹਾਂ ਵਾਹਨਾਂ ਕਾਰਨ ਹੀ ਜ਼ਿਲੇ ਭਰ ਦੇ ਥਾਣਿਆਂ 'ਚ ਗੱਡੀਆਂ ਦਾ ਅੰਬਾਰ ਲੱਗ ਗਿਆ ਹੈ । ਗੌਰ ਹੋਵੇ ਕਿ ਪੁਲਸ ਵੱਲੋਂ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਗੱਡੀਆਂ ਦੀ ਨਿਲਾਮੀ ਕਰਵਾਈ ਜਾਂਦੀ ਹੈ ।