ਜਲੰਧਰ ਦਾ ਇਹ ਪਿੰਡ ਅਜੇ ਵੀ ਹੜ੍ਹ ਦੇ ਪਾਣੀ ''ਚ ਡੁੱਬਿਆ, ਹਾਲਾਤ ਹੋਏ ਮਾੜੇ (ਵੀਡੀਓ)

09/09/2019 6:53:14 PM

ਜਲੰਧਰ— ਬੀਤੇ ਦਿਨੀਂ ਪੰਜਾਬ 'ਚ ਆਏ ਹੜ੍ਹਾਂ ਨੇ ਜਿੱਥੇ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੱਤਾ, ਉਥੇ ਹੀ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਕਈ ਪਿੰਡ ਅਜਿਹੇ ਹਨ, ਜੋ ਅਜੇ ਵੀ ਹੜ੍ਹ ਦੇ ਪਾਣੀ 'ਚ ਡੁੱਬੇ ਹੋਏ ਹਨ। ਜਲੰਧਰ ਵਿਖੇ ਲੋਹੀਆਂ ਖਾਸ ਦੇ ਪਿੰਡ ਮੁੰਡੀ ਸ਼ਹਿਰੀਆਂ 'ਚ 19 ਦਿਨ ਬੀਤਣ ਦੇ ਬਾਵਜੂਦ ਵੀ ਹੜ੍ਹ ਦਾ ਪਾਣੀ ਖੜ੍ਹਾ ਹੈ। ਇਥੇ ਤਕਰੀਬਨ 4 ਫੁੱਟ ਤੱਕ ਪਾਣੀ ਖੜ੍ਹਾ ਹੋਣ ਕਰਕੇ ਪਾਣੀ ਖੜ੍ਹਾ ਹੋਣ ਕਰਕੇ ਖੇਤ ਅਤੇ ਘਰ ਪਾਣੀ 'ਚ ਡੁੱਬੇ ਹੋਏ ਹਨ। ਲੋਹੀਆਂ ਵਿਖੇ ਪਿਛਲੇ ਕਈ ਦਿਨਾਂ ਤੋਂ ਇਥੇ ਖਾਲਸਾ ਏਡ ਦੀ ਟੀਮ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ।

ਖਾਲਸਾ ਏਡ ਦੀ ਟੀਮ ਦੇ ਇਕ ਮੈਂਬਰ ਨੇ ਪਿੰਡ ਦੇ ਹਾਲਾਤ ਬਾਰੇ ਗੱਲ ਕਰਦੇ ਹੋਏ ਕਿਹਾ ਕਿ 19 ਦਿਨ ਬੀਤਣ ਦੇ ਬਾਵਜੂਦ ਵੀ ਇਥੇ 4 ਫੁੱਟ ਤੋਂ ਵੱਧ ਪਾਣੀ ਖੜ੍ਹਾ ਹੈ। ਇਸ ਪਿੰਡ ਦੇ ਹਾਲਾਤ ਅਜੇ ਵੀ ਬੇਹੱਦ ਮਾੜੇ ਬਣੇ ਹੋਏ ਹਨ। ਜੋ ਵੀਰ ਇਥੇ ਲੰਗਰ ਦੀਆਂ ਟਰਾਲੀਆਂ ਲੈ ਕੇ ਆ ਰਹੇ ਹਨ, ਉਹ ਵੀ ਬੇਹੱਦ ਮੁਸ਼ਕਿਲ ਦੇ ਨਾਲ ਇਥੇ ਪਹੁੰਚ ਰਹੇ ਹਨ।


ਉਨ੍ਹਾਂ ਦੱਸਿਆ ਕਿ ਖਾਲਸਾ ਏਡ ਦੀ ਟੀਮ 6 ਟੀਮਾਂ 'ਚ ਵੰਡ ਕੇ ਲੋਹੀਆਂ ਦੇ ਪਿੰਡਾਂ 'ਚ ਹੜ੍ਹਾਂ ਨਾਲ ਹੋਏ ਘਰਾਂ, ਪਸ਼ੂਆਂ, ਫਸਲਾਂ ਦੇ ਨੁਕਸਾਨਾਂ ਦਾ ਜਾਇਜ਼ਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖਾਲਸਾ ਏਡ ਵੱਲੋਂ ਜਿੰਨੀ ਵੀ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਹੋਵਗੀ, ਉਹ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੜ੍ਹ ਪੀੜਤ ਇਕ 10 ਸਾਲਾ ਬੱਚੇ ਦੀ ਦਾਸਤਾਨ ਸੁਣ ਕੇ ਉਨ੍ਹਾਂ ਨੂੰ ਬੇਹੱਦ ਦੁੱਖ ਪਹੁੰਚਿਆ। ਬੱਚੇ ਦੇ ਘਰ ਦੇ ਹਾਲਾਤ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਬੰਨ੍ਹ ਦੇ ਨੇੜੇ ਉਕਤ ਪਰਿਵਾਰ ਦੀ 6 ਕਿਲੇ ਜ਼ਮੀਨ ਸੀ, ਜੋ ਕਿ ਹੜ੍ਹ ਦੇ ਪਾਣੀ 'ਚ ਹੀ ਵਹਿ ਗਈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹੜ੍ਹਾਂ ਦੇ ਘਿਰੇ ਲੋਕਾਂ ਲਈ ਵੱਡਾ ਹੰਭਲਾ ਮਾਰਨ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਵੀ ਧੰਨਵਾਦ ਕੀਤਾ।

shivani attri

This news is Content Editor shivani attri