ਨੁਕਸਾਨ ਦਾ ਅਨੁਮਾਨ : ਹੜ੍ਹ ਨਾਲ ਪ੍ਰਭਾਵਿਤ ਹੋਏ 82 ਪਿੰਡ, ਪਿੱਛੇ ਰਹਿ ਗਏ ਤਬਾਹੀ ਦੇ ਨਿਸ਼ਾਨ

09/04/2019 12:22:47 PM

ਜਲੰਧਰ (ਪੁਨੀਤ)— ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਾਣੀ ਘੱਟ ਹੋਣ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀ ਰਾਹਤ ਮਿਲਣ ਲੱਗੀ ਹੈ। ਪ੍ਰਸ਼ਾਸਨ ਵੱਲੋਂ ਕਰਵਾਈ ਜਾ ਰਹੀ ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਹੜ੍ਹ ਨਾਲ 82 ਪਿੰਡ ਪ੍ਰਭਾਵਿਤ ਹੋਏ ਹਨ। ਇਨ੍ਹਾਂ 'ਚ ਸ਼ਾਹਕੋਟ ਸਬ-ਡਿਵੀਜ਼ਨ ਦੇ 52 ਜਦੋਂਕਿ ਫਿਲੌਰ ਸਬ-ਡਿਵੀਜ਼ਨ ਦੇ 30 ਪਿੰਡ ਸ਼ਾਮਲ ਹਨ। ਪ੍ਰਭਾਵਿਤ ਪਿੰਡਾਂ 'ਚ ਨੁਕਸਾਨ ਦਾ ਅਨੁਮਾਨ ਲਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਲਈ ਮਾਲੀਆ ਵਿਭਾਗ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ।

ਬੀਤੇ ਦਿਨ ਸ਼ਾਹਕੋਟ ਇਲਾਕੇ ਦੇ 3 ਪਿੰਡਾਂ ਦੀ ਪਾਣੀ ਦੀ ਸਪਲਾਈ ਬਹਾਲ ਕੀਤੀ ਗਈ। ਇਨ੍ਹਾਂ ਪਿੰਡਾਂ 'ਚ ਮਾਨਕ, ਨੱਲ, ਕੰਗ ਕਲਾਂ ਪਿੰਡ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਪ੍ਰਭਾਵਿਤ ਮਹਿਰਾਜਵਾਲਾ, ਕੰਗ ਖੁਰਦ, ਮੰਡੀ ਚੌਹਲੀਆਂ, ਨਸੀਰਪੁਰ, ਮੰਡਾਲਾ, ਯੂਸਫਪੁਰ, ਦਾਰੇਵਾਲ ਤੇ ਗਿੱਦੜਪਿੰਡੀ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਸ਼ੁਰੁ ਕਰਨ ਲਈ ਟੀਮਾਂ ਕੰਮ ਕਰ ਰਹੀਆਂ ਹਨ। ਜਿਨ੍ਹਾਂ ਪਿੰਡਾਂ 'ਚ ਪਾਣੀ ਦੀ ਸਪਲਾਈ ਅਜੇ ਸ਼ੁਰੂ ਨਹੀਂ ਹੋ ਸਕੀ ਉਥੇ ਸੜਕੀ ਰਸਤੇ ਪਾਣੀ ਪਹੁੰਚਾਉਣ ਲਈ 15 ਟੈਂਕਰ ਲਾਏ ਗਏ ਹਨ। ਉਥੇ ਸੂਬਾ ਪੱਧਰੀ ਵਾਟਰ ਟੈਸਟਿੰਗ ਲੈਬਾਰਟਰੀ (ਵਿਸ਼ੇਸ਼ ਗੱਡੀ) ਵੱਲੋਂ ਪ੍ਰਭਾਵਿਤ ਪਿੰਡਾਂ ਵਿਚ ਪਾਣੀ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਨੂੰ ਪਾਣੀ ਉਬਾਲ ਕੇ ਪੀਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ, ਉਥੇ ਪੱਕੇ ਤੌਰ 'ਤੇ ਤਾਇਨਾਤ ਕੀਤੀਆਂ ਗਈਆਂ ਮੈਡੀਕਲ ਟੀਮਾਂ ਵੱਲੋਂ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ। ਇਸ ਦੇ ਨਾਲ-ਨਾਲ ਘਰ-ਘਰ ਜਾ ਕੇ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਸਾਰੇ ਪਿੰਡਾਂ 'ਚ ਬਿਜਲੀ ਸਪਲਾਈ ਵੀ ਬਹਾਲ ਕੀਤੀ ਜਾ ਚੁੱਕੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪ੍ਰਭਾਵਿਤ ਇਲਾਕਿਆਂ ਵਿਚ ਚੱਲ ਰਹੇ ਰਾਹਤ ਕੰਮਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਪ੍ਰਭਾਵਿਤ ਇਲਾਕਿਆਂ ਵਿਚ ਫੌਗਿੰਗ ਕਰਵਾਉਣ ਦਾ ਕੰਮ ਲਗਾਤਾਰ ਜਾਰੀ ਹੈ।


11 ਅਧਿਕਾਰੀ ਕੀਤੇ ਨਿਯੁਕਤ
ਪ੍ਰਸ਼ਾਸਨ ਵੱਲੋਂ ਲੋਹੀਆਂ ਖਾਸ ਇਲਾਕੇ 'ਚ 11 ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ, ਜੋ ਨੁਕਸਾਨ ਦਾ ਜਾਇਜ਼ਾ ਲੈਣਗੇ। ਇਨ੍ਹਾਂ 'ਚ ਕਾਨੂੰਨਗੋ ਦੇਸ ਰਾਜ, ਗੁਰਦੇਵ ਸਿੰਘ, ਪਟਵਾਰੀ ਜਸਵੀਰ ਸਿੰਘ, ਮਨਮੋਹਨ ਸਿੰਘ, ਬਲਜੀਤ ਸਿੰਘ, ਸੱਤਯਵੀਰ ਸਿੰਘ, ਵਰਿੰਦਰ ਕੁਮਾਰ, ਅਵਨਿੰਦਰ ਸਿੰਘ, ਰਾਜ ਕੁਮਾਰ, ਰਵਿੰਦਰ ਠਾਕੁਰ, ਰਾਜ ਕੁਮਾਰ ਸ਼ਾਮਲ ਹਨ। ਇਹ ਅਧਿਕਾਰੀ ਐੱਸ. ਡੀ. ਐੱਮ. ਚਾਰੂਮਿਤਾ ਨੂੰ ਰਿਪੋਰਟ ਕਰਨਗੇ।

ਵੱਡੇ ਪੱਧਰ 'ਤੇ ਚੱਲ ਰਿਹਾ ਪਸ਼ੂਆਂ ਦਾ ਇਲਾਜ
ਬੀਮਾਰੀਆਂ ਫੈਲਣ ਤੋਂ ਰੋਕਣ ਲਈ ਪਸ਼ੂਆਂ ਦਾ ਵੱਡੇ ਪੱਧਰ 'ਤੇ ਇਲਾਜ ਕੀਤਾ ਜਾ ਰਿਹਾ ਹੈ। ਇਸ ਸਿਲਸਿਲੇ 'ਚ ਮਾਰਕਫੈੱਡ ਵੱਲੋਂ ਦਿੱਤੀ ਗਈ 767 ਕੁਇੰਟਲ ਪਸ਼ੂ ਖੁਰਾਕ ਨੂੰ 12154 ਪਸ਼ੂਆਂ ਲਈ ਵੰਡਿਆ ਜਾ ਚੁੱਕਾ ਹੈ। 300 ਕੁਇੰਟਲ ਚਾਰਾ ਵੀ ਪਸ਼ੂਆਂ ਲਈ ਮੁਹੱਈਆ ਕਰਵਾਇਆ ਗਿਆ ਹੈ। ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਪ੍ਰਭਾਵਿਤ ਇਲਾਕਿਆਂ ਵਿਚ ਪਸ਼ੂਆਂ ਦਾ ਇਲਾਜ ਕਰ ਰਹੀਆਂ ਹਨ।

shivani attri

This news is Content Editor shivani attri